ਬਾਬਾ ਬਕਾਲਾ ਸਾਹਿਬ/ਬਿਆਸ, (ਅਠੌਲਾ/ਵਿੱਕੀ)- ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਸੇਰੋਂ ਤੋਂ ਜੋਧੇ ਸੰਪਰਕ ਸੜਕ 'ਤੇ ਬੀਤੀ ਸ਼ਾਮ 5 ਵਜੇ ਦੇ ਕਰੀਬ ਦਰਿਆ ਕਿਨਾਰਿਓਂ ਰੇਤਾ ਲਿਆ ਰਹੇ ਇਕ ਟਿੱਪਰ ਹੇਠਾਂ ਆਉਣ ਨਾਲ ਇਕ ਮੋਟਰਸਾਈਕਲ ਸਵਾਰ ਬੱਚੇ ਗੁਰਵਿੰਦਰ ਸਿੰਘ (12) ਪੁੱਤਰ ਸੁਖਵਿੰਦਰ ਸਿੰਘ ਵਾਸੀ ਭੈਣੀ ਰਾਮ ਦਿਆਲ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਬੁਤਾਲਾ ਦਾ ਵਿਦਿਆਰਥੀ ਸੀ, ਜਿਸ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਰਾਤ ਭਰ ਪਿੰਡ ਨਿਵਾਸੀ ਤੇ ਆਸ-ਪਾਸ ਪਿੰਡਾਂ ਤੋਂ ਵੱਡੀ ਪੱਧਰ 'ਤੇ ਲੋਕਾਂ ਨੇ ਜ਼ਬਰਦਸਤ ਰੋਸ ਵਿਖਾਵਾ ਕੀਤਾ, ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਇਸ ਸੜਕ ਰਾਹੀਂ ਰੇਤਾ ਲਿਆਉਣ ਵਾਲੇ 20-22 ਹੋਰ ਟਿੱਪਰਾਂ ਦੇ ਟਾਇਰਾਂ ਦੀ ਫੂਕ ਕੱਢ ਕੇ ਰਸਤਾ ਜਾਮ ਕਰ ਦਿੱਤਾ ਤੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੌਕੇ 'ਤੇ ਪੁੱਜੇ ਸਾਬਕਾ ਵਿਧਾਇਕ ਮਲਕੀਅਤ ਸਿੰਘ ਏ. ਆਰ. ਨੇ ਪਰਿਵਾਰ ਤੇ ਪਿੰਡ ਵਾਸੀਆਂ ਨਾਲ ਦੁੱਖ ਪ੍ਰਗਟਾਇਆ। ਉਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਗੁੰਡਾ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ 30 ਜੂਨ ਤੋਂ ਬਾਅਦ ਰੇਤਾ ਦੀ ਮਾਈਨਿੰਗ ਬੰਦ ਹੈ ਪਰ ਦਰਿਆ ਬਿਆਸ ਕਿਨਾਰੇ ਅੱਜ ਵੀ ਸ਼ਰੇਆਮ ਰੇਤਾ ਦੀ ਮਾਈਨਿੰਗ ਹੋ ਰਹੀ ਹੈ। ਦਰਿਆ ਵਿਚ ਅਜੇ ਵੀ 2 ਵਰਮੇ ਚਾਲੂ ਹਨ ਤੇ ਜੇ. ਸੀ. ਬੀ. ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮ੍ਰਿਤਕ ਦੇ ਪਰਿਵਾਰ ਤੇ ਪਿੰਡ ਵਾਸੀਆਂ ਨਾਲ ਖੜ੍ਹਾ ਹੈ ਅਤੇ ਇਨਸਾਫ ਲੈਣ ਤੱਕ ਇਹ ਜੰਗ ਜਾਰੀ ਰੱਖਾਂਗੇ। ਸਰਕਲ ਪ੍ਰਧਾਨ ਰਣਜੀਤ ਸਿੰਘ ਸੇਰੋਂ ਨੇ ਦੋਸ਼ ਲਾਇਆ ਕਿ ਬੀਤੀ ਰਾਤ ਤੋਂ ਹੀ ਜਬਰੀ ਬੱਚੇ ਦੀ ਲਾਸ਼ ਚੁਕਵਾਉਣ ਤੇ ਉਸ ਦੇ ਸਸਕਾਰ ਕਰਨ ਲਈ ਜ਼ੋਰ ਲੱਗਦਾ ਰਿਹਾ ਪਰ ਪੁਲਸ ਨੇ ਅਜੇ ਤੱਕ ਕੇਸ ਤੱਕ ਦਰਜ ਨਹੀਂ ਸੀ ਕੀਤਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਅਸਲ ਦੋਸ਼ੀਆਂ ਖਿਲਾਫ ਪਰਚਾ ਦਰਜ ਨਹੀਂ ਹੁੰਦਾ, ਉਹ ਚੁੱਪ ਨਹੀਂ ਬੈਠਣਗੇ। ਇਸ ਦੌਰਾਨ ਹੀ ਥਾਣਾ ਮੁਖੀ ਬਿਆਸ ਕਮਲਜੀਤ ਸਿੰਘ ਨੇ ਪੁੱਜ ਕੇ ਦੱਸਿਆ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਪਿੰਡ ਵਾਸੀਆਂ ਦੀ ਇਸ ਕੇਸ 'ਤੇ ਪੂਰੀ ਤਸੱਲੀ ਨਹੀਂ ਹੋਈ, ਜਿਸ ਕਾਰਨ ਪਿੰਡ ਵਾਸੀਆਂ ਨੇ ਬੱਚੇ ਦੀ ਲਾਸ਼ ਜੀ. ਟੀ. ਰੋਡ ਬਿਆਸ 'ਤੇ ਲਿਜਾ ਕੇ ਚੱਕਾ ਜਾਮ ਕਰ ਦਿੱਤਾ। ਮੁਜ਼ਾਹਰਾਕਾਰੀਆਂ ਦੀ ਮੰਗ ਸੀ ਕਿ ਜਿੰਨਾ ਚਿਰ ਮੁੱਖ ਦੋਸ਼ੀਆਂ 'ਤੇ ਪਰਚਾ ਦਰਜ ਨਹੀਂ ਹੁੰਦਾ ਓਨਾ ਚਿਰ ਅਸੀਂ ਬੱਚੇ ਦਾ ਸਸਕਾਰ ਨਹੀਂ ਕਰਾਂਗੇ। ਖਬਰ ਲਿਖੇ ਜਾਣ ਤੱਕ ਰੋਸ ਵਿਖਾਵਾ ਜਾਰੀ ਸੀ। ਇਸ ਮੌਕੇ ਰਣਜੀਤ ਸਿੰਘ ਸੇਰੋਂ, ਹਰਜਿੰਦਰ ਸਿੰਘ ਨੰਗਲੀ (ਦੋਵੇਂ ਸਰਕਲ ਪ੍ਰਧਾਨ), ਸੁਖਦੇਵ ਸਿੰਘ ਬਿੱਟੂ ਝਲਾੜੀ ਮੈਂਬਰ ਬਲਾਕ ਸੰਮਤੀ, ਮੁਖਤਾਰ ਸਿੰਘ ਜੋਧੇ ਸਾਬਕਾ ਸਰਪੰਚ, ਹਰਜੀਤ ਸਿੰਘ ਬੋਲੇਵਾਲ, ਸੁਖਵਿੰਦਰ ਸਿੰਘ ਸੇਰੋਂ, ਪਰਮਜੀਤ ਸਿੰਘ ਬਿਸ਼ੰਬਰਪੁਰਾ, ਜੱਸ ਵਰਪਾਲ, ਬਲਦੇਵ ਸਿੰਘ ਜੋਧੇ, ਠੇਕੇਦਾਰ ਤਰਸੇਮ ਸਿੰਘ ਜੋਧੇ, ਸਰਪੰਚ ਸੰਤੋਖ ਸਿੰਘ ਬੁਤਾਲਾ, ਜੋਗਿੰਦਰ ਸਿੰਘ ਮੱਲ੍ਹੀ, ਨਿਰਭੈ ਸਿੰਘ ਭੈਣੀ, ਦਲਜੀਤ ਸਿੰਘ ਭੈਣੀ (ਸਾਰੇ ਸਾਬਕਾ ਸਰਪੰਚ), ਨੰਬਰਦਾਰ ਜੋਗਿੰਦਰ ਸਿੰਘ ਜੋਧੇ, ਤਰਸੇਮ ਸਿੰਘ ਬੰਬ ਮਿਆਣੀ ਤੇ ਹੋਰ ਹਾਜ਼ਰ ਸਨ।
ਗੈਂਗਸਟਰ ਭਗੌੜਾ ਗ੍ਰਿਫ਼ਤਾਰ
NEXT STORY