ਮੋਹਾਲੀ (ਨਿਆਮੀਆਂ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬੈਨਰ ਹੇਠ ਆਪਣੀਆਂ ਮੰਗਾਂ ਸਬੰਧੀ ਮੋਹਾਲੀ ਵਿਖੇ ਧਰਨੇ 'ਤੇ ਬੈਠੇ ਕਿਸਾਨ ਧਰਨਾ ਨਾ ਚੁੱਕਣ ਲਈ ਅੜ ਗਏ ਹਨ। ਵਾਈ. ਪੀ. ਐੱਸ. ਚੌਕ ਦੇ ਨੇੜੇ ਹੀ ਸੜਕ 'ਤੇ ਟਰੈਕਟਰ-ਟਰਾਲੀਆਂ ਖੜ੍ਹੀਆਂ ਕਰ ਕੇ ਕਿਸਾਨਾਂ ਨੇ ਸਰਕਾਰ ਵਿਰੁੱਧ ਲੰਬੀ ਲੜਾਈ ਲੜਨ ਦਾ ਮਨ ਬਣਾਇਆ ਹੋਇਆ ਹੈ। ਕਿਸਾਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਵਾਉਣ ਲਈ ਸਰਕਾਰ ਵਲੋਂ ਕੈਲੰਡਰ ਜਾਰੀ ਕਰਨ ਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਤਕ ਕਿਸਾਨ ਕਿਸੇ ਵੀ ਤਰ੍ਹਾਂ ਧਰਨਾ ਚੁੱਕਣ ਲਈ ਤਿਆਰ ਨਹੀਂ ਹਨ।
ਉਧਰ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਵਲੋਂ ਕੀਤੀ ਗਈ ਵਾਅਦਾ-ਖਿਲਾਫੀ ਦੇ ਰੋਸ ਵਜੋਂ ਭੁੱਖ ਹੜਤਾਲ 'ਤੇ ਬੈਠੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਭੁੱਖ ਹੜਤਾਲ ਦੂਜੇ ਦਿਨ ਵਿਚ ਦਾਖਲ ਹੋ ਗਈ। ਸੀਨੀਅਰ ਕਿਸਾਨ ਆਗੂਆਂ ਤੇ ਕਿਸਾਨ ਹਮਾਇਤੀਆਂ ਵਲੋਂ ਭੁੱਖ ਹੜਤਾਲ ਖਤਮ ਕਰਨ ਦੀਆਂ ਅਪੀਲਾਂ ਦੇ ਬਾਵਜੂਦ ਰਾਜੇਵਾਲ ਬਜਟ ਪੇਸ਼ ਹੋਣ ਤਕ ਹੜਤਾਲ 'ਤੇ ਬੈਠੇ ਰਹਿਣ ਲਈ ਬਜ਼ਿੱਦ ਹਨ।
ਵਾਅਦੇ ਪੂਰੇ ਕਰਵਾ ਕੇ ਹੀ ਚੁੱਕਾਂਗੇ ਧਰਨਾ
ਰਾਜੇਵਾਲ ਨੇ ਅੱਜ ਇਥੇ ਧਰਨੇ ਦੀ ਅਗਵਾਈ ਕਰਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਮੌਕੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕਰਵਾਉਣ ਲਈ ਸਰਕਾਰ 'ਤੇ ਦਬਾਅ ਪਾਇਆ ਜਾਵੇਗਾ ਤੇ ਜਦੋਂ ਤਕ ਸਰਕਾਰ ਮੰਗਾਂ ਮੰਨਣ ਸਬੰਧੀ ਬਾਕਾਇਦਾ ਕੈਲੰਡਰ ਜਾਰੀ ਨਹੀਂ ਕਰਦੀ, ਉਦੋਂ ਤਕ ਇਹ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਵਾਰ-ਵਾਰ ਕਿਹਾ ਸੀ ਕਿ ਕਿਸਾਨਾਂ ਨੇ ਸਰਕਾਰੀ ਅਦਾਰਿਆਂ, ਕਮਰਸ਼ੀਅਲ ਬੈਂਕਾਂ ਤੇ ਆੜ੍ਹਤੀਆਂ ਕੋਲੋਂ ਜੋ ਕਰਜ਼ੇ ਲਏ ਹੋਏ ਹਨ, ਉਹ ਸਾਰੇ ਕਾਂਗਰਸ ਦੀ ਸਰਕਾਰ ਆਉਣ 'ਤੇ ਮੁਆਫ ਕੀਤੇ ਜਾਣਗੇ, ਜਦਕਿ ਕਾਂਗਰਸ ਦੀ ਸਰਕਾਰ ਬਣੀ ਨੂੰ ਇਕ ਸਾਲ ਹੋ ਗਿਆ ਹੈ ਪਰ ਅਮਲੀ ਰੂਪ ਵਿਚ ਇਸ ਪਾਸੇ ਤਸੱਲੀਬਖਸ਼ ਕੰਮ ਨਹੀਂ ਹੋਇਆ।
ਪਿਛਲੇ ਬਜਟ 'ਚ ਕਰਜ਼ਾ ਮੁਆਫੀ ਲਈ ਰੱਖੇ ਸਨ 1500 ਕਰੋੜ
ਰਾਜੇਵਾਲ ਨੇ ਕਿਹਾ ਕਿ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮੁਆਫ ਕਰਨ ਲਈ ਢਾਈ ਜਾਂ 5 ਏਕੜ ਜ਼ਮੀਨ ਦੀ ਕੋਈ ਸ਼ਰਤ ਨਹੀਂ ਸੀ ਰੱਖੀ ਪਰ ਹੁਣ ਸਰਕਾਰ ਛੋਟੇ ਤੇ ਸਰਹੱਦੀ ਕਿਸਾਨਾਂ ਦੇ ਨਾਂ 'ਤੇ ਕੇਵਲ 2 ਲੱਖ ਰੁਪਏ ਤੋਂ ਘੱਟ ਦੇ ਸਹਿਕਾਰੀ ਕਰਜ਼ੇ ਹੀ ਮੁਆਫ ਕਰਨ ਦੀਆਂ ਗੱਲਾਂ ਕਰ ਰਹੀ ਹੈ। ਸਰਕਾਰ ਨੇ ਪਿਛਲੇ ਬਜਟ 'ਚ ਕਰਜ਼ਾ ਮੁਆਫੀ ਲਈ 1500 ਕਰੋੜ ਰੁਪਏ ਰੱਖੇ ਸਨ ਪਰ ਹੁਣ ਤਕ ਕਰਜ਼ਾ ਮੁਆਫੀ ਦੇ ਜੋ ਸਰਟੀਫਿਕੇਟ ਵੰਡੇ ਗਏ ਹਨ ਉਨ੍ਹਾਂ ਅਨੁਸਾਰ ਕੁੱਲ ਰਕਮ 330 ਕਰੋੜ ਰੁਪਏ ਬਣਦੀ ਹੈ, ਜਦੋਂਕਿ ਜ਼ਮੀਨੀ ਪੱਧਰ 'ਤੇ ਕਿਸੇ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ।
ਬੈਂਕਾਂ ਵਾਲੇ ਕਰ ਰਹੇ ਹਨ ਕੁਰਕੀਆਂ
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੁਰਕੀ ਖਤਮ ਕਰਨ ਦਾ ਨਾਅਰਾ ਦਿੱਤਾ ਸੀ ਪਰ ਮਾਲ ਵਿਭਾਗ ਦੇ ਕਾਨੂੰਨ ਅਨੁਸਾਰ ਅਜੇ ਵੀ ਇਹ ਧਾਰਾ ਚਾਲੂ ਹੈ। ਬੈਂਕਾਂ ਵਾਲੇ ਲਗਾਤਾਰ ਕੁਰਕੀਆਂ ਕਰ ਰਹੇ ਹਨ ਤੇ ਕੈਪਟਨ ਸਰਕਾਰ ਨੇ ਹਾਈ ਕੋਰਟ ਵਿਚ ਹਲਫੀਆ ਬਿਆਨ ਦਾਖਲ ਕਰ ਕੇ ਇਹ ਕੁਰਕੀਆਂ ਰੋਕਣ ਲਈ ਹੱਥ ਖੜ੍ਹੇ ਕਰ ਦਿੱਤੇ ਸਨ।
ਕੁਦਰਤੀ ਨੁਕਸਾਨ ਦੇ ਮੁਆਵਜ਼ੇ ਦਾ ਵਾਅਦਾ ਨਹੀਂ ਹੋਇਆ ਵਫਾ
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਮੌਕੇ ਕੁਦਰਤੀ ਆਫਤਾਂ ਨਾਲ ਫਸਲਾਂ ਦੇ ਹੋਣ ਵਾਲੇ ਨੁਕਸਾਨ ਦਾ ਮੁਆਵਜ਼ਾ 8 ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਰੁਪਏ ਪ੍ਰਤੀ ਏਕੜ ਕਰਨ ਦਾ ਵਾਅਦਾ ਕੀਤਾ ਸੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਹ ਵਾਅਦਾ ਅਜੇ ਤਕ ਵਫਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਟਰੈਕਟਰ 'ਤੇ 25 ਹਜ਼ਾਰ ਰੁਪਏ ਸਬਸਿਡੀ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਸਬਸਿਡੀ ਵਾਲੇ ਟਰੈਕਟਰ ਕਦੋਂ ਤੇ ਕਿਸ ਨੂੰ ਦੇਣੇ ਹਨ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਪ੍ਰਾਈਵੇਟ ਕਾਲਜਾਂ, ਯੂਨੀਵਰਸਿਟੀਆਂ ਵਲੋਂ ਕਰਵਾਈਆਂ ਜਾ ਰਹੀਆਂ ਪਲੇਸਮੈਂਟਾਂ ਕਾਰਨ ਜਿਨ੍ਹਾਂ ਬੱਚਿਆਂ ਨੂੰ ਰੋਜ਼ਗਾਰ ਮਿਲਦਾ ਹੈ ਉਹ ਸਭ ਸਰਕਾਰ ਆਪਣੇ ਖਾਤੇ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਮੇਲਿਆਂ ਵਿਚ 5 ਜਾਂ 6 ਹਜ਼ਾਰ ਰੁਪਏ ਦੀਆਂ ਪ੍ਰਾਈਵੇਟ ਨੌਕਰੀਆਂ ਵੱਡੇ ਸ਼ਹਿਰਾਂ ਵਿਚ ਮਿਲ ਰਹੀਆਂ ਹਨ ਪਰ ਇਸ ਨਾਲ ਤਾਂ ਰਹਿਣ ਵਾਲੇ ਕਮਰੇ ਦਾ ਕਿਰਾਇਆ ਵੀ ਨਹੀਂ ਪੂਰਾ ਹੁੰਦਾ।
ਬਿਜਲੀ ਦੀਆਂ ਦਰਾਂ ਵਧਾਉਣ ਦਾ ਵੀ ਕੀਤਾ ਵਿਰੋਧ
ਰਾਜੇਵਾਲ ਨੇ ਕਿਹਾ ਕਿ ਕਿਸਾਨ ਤੇ ਗਰੀਬ ਲੋਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ ਪਰ ਕੈਪਟਨ ਸਰਕਾਰ ਨੇ ਪਿਛਲੀਆਂ ਤਰੀਕਾਂ ਵਿਚ ਅਪ੍ਰੈਲ 2013 ਤੋਂ ਘਰੇਲੂ ਬਿਜਲੀ ਦੇ ਰੇਟ ਪਹਿਲਾਂ 12 ਫੀਸਦੀ ਵਧਾਏ ਤੇ ਹੁਣ 3 ਫੀਸਦੀ ਹੋਰ ਵਧਾ ਦਿੱਤੇ ਹਨ। ਇਸ ਤਰ੍ਹਾਂ ਸਰਕਾਰ ਨੇ ਕਿਸਾਨਾਂ ਤੇ ਗਰੀਬਾਂ 'ਤੇ 1 ਹਜ਼ਾਰ ਕਰੋੜ ਰੁਪਏ ਦਾ ਵਾਧੂ ਬੋਝ ਪਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ 7 ਫੀਸਦੀ ਹੋਰ ਵਾਧਾ ਕਰਨ ਲਈ ਪਟੀਸ਼ਨ ਪਾਵਰਕਾਮ ਦੀ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਅਜੇ ਵਿਚਾਰ ਅਧੀਨ ਪਈ ਹੈ। ਖੇਤੀ ਜਿਣਸਾਂ 'ਤੇ 1-1 ਫੀਸਦੀ ਮਾਰਕੀਟ ਫੀਸ ਤੇ ਪੇਂਡੂ ਵਿਕਾਸ ਫੰਡ ਵਿਚ ਵਾਧਾ ਕਰ ਕੇ ਆਪਣੀ ਕਮਾਈ 900 ਕਰੋੜ ਰੁਪਏ ਦੀ ਕਰ ਲਈ ਹੈ, ਜਦਕਿ ਇਸ ਅਸਿੱਧੇ ਟੈਕਸ ਦਾ ਬੋਝ ਵੀ ਕਿਸਾਨਾਂ 'ਤੇ ਹੀ ਪੈਣਾ ਹੈ। ਕਿਸਾਨਾਂ ਨੂੰ ਪਹਿਲਾਂ ਨਹਿਰੀ ਪਾਣੀ ਮੁਫਤ ਮਿਲਦਾ ਸੀ ਪਰ ਹੁਣ 50 ਰੁਪਏ ਪ੍ਰਤੀ ਫਸਲ ਦਾ ਆਬਿਆਨਾ ਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਲਟਾ ਦੁੱਧ ਦੇ ਰੇਟਾਂ ਵਿਚ ਪਹਿਲੀ ਵਾਰ 6 ਤੋਂ 7 ਰੁਪਏ ਦੀ ਕਮੀ ਕਰ ਕੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
ਕਾਂਗਰਸ ਦਲ ਬਦਲੂਆਂ ਦੀ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਦਾ ਨਾਸ਼ ਕੀਤਾ : ਮਜੀਠੀਆ
NEXT STORY