ਜਲੰਧਰ (ਪੁਨੀਤ)– ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਪਨਬੱਸ-ਪੀ. ਆਰ. ਟੀ. ਸੀ. ਯੂਨੀਅਨ ਨੇ ਤਨਖ਼ਾਹ ਨਾ ਮਿਲਣ ਕਾਰਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਬੁਲਾਰਿਆਂ ਨੇ ਕਿਹਾ ਕਿ ਮਹੀਨਾ ਖ਼ਤਮ ਹੋਣ ਵਿਚ ਸਿਰਫ਼ ਇਕ ਦਿਨ ਬਾਕੀ ਬਚਿਆ ਹੈ ਪਰ ਇਸ ਦੇ ਬਾਵਜੂਦ ਪੀ. ਆਰ. ਟੀ. ਸੀ. ਕਰਮਚਾਰੀਆਂ ਦੀ ਤਨਖ਼ਾਹ ਰਿਲੀਜ਼ ਨਹੀਂ ਕੀਤੀ ਗਈ।
ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਰ ਵਾਰ ਤਨਖ਼ਾਹ ਜਾਰੀ ਕਰਨ ਵਿਚ ਦੇਰੀ ਕੀਤੀ ਜਾ ਰਹੀ ਹੈ। ਸਰਕਾਰ ਮੁਫ਼ਤ ਦੀਆਂ ਯੋਜਨਾਵਾਂ ਦੇ ਦਮਗਜ਼ੇ ਮਾਰ ਕੇ ਆਪਣੀ ਪਿੱਠ ਥਾਪੜ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਸਰਕਾਰੀ ਵਿਭਾਗਾਂ ਕੋਲ ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਲਈ ਵੀ ਫੰਡ ਨਹੀਂ ਹਨ। ਸੰਘਰਸ਼ ਦਾ ਬਿਗੁਲ ਵਜਾਉਂਦਿਆਂ ਬੁਲਾਰਿਆਂ ਨੇ ਕਿਹਾ ਕਿ 4 ਅਕਤੂਬਰ ਨੂੰ ਪਟਿਆਲਾ ਸਥਿਤ ਹੈੱਡ ਆਫਿਸ ਵੱਲ ਰੋਸ ਮਾਰਚ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਮੀਤ ਪ੍ਰਧਾਨ ਰਾਕੇਸ਼ ਕੁਮਾਰ ਵਿੱਕੀ ਅਤੇ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਪ੍ਰਤੀ ਗੰਭੀਰਤਾ ਨਹੀਂ ਵਿਖਾਈ ਜਾ ਰਹੀ। ਸੰਘਰਸ਼ ਕਰ ਰਹੀਆਂ ਯੂਨੀਅਨਾਂ ਨੂੰ ਦਬਾਉਣ ਲਈ ਤਨਖ਼ਾਹ ਲਟਕਾਈ ਜਾ ਰਹੀ ਹੈ ਤਾਂ ਜੋ ਕਰਮਚਾਰੀ ਕੰਮ ਛੱਡਣ ’ਤੇ ਮਜਬੂਰ ਹੋ ਜਾਣ ਪਰ ਉਹ ਸਰਕਾਰ ਦੇ ਦਬਾਅ ਹੇਠ ਨਹੀਂ ਆਉਣਗੇ।
ਇਹ ਵੀ ਪੜ੍ਹੋ: ਸੱਤਾਧਾਰੀ ‘ਆਪ’ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਰੂਪ ’ਚ ਵੀ ਆਈ ਨਜ਼ਰ
ਢਿੱਲੋਂ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਮਹੀਨੇ 10 ਤਾਰੀਖ਼ ਤੋਂ ਪਹਿਲਾਂ ਤਨਖ਼ਾਹ ਜਾਰੀ ਕਰਨ ਸਬੰਧੀ ਲਿਖ਼ਤੀ ਭਰੋਸਾ ਨਾ ਦਿੱਤਾ ਗਿਆ ਤਾਂ 7 ਅਕਤੂਬਰ ਨੂੰ ਪੰਜਾਬ ਦੇ ਸਾਰੇ ਡਿਪੂਆਂ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਕੀਤੇ ਜਾਣਗੇ। ਇਸੇ ਤਰ੍ਹਾਂ 11 ਅਕਤੂਬਰ ਨੂੰ ਪੂਰੇ ਸੂਬੇ ਦੇ ਬੱਸ ਅੱਡੇ ਬੰਦ ਕਰਕੇ ਰੋਸ ਪ੍ਰਦਰਸ਼ਨ ਹੋਣਗੇ ਅਤੇ 18 ਅਕਤੂਬਰ ਨੂੰ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਕਰਦਿਆਂ ਡਿਪੂਆਂ ਦਾ ਘਿਰਾਓ-ਪ੍ਰਦਰਸ਼ਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਸੂਬੇ 'ਚ ਵਿਛਿਆ ਟਰੈਵਲ ਏਜੰਟਾਂ ਦਾ ਜਾਲ, ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੀ ਆੜ ’ਚ ਚੱਲ ਰਹੀ ਠੱਗੀ ਦੀ ਮੋਟੀ ਖੇਡ
CM ਮਾਨ ਦੀ ਪਤਨੀ, ਮਾਂ ਤੇ ਭੈਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
NEXT STORY