ਜਲੰਧਰ (ਰਮਨਦੀਪ ਸਿੰਘ ਸੋਢੀ) - ਇੰਗਲੈਂਡ ਦੇ ਈਲਿੰਗ ਸਾਊਥਾਲ ਤੋਂ ਲਗਾਤਾਰ ਚੌਥੀ ਵਾਰ ਸੰਸਦ ਮੈਂਬਰ ਬਣੇ ਪੰਜਾਬੀ ਮੂਲ ਦੇ ਨੇਤਾ ਵਰਿੰਦਰ ਕੁਮਾਰ ਸ਼ਰਮਾ 7 ਅਗਸਤ ਨੂੰ ਭਾਰਤ ਦੌਰੇ 'ਤੇ ਆਏ ਹਨ। ਬੀਤੇ ਦਿਨ ਜਗ ਬਾਣੀ ਸਟੂਡੀਓ ਪਹੁੰਚੇ ਸ਼ਰਮਾ ਨੇ ਦੱਸਿਆ ਕਿ ਬੇਸ਼ੱਕ ਇਹ 10 ਦਿਨਾ ਦੌਰਾ ਉਨ੍ਹਾਂ ਨੇ ਪਰਿਵਾਰਕ ਕੰਮ-ਕਾਜ ਲਈ ਰੱਖਿਆ ਹੈ ਪਰ ਨਾਲ ਹੀ ਉਹ ਕੋਸ਼ਿਸ਼ ਕਰਨਗੇ ਕਿ ਭਾਰਤ ਤੇ ਇੰਗਲੈਂਡ 'ਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਸਿਹਤ ਮੰਤਰੀ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਕੀਤੀ ਜਾ ਸਕੇ। ਅੱਜ ਉਹ ਆਪਣੇ ਪੁਰਾਣੇ ਸਕੂਲ ਦੁਸਾਂਝ ਕਲਾਂ ਜਾਣਗੇ, ਜਿੱਥੇ ਉਹ ਆਪਣੇ ਪੁਰਾਣੇ ਸੰਗੀ ਸਾਥੀਆਂ ਤੇ ਕੁਝ ਅਧਿਆਪਕਾਂ ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਕੁਝ ਸਮਾਜਸੇਵੀ ਸੰਸਥਾਵਾਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ, ਜਿਨ੍ਹਾਂ ਨਾਲ ਉਹ ਸਮਾਜਿਕ ਸੁਧਾਰ ਦੇ ਲਈ ਸੰਵਾਦ ਕਰਨਗੇ।
ਇੰਗਲੈਂਡ ਵੱਲ ਭਾਰਤੀ ਵਿਦਿਆਰਥੀਆਂ ਦੇ ਵੱਧ ਰਹੇ ਰੁਝਾਨ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਅੱਜ ਦੇ ਵਿਦਿਆਰਥੀ ਦੀ ਸੋਚ ਗਲੋਬਲ ਹੋਣੀ ਬੇਹੱਦ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਭਾਰਤੀ ਵਿਦਿਆਰਥੀ ਵਿਦੇਸ਼ੀ ਮੁਲਕਾਂ ਵੱਲ ਪੱਕੇ ਤੌਰ 'ਤੇ ਰੁਖ ਕਰਨ ਦੀ ਬਜਾਏ ਉਥੋਂ ਉਚੇਰੀ ਸਿੱਖਿਆ ਹਾਸਲ ਕਰਕੇ ਆਪਣੇ ਮੁਲਕ ਨੂੰ ਵੀ ਅੱਗੇ ਲੈ ਕੇ ਜਾਣ। ਵਿਦਿਆਰਥੀਆਂ ਨੂੰ ਇੰਗਲੈਂਡ ਜਾਣ ਲਈ ਇੰਮੀਗ੍ਰੇਸ਼ਨ 'ਚ ਆ ਰਹੀਆਂ ਸਮੱਸਿਆਵਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਇਸ ਬਾਰੇ ਸਰਕਾਰ ਨਾਲ ਸੰਵਾਦ ਕਰ ਚੁੱਕੇ ਹਨ ਤੇ ਅਪੀਲ ਕਰਦੇ ਹਨ ਕਿ ਭਾਰਤੀ ਵਿਦਿਆਰਥੀਆਂ ਲਈ ਕੋਈ ਵਿਸ਼ੇਸ਼ ਨੀਤੀ ਤਿਆਰ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਾਲੀ ਸੂਚੀ ਤੇ ਸ਼ਰਨਾਰਥੀਆਂ ਦੇ ਹੱਲ ਲਈ ਵੀ ਮੌਜੂਦਾ ਸਰਕਾਰ 'ਤੇ ਦਬਾਅ ਬਣਾਉਣ ਦੀ ਗੱਲ ਕਹੀ। ਇੰਗਲੈਂਡ 'ਚ ਪੰਜਾਬੀ ਭਾਸ਼ਾ ਦੇ ਪਸਾਰ ਲਈ ਸ਼ਰਮਾ ਦਾ ਕਹਿਣਾ ਕਿ ਉਹ ਆਪਣੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਮੇਤ ਸਮੇਂ-ਸਮੇਂ 'ਤੇ ਇਸ ਮਸਲੇ ਨੂੰ ਉਠਾਉਂਦੇ ਰਹਿੰਦੇ ਹਨ ਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਬੀ. ਬੀ. ਸੀ. ਨਿਊਜ਼ 'ਤੇ ਵੀ ਪੰਜਾਬੀ ਭਾਸ਼ਾ ਦੇ ਬਾਰੇ ਜਾਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਕੋਈ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾਵੇ। ਵਿਦੇਸ਼ੀ ਮੁਲਕਾਂ ਦੀਆਂ ਸਰਕਾਰਾਂ 'ਚ ਪੰਜਾਬੀਆਂ ਦੀ ਵੱਧ ਰਹੀ ਹਿੱਸੇਦਾਰੀ 'ਤੇ ਉਨ੍ਹਾਂ ਮਾਣ ਕਰਦਿਆਂ ਦੱਸਿਆ ਕਿ ਇਕ ਉਹ ਸਮਾਂ ਸੀ, ਜਦੋਂ ਇੰਗਲੈਂਡ ਦੇ ਕਈ ਕਲੱਬਾਂ ਤੇ ਰੈਸਟੋਰੈਂਟਾਂ ਦੇ ਬਾਹਰ ਲਿਖਿਆ ਹੁੰਦਾ ਸੀ ਕਿ ਇੰਡੀਅਨਜ਼ ਐਂਡ ਡਾਗਜ਼ ਆਰ ਨਾਟ ਅਲਾਊਡ ਪਰ ਅੱਜ ਉਹੀ ਪੰਜਾਬੀ ਬਰਤਾਨੀਆ ਦੀ ਸਿਆਸਤ 'ਚ ਹਿੱਸੇਦਾਰੀ ਪਾ ਰਹੇ ਹਨ।
ਸ਼ਰਮਾ ਮੁਤਾਬਕ ਇਹ ਮੁਕਾਮ ਸਾਨੂੰ ਉਥੇ ਗਏ ਆਪਣੇ ਬਜ਼ੁਰਗਾਂ ਵੱਲੋਂ ਕੀਤੀ ਮਿਹਨਤ ਤੇ ਹੱਕਾਂ ਲਈ ਲੜੀ ਲੜਾਈ ਸਦਕਾ ਮਿਲਿਆ ਹੈ।
ਪੰਜਾਬ ਦੀਆਂ ਦਰਪੇਸ਼ ਸਮੱਸਿਆਵਾਂ 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵੈਸੇ ਤਾਂ ਬ੍ਰਿਟਿਸ਼ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਪਰ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਮੈਨੂੰ ਦੁੱਖ ਹੈ ਕਿ ਅੱਜ ਭਰੂਣ ਹੱਤਿਆ, ਜਾਤੀਵਾਦ ਤੇ ਦਹੇਜ ਵਰਗੀਆਂ ਲਾਹਨਤਾਂ ਸਾਡੇ 'ਤੇ ਭਾਰੂ ਪੈ ਰਹੀਆਂ ਹਨ। ਅਸੀਂ ਤਰੱਕੀ ਦੇ ਪੱਖੋਂ ਤਾਂ ਬੇਸ਼ੱਕ ਬਹੁਤ ਅੱਗੇ ਚਲੇ ਗਏ ਹਾਂ ਪਰ ਕੁਰੀਤੀਆਂ ਦਾ ਥੈਲਾ ਅਜੇ ਵੀ ਨਾਲ ਹੀ ਚੁੱਕੀ ਫਿਰਦੇ ਹਾਂ। ਅੱਜ ਲੋੜ ਹੈ ਕਿ ਸਮਾਂ ਬਦਲਣ ਦੇ ਨਾਲ ਸਾਨੂੰ ਆਪਣੀ ਸੋਚ ਵੀ ਬਦਲ ਲੈਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਪੰਜਾਬ 'ਚ ਸਿੱਖਿਅਕ ਢਾਂਚੇ 'ਤੇ ਖਾਸ ਫੋਕਸ ਹੋਣਾ ਚਾਹੀਦਾ ਹੈ ਤਾਂ ਜੋ ਸ਼ੁਰੂਆਤੀ ਪੜ੍ਹਾਈ ਦੌਰਾਨ ਬੱਚਿਆਂ ਨੂੰ ਨੈਤਿਕਤਾ ਤੇ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਬਾਰੇ ਜਾਣੂ ਕਰਵਾਇਆ ਜਾ ਸਕੇ। ਸ਼ਰਮਾ ਨੇ ਕਿਹਾ ਕਿ ਇਸ ਬਾਰੇ ਉਹ ਪੰਜਾਬ ਦੇ ਲੀਡਰਾਂ ਦੇ ਨਾਲ ਵੀ ਸੰਵਾਦ ਕਰਨਗੇ ਤੇ ਕੋਸ਼ਿਸ਼ ਰਹੇਗੀ ਕਿ ਬੁੱਧਜੀਵੀਆਂ ਨਾਲ ਵੀ ਇਸ ਵਿਸ਼ੇ 'ਤੇ ਖੁੱਲ੍ਹੀ ਗੱਲਬਾਤ ਕੀਤੀ ਜਾ ਸਕੇ।
ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡ ਦੇ ਪੰਜਾਬ ਪ੍ਰਧਾਨ ਅਨਵਰ ਨੇ ਦਿੱਤਾ ਅਸਤੀਫਾ
NEXT STORY