ਪਟਿਆਲਾ (ਬਲਜਿੰਦਰ, ਪਰਮੀਤ, ਰਾਣਾ) - ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਅਤੇ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਵਿਰੋਧੀਆਂ ਦੇ ਸਿਰ ਵੱਢ ਕੇ ਲਿਆਉਣ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਇਸ ਦੇ ਵਿਰੋਧ ਵਿਚ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਧਰਨੇ 'ਤੇ ਬੈਠਣ ਦੇ ਐਲਾਨ ਦਾ ਸਮੁੱਚੀ ਜ਼ਿਲਾ ਜਥੇਬੰਦੀ ਨੇ ਸਮਰਥਨ ਕੀਤਾ ਹੈ ਅਤੇ ਉਨ੍ਹਾਂ ਨਾਲ ਧਰਨੇ 'ਤੇ ਬੈਠਣ ਦਾ ਐਲਾਨ ਕਰ ਦਿੱਤਾ। ਇਹ ਫੈਸਲਾ ਅੱਜ ਦੇਵੀਗੜ੍ਹ ਰੋਡ 'ਤੇ ਸਥਿਤ ਇਕ ਪੈਲੇਸ ਵਿਚ ਹੋਈ ਮੀਟਿੰਗ ਵਿਚ ਕੀਤਾ ਗਿਆ।
ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਤੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਵੀ ਪਹੁੰਚੇ ਸਨ। ਧਰਨਾ ਨਿਊ ਮੋਤੀ ਮਹਿਲ ਦੇ ਬਾਹਰ 15 ਜਨਵਰੀ ਨੂੰ ਸਵੇਰੇ 11 ਤੋਂ 3 ਵਜੇ ਤੱਕ ਦਿੱਤਾ ਜਾਵੇਗਾ। ਅਕਾਲੀ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਸਰਕਾਰ ਨੇ ਐਕਸ਼ਨ ਨਾ ਲਿਆ ਤਾਂ ਗੱਲ ਨੂੰ ਜਨਤਾ ਦੀ ਕਚਹਿਰੀ ਅਤੇ ਫਿਰ ਅਦਾਲਤ ਵਿਚ ਲਿਜਾਇਆ ਜਾਵੇਗਾ।
ਧਰਨੇ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹਰਿੰਦਰਪਾਲ ਸਿੰਘ ਹੈਰੀਮਾਨ ਹਲਕਾ ਸਨੌਰ ਵਿਚ ਅਬਦਾਲੀ ਬਣ ਕੇ ਲੁੱਟਣ ਦੇ ਇਰਾਦੇ ਨਾਲ ਆਇਆ ਹੈ। ਉਸ ਨੂੰ ਨਾ ਤਾਂ ਇੱਥੇ ਲੁੱਟਮਾਰ ਕਰਨ ਦਿੱਤੀ ਜਾਵੇਗੀ ਅਤੇ ਨਾ ਹੀ ਅਮਨ-ਭਾਈਚਾਰੇ ਅਤੇ ਆਪਸੀ ਸਾਂਝੀਵਾਲਤਾ ਨੂੰ ਲਾਂਬੂ ਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਿਚ ਮਲਾਈ ਖਾ ਕੇ ਖਾਨਾਬਦੋਸ਼ਾਂ ਵਾਂਗ ਸਨੌਰ ਆਏ ਇਸ ਆਪਹੁਦਰੇ ਆਗੂ ਨੂੰ ਪਹਿਲਾਂ ਸਮਾਣਾ ਦੇ ਲੋਕਾਂ ਨੇ ਭਜਾਇਆ, ਹੁਣ ਸਨੌਰ ਦੇ ਲੋਕਾਂ ਨੇ ਭਜਾਉਣ ਲਈ ਮੁਹਿੰਮ ਵਿੱਢ ਲਈ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਜ਼ਿਲਾ ਜਥੇਬੰਦੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨਾਲ ਚੱਟਾਨ ਵਾਂਗ ਖੜ੍ਹੇਗੀ।
ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੇਰਾ ਸਨੌਰ ਹਲਕਾ ਮੇਰਾ ਪਰਿਵਾਰ ਹੈ। ਚੰਦ ਦਿਨ ਪਹਿਲਾਂ ਆਇਆ ਕੋਈ ਵਿਅਕਤੀ ਜੇਕਰ ਇੱਥੋਂ ਦੇ ਲੋਕਾਂ ਦੇ ਸਦੀਆਂ ਪੁਰਾਣੇ ਆਪਸੀ ਭਾਈਚਾਰੇ ਨੂੰ ਤੋੜ ਕੇ ਲੋਕਾਂ ਵਿਚ ਫੁੱਟ ਪਾਉਣ ਦਾ ਯਤਨ ਕਰੇਗਾ ਤਾਂ ਪਹਿਲਾਂ ਮੇਰੀ ਗਰਦਨ ਦੇ ਉੱਪਰੋਂ ਲੰਘ ਕੇ ਜਾਣਾ ਪਵੇਗਾ।
ਇਸ ਮੌਕੇ ਜਥੇ. ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਮੈਂਬਰ ਸ਼੍ਰੋਮਣੀ ਕਮੇਟੀ ਸੁਰਜੀਤ ਸਿੰਘ ਗੜ੍ਹੀ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਜਰਨੈਲ ਸਿੰਘ ਕਰਤਾਰਪੁਰ, ਜਗਜੀਤ ਸਿੰਘ ਕੋਹਲੀ, ਨਰਦੇਵ ਸਿੰਘ ਆਕੜੀ, ਮੂਸਾ ਖਾਨ, ਜਥੇ. ਜੈ ਸਿੰਘ ਡਕਾਲਾ, ਭਾਜਪਾ ਜ਼ਿਲਾ ਪ੍ਰਧਾਨ ਰਮੇਸ਼ਵਰ ਸ਼ਰਮਾ, ਚੇਅਰਮੈਨ ਭੁਪਿੰਦਰ ਡਕਾਲਾ, ਸੰਦੀਪ ਸਿੰਘ ਰਾਜਾ ਤੁੜ, ਸੁਖਬੀਰ ਸਨੌਰ, ਹਰਕੇਸ਼ ਮਿੱਤਲ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਲਵਿੰਦਰ ਕੌਰ ਚੀਮਾ, ਸਰਕਲ ਬਲਬੇੜਾ ਦੇ ਪ੍ਰਧਾਨ ਨਿਰੰਜਨ ਸਿੰਘ ਫੌਜੀ, ਸੁਖਬੀਰ ਸਿੰਘ ਅਬਲੋਵਾਲ, ਸੁਖਵਿੰਦਰਪਾਲ ਸਿੰਘ ਮਿੰਟਾ, ਬੀਬੀ ਮਹਿੰਦਰ ਕੌਰ, ਗੁਰਭੈ ਸਿੰਘ ਮਾਨ, ਸਤਪਾਲ ਸਿੰਘ ਪੂਨੀਆ ਪੰਜੌਲਾ, ਇੰਦਰ ਕੁਮਾਰ ਛਿੰਦੀ, ਡਾ. ਯਸ਼ਪਾਲ ਖੰਨਾ, ਬੂਟਾ ਸਿੰਘ ਸ਼ਾਦੀਪੁਰ, ਹਰਜੀਤ ਸਿੰਘ ਅਦਾਲਤੀਵਾਲਾ, ਅਵਤਾਰ ਸਿੰਘ ਘਲੌੜੀ, ਕ੍ਰਿਸ਼ਨ ਸਿੰਘ ਸਨੌਰ, ਤਰਸੇਮ ਸਿੰਘ ਕੋਟਲਾ, ਨਿਰਵੈਨ ਸਿੰਘ ਅਰਨੌਲੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਲੋਹੜੀ 'ਤੇ ਖੂਬ ਦਿਖਿਆ ਚਾਈਨਾ ਡੋਰ ਦਾ ਰੰਗ, ਰਾਹਗੀਰ ਹੋਏ ਤੰਗ
NEXT STORY