ਜਲੰਧਰ (ਨਰਿੰਦਰ ਮੋਹਨ)- ਪੰਜਾਬ ਵਿਧਾਨ ਸਭਾ ਸੈਸ਼ਨ ਦੇ ਬੀਤੇ ਦਿਨ ਦੂਜੇ ਦਿਨ ਵੀ ਸੱਤਾਧਾਰੀ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਰੂਪ ਵਿਚ ਨਜ਼ਰ ਆਈ। ਮਾਮਲਾ ਕਾਂਗਰਸੀ ਵਿਧਾਇਕਾਂ ਵੱਲੋਂ ਸਦਨ ’ਚ ਹੰਗਾਮੇ ਦਾ ਅਤੇ ਸਪੀਕਰ ਵਿਰੁੱਧ ਬੋਲੇ ਸ਼ਬਦਾਂ ਦਾ ਸੀ। ਕਾਂਗਰਸੀ ਵਿਧਾਇਕਾਂ ਦੇ ਹੰਗਾਮੇ ਦੇ ਬਰਾਬਰ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਨਾਅਰੇਬਾਜ਼ੀ ਕੀਤੀ। ਮੰਤਰੀ ਅਮਨ ਅਰੋੜਾ ਨੇ ਸਦਨ ’ਚ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਪੀਕਰ ਕਾਂਗਰਸੀ ਵਿਧਾਇਕਾਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕਰਦੇ ਅਤੇ ਕਾਂਗਰਸੀ ਵਿਧਾਇਕ ਕੰਨ ਫੜ ਕੇ ਮੁਆਫ਼ੀ ਨਹੀਂ ਮੰਗਦੇ ਉਦੋਂ ਤਕ ਸਦਨ ਦੀ ਕਾਰਵਾਈ ਨਾ ਚੱਲਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਅਜਿਹੇ ਵਿਵਹਾਰ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਸਦਨ ਦੀ ਕਾਰਵਾਈ ਦੌਰਾਨ ਕਈ ਵਾਰ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ: ਸੂਬੇ 'ਚ ਵਿਛਿਆ ਟਰੈਵਲ ਏਜੰਟਾਂ ਦਾ ਜਾਲ, ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੀ ਆੜ ’ਚ ਚੱਲ ਰਹੀ ਠੱਗੀ ਦੀ ਮੋਟੀ ਖੇਡ
ਵਿਧਾਨ ਸਭਾ ਹਲਕੇ ਦਾ ਵੀਰਵਾਰ ਦੂਜਾ ਦਿਨ ਸੀ। ਸੱਤਾਧਾਰੀ ਪਾਰਟੀ ਦੇ ਮੰਤਰੀਆਂ ਤੋਂ ਲੈ ਕੇ ਵਿਧਾਇਕਾਂ ਤੱਕ ਸਾਰਿਆਂ ਦੇ ਸੰਬੋਧਨ ’ਚ ਜ਼ਿਆਦਾਤਰ ਕਾਂਗਰਸੀ ਨਿਸ਼ਾਨੇ ’ਤੇ ਰਹੇ। ਸਦਨ ਦੀ ਕਾਰਵਾਈ ਦੌਰਾਨ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਸਦਨ ਤੋਂ ਬਾਹਰ ਆ ਕੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕਰਦੇ ਰਹੇ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਰਹੇ। ਸਦਨ ਦੇ ਬਾਹਰ ਹਰ ਮੰਤਰੀ ਦਾ ਨਿਸ਼ਾਨਾ ਸਿਰਫ਼ ਤੇ ਸਿਰਫ਼ ਕਾਂਗਰਸ ਹੀ ਰਹੀ, ਜਦੋਂਕਿ ਭਾਜਪਾ ਦਾ ਸਿਰਫ਼ ਇੰਨਾ ਹੀ ਜ਼ਿਕਰ ਹੁੰਦਾ ਰਿਹਾ ਕਿ ਕਾਂਗਰਸ ਭਾਰਤੀ ਜਨਤਾ ਪਾਰਟੀ ਦੀ ਬੀ-ਟੀਮ ਵਜੋਂ ਕੰਮ ਕਰ ਰਹੀ ਹੈ। ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਕਾਂਗਰਸ ਨੂੰ ਕਦੇ ਵਿਦਿਆਰਥੀਆਂ ਦੇ ਵਜੀਫੇ ’ਤੇ ਅਤੇ ਕਦੇ ਬਰਗਾੜੀ ਦੇ ਮਾਮਲੇ ’ਤੇ, ਕਦੇ ਪਰਾਲੀ ਦੇ ਮਾਮਲੇ ’ਤੇ ਅਤੇ ਕਦੇ ਹੋਰ ਗੱਲਾਂ ਨੂੰ ਲੈ ਕੇ ਘੇਰਿਆ। ਸੱਤਾਧਾਰੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦਾ ਦੋਸ਼ ਸੀ ਕਿ ਕਾਂਗਰਸੀ ਵਿਧਾਇਕ ਲੋਕ ਹਿੱਤ ਦੇ ਮੁੱਦਿਆਂ ਨੂੰ ਵਿਧਾਨ ਸਭਾ ’ਚ ਨਾ ਤਾਂ ਉਠਾਉਂਦੇ ਰਹੇ ਹਨ ਅਤੇ ਨਾ ਹੀ ਉਸਾਰੂ ਬਹਿਸ ਲਈ ਆਪਣੇ ਬੈਂਚਾਂ ’ਤੇ ਬੈਠਣ ਨੂੰ ਤਿਆਰ ਹਨ।
ਵਿਧਾਇਕ ਦਾ ਵਿਵਾਦਿਤ ਬਿਆਨ-ਜਦੋਂ ਕਾਂਗਰਸੀ ਆਉਣ ਤਾਂ ਜੁੱਤੀਆਂ ਦੇ ਹਾਰ ਪਾਓ
ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਕਾਂਗਰਸ ਵਾਲੇ ਜਦੋਂ ਵੀ ਉਨ੍ਹਾਂ ਨੂੰ ਮਿਲਣ ਆਉਣ ਤਾਂ ਉਨ੍ਹਾਂ ਨੂੰ ਜੁੱਤੀਆਂ ਦੇ ਹਾਰ ਪਾਏ ਜਾਣ। ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ’ਚ ਕਾਂਗਰਸੀ ਵਿਧਾਇਕਾਂ ਵੱਲੋਂ ਕੀਤੇ ਜਾ ਰਹੇ ਹੰਗਾਮੇ ਤੋਂ ਬਾਅਦ ਵਿਧਾਇਕ ਦਹੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਲੋਕਾਂ ਵਿਚਾਲੇ ਜਾਣ ਦੇ ਕਾਬਿਲ ਨਹੀਂ ਹੈ। ਵਿਧਾਇਕ ਨੇ ਹੋਰਨਾਂ ਵਿਧਾਇਕਾਂ ਨਾਲ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਹ ਵੀ ਪੜ੍ਹੋ: ਕਪੂਰਥਲਾ 'ਚ 'ਆਪ' ਹਲਕਾ ਇੰਚਾਰਜ ਦਾ ਹਾਈ ਵੋਲਟੇਜ ਡਰਾਮਾ, ਪੁਲਸ ਨੂੰ ਸ਼ਰ੍ਹੇਆਮ ਦਿੱਤੀਆਂ ਧਮਕੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦੁਖਦਾਇਕ ਖ਼ਬਰ: ਫਰੀਦਕੋਟ ਦੇ ਫ਼ੌਜੀ ਜਵਾਨ ਦੀ ਲੱਦਾਖ 'ਚ ਮੌਤ
NEXT STORY