ਫਾਜ਼ਿਲਕਾ (ਲੀਲਾਧਰ) : ਫਾਜ਼ਿਲਕਾ ਦੇ ਲਾਧੂਕਾ 'ਚ ਇੱਕ ਕਰਿਆਨਾ ਦੁਕਾਨ 'ਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਮੰਚੰਦਾ ਕਰਿਆਨਾ ਸਟੋਰ ਦੀ ਪਿਛਲੀ ਕੰਧ 'ਚ ਸੰਨ੍ਹ ਲਾਈ ਅਤੇ ਪਾਈਪ ਦੇ ਸਹਾਰੇ ਲਟਕ ਕੇ ਦੁਕਾਨ ਦੇ ਅੰਦਰ ਦਾਖ਼ਲ ਹੋਏ। ਇਸ ਤੋਂ ਬਾਅਦ ਪੌੜੀ ਦੀ ਮਦਦ ਨਾਲ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਵੀਰਵਾਰ ਸਵੇਰੇ ਜਦੋਂ ਦੁਕਾਨਦਾਰ ਦੁਕਾਨ ਖੋਲ੍ਹਣ ਪਹੁੰਚਿਆ ਤਾਂ ਉਸ ਨੂੰ ਚੋਰੀ ਦੀ ਜਾਣਕਾਰੀ ਹੋਈ। ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਈਪ ਦੇ ਸਹਾਰੇ ਅੰਦਰ ਦਾਖ਼ਲ ਹੋਏ
ਦੁਕਾਨਦਾਰ ਪਵਨ ਕੁਮਾਰ ਨੇ ਦੱਸਿਆ ਕਿ ਉਹ ਲਾਧੂਕਾ 'ਚ ਮੰਚੰਦਾ ਕਰਿਆਨਾ ਸਟੋਰ ਚਲਾਉਂਦੇ ਹਨ। ਬੁੱਧਵਾਰ ਰਾਤ ਨੂੰ ਦੁਕਾਨ ਬੰਦ ਕਰਕੇ ਉਹ ਘਰ ਚਲੇ ਗਏ ਸਨ। ਸਵੇਰੇ ਜਦੋਂ ਦੁਕਾਨ ਖੋਲ੍ਹਣ ਪਹੁੰਚੇ ਤਾਂ ਅੰਦਰ ਦਾ ਹਾਲ ਦੇਖ ਕੇ ਹੈਰਾਨ ਰਹਿ ਗਏ। ਜਾਂਚ ਕਰਨ 'ਤੇ ਪਤਾ ਚੱਲਿਆ ਕਿ ਚੋਰਾਂ ਨੇ ਦੁਕਾਨ ਦੇ ਪਿੱਛੇ ਦੀ ਕੰਧ 'ਚ ਸੰਨ੍ਹ ਲਾਈ ਅਤੇ ਪਾਈਪ ਦੇ ਸਹਾਰੇ ਅੰਦਰ ਦਾਖ਼ਲ ਹੋਏ।
ਲੋਹੇ ਦੀ ਪਾਈਪ ਅਤੇ ਪੌੜੀ ਲੈ ਕੇ ਆਏ
ਪਵਨ ਕੁਮਾਰ ਅਨੁਸਾਰ ਮੁਲਜ਼ਮ ਆਪਣੇ ਨਾਲ ਕਰੀਬ 20 ਫੁੱਟ ਲੰਬੀ ਲੋਹੇ ਦੀ ਪਾਈਪ ਅਤੇ ਪੌੜੀ ਲੈ ਕੇ ਆਏ ਸਨ। ਉਨ੍ਹਾਂ ਕੰਧ 'ਚ ਕੀਤੀ ਗਈ ਸੰਨ੍ਹ ਰਾਹੀਂ ਪਾਈਪ ਅਤੇ ਪੌੜੀ ਅੰਦਰ ਪਹੁੰਚਾਈ ਅਤੇ ਫਿਰ ਦੁਕਾਨ ਵਿੱਚ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਨੁਕਸਾਨ ਦਾ ਪੂਰਾ ਅੰਦਾਜ਼ਾ ਲਗਾ ਰਹੇ ਹਾਂ
ਉਨ੍ਹਾਂ ਦੱਸਿਆ ਕਿ ਚੋਰ ਦੁਕਾਨ ਵਿੱਚੋਂ ਕਰੀਬ 25 ਹਜ਼ਾਰ ਰੁਪਏ ਦੀ ਸਿਗਰਟ, ਚਾਹ ਪੱਤੀ ਦੇ ਦੋ ਵੱਡੇ ਬੈਗ, ਗੱਲੇ ਵਿੱਚ ਰੱਖੀ 5 ਤੋਂ 7 ਹਜ਼ਾਰ ਰੁਪਏ ਦੀ ਨਕਦੀ, ਬਦਾਮ, ਤੇਲ ਸਮੇਤ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਸ਼ੁਰੂਆਤੀ ਅੰਦਾਜ਼ੇ ਮੁਤਾਬਕ ਕਰੀਬ 40 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਹੋਇਆ ਹੈ। ਫਿਲਹਾਲ ਉਹ ਨੁਕਸਾਨ ਦਾ ਪੂਰਾ ਅੰਦਾਜ਼ਾ ਲਗਾ ਰਹੇ ਹਨ।
ਦੁਕਾਨ ਤੋਂ ਮਹਿਜ਼ 200 ਮੀਟਰ ਦੂਰ ਪੁਲਸ ਚੌਂਕੀ
ਪਵਨ ਕੁਮਾਰ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੀ ਦੁਕਾਨ ਤੋਂ ਮਹਿਜ਼ 200 ਮੀਟਰ ਦੀ ਦੂਰੀ ''ਤੇ ਪੁਲਿਸ ਚੌਕੀ ਹੋਣ ਦੇ ਬਾਵਜੂਦ ਚੋਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਉਨ੍ਹਾਂ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ। ਫਿਲਹਾਲ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਸਕਰਾਂ ਨੇ ਮੁਖਬਰੀ ਦੇ ਸ਼ੱਕ 'ਚ ਬੰਦੇ ਦੇ ਘਰ 'ਤੇ ਕੀਤਾ ਹਮਲਾ! ਸੁਣਵਾਈ ਨਾ ਹੋਣ 'ਤੇ ਨਿਹੰਗ ਸਿੰਘਾਂ ਨੇ ਸਾਂਭਿਆ ਮੋਰਚਾ
NEXT STORY