ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਸੀਵਰੇਜ ਸਿਸਟਮ ਉੱਪਰ ਹੁਣ ਤੱਕ ਕਰੋੜਾਂ ਰੁਪਏ ਖ਼ਰਚੇ ਜਾ ਚੁੱਕੇ ਹਨ, ਪਰ ਜ਼ਮੀਨੀ ਹਕੀਕਤ ਬੇਹੱਦ ਚਿੰਤਾਜਨਕ ਅਤੇ ਸਿਤਮਜ਼ਰੀਫ਼ ਵਾਲੀ ਹੈ। ਸ਼ਹਿਰ ਦੇ ਸੀਵਰੇਜ ਦਾ ਗੰਦਾ ਪਾਣੀ ਬਿਨਾਂ ਕਿਸੇ ਟਰੀਟਮੈਂਟ (ਸੁਧਾਈ) ਦੇ ਸਿੱਧੇ ਰੂਪ ਵਿੱਚ ਫ਼ਸਲਾਂ ਅਤੇ ਖ਼ਾਸ ਕਰਕੇ ਸਬਜ਼ੀਆਂ ਨੂੰ ਲਾਇਆ ਜਾ ਰਿਹਾ ਹੈ। ਇਹੀ ਜ਼ਹਿਰੀਲੇ ਤੱਤਾਂ ਨਾਲ ਭਰਪੂਰ ਸਬਜ਼ੀਆਂ ਅਤੇ ਫ਼ਲ ਇਨਸਾਨਾਂ ਵੱਲੋਂ ਖਾਧੇ ਜਾ ਰਹੇ ਹਨ, ਜੋ ਕਿ ਆਮ ਲੋਕਾਂ ਦੀ ਸਿਹਤ ਨਾਲ ਇੱਕ ਬਹੁਤ ਵੱਡਾ ਖਿਲਵਾੜ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਵਰੇਜ ਦੇ ਇਸ ਗੰਦੇ ਪਾਣੀ ਵਿਚ ਸਿੱਕਾ, ਕੈਡਮੀਅਮ, ਕਰੋਮੀਅਮ ਅਤੇ ਆਰਸੈਨਿਕ ਵਰਗੀਆਂ ਭਾਰੀਆਂ ਧਾਤਾਂ ਸਮੇਤ ਹਾਨੀਕਾਰਕ ਬੈਕਟੀਰੀਆ ‘ਈ-ਕੋਲਾਈ’ ਅਤੇ ‘ਸਾਲਮੋਨੇਲਾ’ ਮੌਜੂਦ ਹੁੰਦੇ ਹਨ। ਇਹ ਜ਼ਹਿਰੀਲੇ ਤੱਤ ਮਿੱਟੀ ਰਾਹੀਂ ਸਬਜ਼ੀਆਂ ਦੀਆਂ ਜੜ੍ਹਾਂ ਅਤੇ ਫ਼ਲਾਂ ਦੇ ਅੰਦਰ ਤੱਕ ਪਹੁੰਚ ਜਾਂਦੇ ਹਨ, ਜੋ ਇਨਸਾਨੀ ਸਰੀਰ ਵਿੱਚ 'ਮੱਠੇ ਜ਼ਹਿਰ' ਵਜੋਂ ਅਸਰ ਕਰਦੇ ਹਨ। ਮਾਹਰਾਂ ਅਨੁਸਾਰ ਇਸ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਖ਼ਤਰਾ ਵੱਧਦਾ ਹੈ, ਗੁਰਦੇ ਅਤੇ ਲੀਵਰ ਫੇਲ੍ਹ ਹੋਣ ਦੀ ਸੰਭਾਵਨਾ ਰਹਿੰਦੀ ਹੈ ਅਤੇ ਮਨੁੱਖ ਦੇ ਪੇਟ ਅਤੇ ਦਿਮਾਗ 'ਤੇ ਬੇਹੱਦ ਮਾੜਾ ਅਸਰ ਪੈਂਦਾ ਹੈ।
ਕਰੋੜਾਂ ਦੀ ਲਾਗਤ ਨਾਲ ਬਣੇ ਦੋਵੇਂ ਟਰੀਟਮੈਂਟ ਪਲਾਂਟ ਬਣੇ 'ਕਬਾੜ'
ਸ੍ਰੀ ਮੁਕਤਸਰ ਸਾਹਿਬ ਦੇ ਸੀਵਰੇਜ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਵਾਸਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਦੋ ਟਰੀਟਮੈਂਟ ਪਲਾਂਟ ਸਥਾਪਿਤ ਕੀਤੇ ਗਏ ਸਨ। ਇੱਕ ਜਲਾਲਾਬਾਦ ਰੋਡ ਉੱਪਰ ਅਤੇ ਦੂਸਰਾ ਬਲਮਗੜ੍ਹ ਰੋਡ ਉੱਪਰ। ਪਰ ਅਫ਼ਸੋਸ ਦੀ ਗੱਲ ਹੈ ਕਿ ਇਹ ਦੋਵੇਂ ਪਲਾਂਟ ਪਿਛਲੇ 2-3 ਸਾਲਾਂ ਤੋਂ ਪੂਰੀ ਤਰ੍ਹਾਂ ਬੰਦ ਪਏ ਹਨ। ਸਹੀ ਸੰਭਾਲ ਨਾ ਹੋਣ ਅਤੇ ਸਥਾਨਕ ਪੱਧਰ ’ਤੇ ਮੁਰੰਮਤ ਨਾ ਹੋਣ ਕਾਰਨ ਪਲਾਂਟਾਂ ਦੇ ਅੰਦਰ ਲੱਖਾਂ ਰੁਪਏ ਦੀਆਂ ਮੋਟਰਾਂ ਅਤੇ ਕੀਮਤੀ ਮਸ਼ੀਨਰੀ ਬੇਕਾਰ ਹੋ ਕੇ ਕਬਾੜ ਵਿੱਚ ਤਬਦੀਲ ਹੋ ਰਹੀ ਹੈ। ਹੁਣ ਇਹਨਾਂ ਪਲਾਂਟਾਂ ਦਾ ਕੰਮ ਸਿਰਫ਼ ਗੰਦੇ ਪਾਣੀ ਨੂੰ ਲਿਫਟ (ਚੁੱਕ ਕੇ) ਕਰਕੇ ਖੇਤਾਂ ਜਾਂ ਸੇਮ ਨਾਲੇ ਵਿੱਚ ਸੁੱਟਣ ਤੱਕ ਹੀ ਸੀਮਤ ਰਹਿ ਗਿਆ ਹੈ।
ਕੀ ਕਹਿਣਾ ਹੈ ਸੀਵਰੇਜ ਬੋਰਡ ਦੇ ਅਧਿਕਾਰੀਆਂ ਦਾ
ਇਸ ਗੰਭੀਰ ਮਾਮਲੇ ਸਬੰਧੀ ਜਦੋਂ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਸ੍ਰੀ ਜਿੰਦਲ ਅਤੇ ਐਸ.ਡੀ.ਓ. ਪਾਰਸ ਵਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਮੰਨਿਆ ਕਿ ਇਹ ਟਰੀਟਮੈਂਟ ਪਲਾਂਟ ਪਿਛਲੇ ਕਈ ਸਾਲਾਂ ਤੋਂ ਬੰਦ ਪਏ ਹਨ, ਜਿਸ ਕਾਰਨ ਸੀਵਰੇਜ ਦਾ ਪਾਣੀ ਸਿੱਧਾ ਹੀ ਖੇਤਾਂ ਨੂੰ ਸਪਲਾਈ ਹੋ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ "ਨਵੇਂ ਪਲਾਂਟਾਂ ਦੀ ਉਸਾਰੀ ਦਾ ਕੰਮ ਇਸ ਵੇਲੇ ਜਾਰੀ ਹੈ ਅਤੇ ਸਬੰਧਤ ਏਜੰਸੀ ਨੂੰ ਇਹ ਪਲਾਂਟ ਮੁਕੰਮਲ ਕਰਨ ਲਈ ਸਤੰਬਰ 2026 ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਉਦੋਂ ਤੱਕ ਇਹ ਪਲਾਂਟ ਤਿਆਰ ਹੋ ਜਾਂਦੇ ਹਨ, ਤਾਂ ਉਸ ਤੋਂ ਬਾਅਦ ਪਾਣੀ ਨੂੰ ਪੂਰੀ ਤਰ੍ਹਾਂ ਟਰੀਟ (ਸਾਫ਼) ਕਰਕੇ ਹੀ ਅੱਗੇ ਸਪਲਾਈ ਕੀਤਾ ਜਾਵੇਗਾ।"
ਲੋਕਾਂ ਦੀ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ
ਦੂਜੇ ਪਾਸੇ ਸ਼ਹਿਰ ਵਾਸੀਆਂ ਅਤੇ ਸੂਝਵਾਨ ਲੋਕਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਦੋਂ ਤੱਕ ਨਵੇਂ ਪਲਾਂਟ ਚਾਲੂ ਨਹੀਂ ਹੁੰਦੇ, ਉਦੋਂ ਤੱਕ ਸੀਵਰੇਜ ਦਾ ਇਹ ਜ਼ਹਿਰੀਲਾ ਅਤੇ ਗੰਦਾ ਪਾਣੀ ਸਬਜ਼ੀਆਂ ਅਤੇ ਫ਼ਲਾਂ ਵਾਲੇ ਖੇਤਾਂ ਨੂੰ ਲਾਉਣਾ ਬਿਲਕੁਲ ਬੰਦ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ 'ਤੇ ਤੁਰੰਤ ਰੋਕ ਨਾ ਲਗਾਈ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਸਿਹਤ ਨੂੰ ਹੋਰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਫਾਜ਼ਿਲਕਾ ’ਚ ਕਰਿਆਨਾ ਦੁਕਾਨ ਦੀ ਕੰਧ ਤੋੜ ਕੇ ਕੀਤੀ ਚੋਰੀ
NEXT STORY