ਸਾਦਿਕ (ਪਰਮਜੀਤ) - ਕਿਸਾਨਾਂ ਨੂੰ ਜਾਣਕਾਰੀ ਦਿੱਤੇ ਬਿਨਾਂ ਨਹਿਰੀ ਵਿਭਾਗ ਵੱਲੋਂ ਪਿੰਡ ਸ਼ੇਰ ਸਿੰਘ ਵਾਲਾ ਕੋਲ ਦੀ ਲੰਘਦੀ ਡੋਹਕ ਮਾਈਨਰ ਵਿਚ ਲੱਗੇ 7 ਮੋਘੇ ਬਿਨਾਂ ਕਾਰਨ ਦੱਸਿਆ ਪੁੱਟੇ ਜਾਣ 'ਤੇ ਇਲਾਕੇ ਦੇ ਕਿਸਾਨਾਂ ਵਿਚ ਰੋਸ ਫੈਲ ਗਿਆ ਤੇ ਉਨ੍ਹਾਂ ਨੇ ਟੇਲਾਂ 'ਤੇ ਪੁੱਜ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਪ੍ਰਧਾਨ ਜਗਸੀਰ ਸਿੰਘ, ਸਾਬਕਾ ਸਰਪੰਚ ਗੁਰਜਿੰਦਰ ਸਿੰਘ ਸ਼ੇਰ ਸਿੰਘ ਵਾਲਾ, ਗੁਰਜੀਤ ਸਿੰਘ ਸਾਬਕਾ ਪੰਚ ਸੁੱਖਣਵਾਲਾ ਤੇ ਮੇਜਰ ਸਿੰਘ ਚੇਤ ਸਿੰਘ ਵਾਲਾ ਨੇ ਦੱਸਿਆ ਕਿ ਇਹ ਮਾਈਨਰ ਪਿੰਡ ਸ਼ੇਰ ਸਿੰਘ ਵਾਲਾ, ਢਾਬ, ਸੁੱਖਣਵਾਲਾ ਤੇ ਚੇਤ ਸਿੰਘ ਵਾਲਾ ਦੇ ਰਕਬੇ ਨੂੰ ਪਾਣੀ ਦਿੰਦੀ ਹੈ। ਧਰਤੀ ਹੇਠਲਾਂ ਪਾਣੀ ਮਾੜਾ ਹੋਣ ਕਾਰਨ ਉਕਤ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਹੱਥੀਂ ਮਿਹਨਤ ਕਰ ਕੇ ਇਸ ਨੂੰ ਤਿਆਰ ਕਰਵਾਇਆ ਤੇ ਚਾਰ ਪਿੰਡਾਂ ਦੀ ਜ਼ਮੀਨ ਵੀ ਕੱਸੀ ਕੱਢਣ ਲਈ ਸਸਤੇ ਭਾਅ 'ਤੇ ਦਿੱਤੀ ਸੀ ਪਰ ਜਿਥੇ ਟੇਲਾਂ ਖਤਮ ਹੁੰਦੀਆਂ ਹਨ, ਉਥੇ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਮੋਘੇ ਲਾ ਰੱਖੇ ਹਨ, ਜਦੋਂਕਿ ਇਸ ਮਾਈਨਰ ਦਾ ਪੂਰਾ ਪਾਣੀ ਟੇਲਾਂ ਤੱਕ ਪੁੱਜਦਾ ਹੈ, ਫਿਰ ਬਿਨਾਂ ਕਾਰਨ ਵਿਭਾਗ ਨੇ ਮੋਘੇ ਪੁੱਟ ਕੇ ਕਿਸਾਨਾਂ ਨਾਲ ਵਧੀਕੀ ਕੀਤੀ ਹੈ, ਜਦੋਂਕਿ ਹਫ਼ਤੇ ਬਾਅਦ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਪੁੱਟੇ ਮੋਘਿਆਂ ਨੂੰ ਲੈ ਕੇ ਕਿਸਾਨਾਂ ਵਿਚ ਇਸ ਕਰਕੇ ਵੀ ਰੋਸ ਤੇ ਗੁੱਸਾ ਹੈ ਕਿ ਇਹ ਸਭ ਕੁਝ ਦੂਜੇ ਪਿੰਡ ਵਾਲੇ ਸਿਆਸੀ ਕਾਂਗਰਸੀ ਆਗੂਆਂ ਦੇ ਸ਼ਹਿ 'ਤੇ ਕਰ ਰਹੇ ਹਨ।
ਕਿਸਾਨਾਂ ਨੇ ਕਿਹਾ ਕਿ ਜਿਥੇ ਮਾਈਨਰ ਖਤਮ ਹੁੰਦੀ ਹੈ, ਡੋਹਕ ਦੇ ਕਿਸਾਨਾਂ ਨੂੰ ਬਣਦੇ ਰਕਬੇ ਮੁਤਾਬਿਕ ਹੀ ਪਾਣੀ ਦਿੱਤਾ ਜਾਵੇ। ਉਨ੍ਹਾਂ ਨੇ ਮੰਗ ਕੀਤੀ ਕਿ ਟੇਲਾਂ 'ਤੇ ਮਸ਼ੀਨ ਲਾਈ ਜਾਵੇ, ਠੋਕਰ ਲਾਈ ਜਾਵੇ ਤੇ ਟੇਲਾਂ 'ਤੇ ਲੱਗੇ ਨਾਜਾਇਜ਼ ਮੋਘੇ ਬੰਦ ਕੀਤੇ ਜਾਣ। ਜਦ ਤੱਕ ਇਹ ਕੰਮ ਨਹੀਂ ਹੁੰਦੇ, ਪੁੱਟੇ ਗਏ ਮੋਘੇ ਉਦੋਂ ਤੱਕ ਲੱਗਣ ਨਹੀਂ ਦਿੱਤੇ ਜਾਣਗੇ। ਇਸ ਮੌਕੇ ਬੁੱਕਣ ਸਿੰਘ, ਗੁਰਜਿੰਦਰ ਸਿੰਘ, ਸ਼ਿੰਦਰ ਸਿੰਘ, ਬਲਬੀਰ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਸੇਵਕ ਸਿੰਘ, ਮੇਜਰ ਸਿੰਘ, ਸੁਖਦੇਵ ਸਿੰਘ, ਹਰਪਾਲ ਸਿੰਘ ਅਤੇ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਇਸ ਮਾਮਲੇ ਸਬੰਧੀ ਐੱਸ. ਡੀ. ਓ. ਹਰਬੰਸ ਸਿੰਘ ਬਰਾੜ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।
20 ਪੇਟੀਆਂ ਸ਼ਰਾਬ ਸਮੇਤ 1 ਕਾਬੂ
NEXT STORY