ਚੰਡੀਗੜ੍ਹ (ਰਮਨਜੀਤ) : ਕੋਵਿਡ-19 ਮਹਾਂਮਾਰੀ ਸੰਕਟ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਥਾਪਤ ਕੀਤੇ ਗਏ ਮੁੱਖ ਮੰਤਰੀ ਕੋਵਿਡ ਰਾਹਤ ਫੰਡ 'ਚ ਆਪਣਾ ਯੋਗਦਾਨ ਪਾਉਂਦਿਆਂ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅਹਿਮ ਫੈਸਲਾ ਕੀਤਾ ਗਿਆ ਹੈ। ਰੰਧਾਵਾ ਨੇ ਇਸ ਫੰਡ ਦੇ ਕਾਇਮ ਰਹਿਣ ਤੱਕ ਹਰ ਮਹੀਨੇ ਆਪਣੀ ਤਨਖਾਹ 'ਚੋਂ 30 ਫੀਸਦੀ ਹਿੱਸਾ ਪੱਕੇ ਤੌਰ 'ਤੇ ਦਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ 'ਚ ਰੰਧਾਵਾ ਵੱਲੋਂ ਆਪਣੀ ਇਕ ਮਹੀਨੇ ਦੀ ਤਨਖਾਹ ਕੋਵਿਡ ਰਾਹਤ ਫੰਡ 'ਚ ਦਾਨ ਕੀਤੀ ਗਈ ਸੀ। ਇਥੇ ਜਾਰੀ ਪ੍ਰੈਸ ਬਿਆਨ 'ਚ ਰੰਧਾਵਾ ਨੇ ਦੱਸਿਆ ਕਿ ਕੋਵਿਡ-19 ਸੰਕਟ ਕਾਰਨ ਸਿਹਤ ਸੇਵਾਵਾਂ ਲਈ ਲੋੜੀਂਦੇ ਪ੍ਰਬੰਧ ਕਰਨ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਕਰਫਿਊ/ਲਾਕ ਡਾਊਨ ਦੀਆਂ ਬੰਦਸ਼ਾਂ ਕਾਰਨ ਮੁਸ਼ਕਲਾਂ ਝੱਲ ਰਹੇ ਗਰੀਬ ਤੇ ਲੋੜਵੰਦ ਲੋਕਾਂ ਲਈ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਦੀ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜਿੱਥੇ ਸਮੁੱਚੀ ਅਰਥ ਵਿਵਸਥਾ ਹਿੱਲ ਗਈ ਹੈ, ਉਥੇ ਸੂਬੇ ਦੇ ਖਜ਼ਾਨੇ ਦੀ ਆਮਦਨ ਵੀ ਘੱਟ ਗਈ ਹੈ। ਇਸੇ ਲਈ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਕਾਇਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਫੰਡ ਕਾਇਮ ਰਹੇਗਾ, ਉਹ ਹਰ ਮਹੀਨੇ ਆਪਣੀ ਤਨਖਾਹ 'ਚੋਂ 30 ਫੀਸਦੀ ਹਿੱਸਾ ਇਸ 'ਚ ਯੋਗਦਾਨ ਪਾਉਣਗੇ। ਰੰਧਾਵਾ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਤਿਉਹਾਰ ਮੌਕੇ ਵਾਹਿਗੁਰੂ ਅੱਗੇ ਵੀ ਸਰਬੱਤ ਦੇ ਭਲੇ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਸੰਕਟ ਦਾ ਸਾਹਮਣਾ ਕਰਨ ਲਈ ਸਾਨੂੰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਸਲਾਹਕਾਰੀਆਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।
ਬਾਜਵਾ ਵਲੋਂ ਵੀ ਲਿਆ ਗਿਆ ਇਹ ਫੈਸਲਾ
ਦੂਜੇ ਪਾਸੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਅੱਜ ਅਗਲੇ ਛੇ ਮਹੀਨਿਆਂ ਲਈ ਆਪਣੀ ਤਨਖ਼ਾਹ ਦਾ 30 ਫੀਸਦੀ ਹਿੱਸਾ ਮੁੱਖ ਮੰਤਰੀ ਰਾਹਤ ਕੋਸ਼ 'ਚ ਦੇਣ ਦਾ ਫੈਸਲਾ ਕੀਤਾ ਹੈ। ਬਾਜਵਾ ਨੇ ਆਪਣੇ ਇਸ ਫੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੂਰੀ ਦੁਨੀਆਂ ਦੀ ਤਰ੍ਹਾਂ ਪੰਜਾਬ ਵੀ ਇਸ ਵੇਲੇ ਕੋਰੋਨਾ ਦੀ ਕਰੋਪੀ ਕਾਰਨ ਅਤਿ ਗੰਭੀਰ ਸੰਕਟ ਦੇ ਦੌਰ 'ਚੋਂ ਲੰਘ ਰਿਹਾ ਹੈ। ਸਿਹਤ, ਪੁਲਸ, ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ ਸਮੇਤ ਸੂਬੇ ਦੇ ਕਈ ਹੋਰ ਮਹਿਕਮਿਆਂ ਦੇ ਮੁਲਾਜ਼ਮ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦਿਆਂ ਕੋਰੋਨਾ ਖਿਲਾਫ ਮੂਹਰੇ ਹੋ ਕੇ ਜੰਗ ਲੜ ਰਹੇ ਹਨ। ਬਾਜਵਾ ਨੇ ਕਿਹਾ ਕਿ ਜੰਗ ਲੜ ਰਹੇ ਇਨ੍ਹਾਂ ਯੋਧਿਆਂ ਨੂੰ ਸੁਰੱਖਿਆ ਕਿੱਟਾਂ ਅਤੇ ਮਾਸਕਾਂ ਦੀ ਲੋੜ ਹੈ, ਜਦੋਂ ਕਿ ਮਰੀਜ਼ਾਂ ਲਈ ਦਵਾਈਆਂ ਅਤੇ ਵੈਂਟੀਲੇਟਰ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੋਗ ਦੀ ਛੇਤੀ ਪਛਾਣ ਕਰ ਕੇ ਇਸ ਨੂੰ ਠੱਲਣ ਲਈ ਟੈਸਟਿੰਗ ਵਧਾਉਣ ਦੀ ਲੋੜ ਹੈ, ਜਿਸ ਲਈ ਟੈਸਟਿੰਗ ਕਿੱਟਾਂ ਖਰੀਦੀਆਂ ਜਾਣੀਆਂ ਹਨ। ਇਹ ਸਾਰਾ ਸਾਜ਼ੋ-ਸਮਾਨ ਖਰੀਦਣ ਲਈ ਪੈਸੇ ਦੀ ਬੜੀ ਵੱਡੀ ਲੋੜ ਹੈ। ਪੰਚਾਇਤ ਮੰਤਰੀ ਨੇ ਕਿਹਾ ਕਿ ਇਸ ਜੰਗ 'ਚ ਆਪਣਾ ਬਹੁਤ ਹੀ ਨਿਗੂਣਾ ਜਿਹਾ ਹਿੱਸਾ ਪਾਉਣ ਲਈ ਉਨ੍ਹਾਂ ਨੇ ਅੱਜ ਫੈਸਲਾ ਕੀਤਾ ਹੈ ਕਿ ਅਗਲੇ 6 ਮਹੀਨਿਆਂ ਲਈ ਉਹ ਆਪਣੀ ਤਨਖ਼ਾਹ ਦਾ 30 ਫੀਸਦੀ ਹਿੱਸਾ ਮੁੱਖ ਮੰਤਰੀ ਰਾਹਤ ਕੋਸ਼ 'ਚ ਦਿੰਦੇ ਰਹਿਣਗੇ।
ਬਾਕੀ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਕੀਤੀ ਅਪੀਲ
ਤ੍ਰਿਪਤ ਰਾਜਿੰਦਰ ਬਾਜਵਾ ਨੇ ਪੰਜਾਬ ਦੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਦਰਜਾ ਚਾਰ ਤੋਂ ਮੁੱਖ ਸਕੱਤਰ ਤੱਕ ਸੂਬੇ ਦੇ ਸਾਰੇ ਰੈਗੂਲਰ ਅਤੇ ਪੂਰੀ ਤਨਖਾਹ ਲੈ ਰਹੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਅਗਲੇ 6 ਮਹੀਨਿਆਂ ਲਈ ਆਪਣੀ ਤਨਖ਼ਾਹ ਦਾ ਘੱਟ ਘੱਟ 30 ਫੀਸਦੀ ਹਿੱਸਾ ਮੁੱਖ ਮੰਤਰੀ ਰਾਹਤ ਕੋਸ਼ 'ਚ ਦੇਣ। ਪੰਚਾਇਤ ਮੰਤਰੀ ਨੇ ਸਨਅਤਕਾਰਾਂ ਅਤੇ ਵਪਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਇਸ ਸੰਕਟ ਦੇ ਸਮੇਂ 'ਚ ਦਿਲ ਖੋਲ੍ਹ ਕੇ ਮੁੱਖ ਮੰਤਰੀ ਰਾਹਤ ਕੋਸ਼ 'ਚ ਦਾਨ ਦੇਣ। ਉਨ੍ਹਾਂ ਕਿਹਾ ਕਿ ਇਸ ਰਾਹਤ ਕੋਸ਼ 'ਚ ਦਿੱਤਾ ਗਿਆ ਇੱਕ-ਇੱਕ ਰੁਪਿਆ ਕੋਰੋਨਾ ਖਿਲਾਫ ਜੰਗ ਲੜ ਰਹੇ ਅਮਲੇ ਲਈ ਸਹਾਈ ਹੋਵੇਗਾ।
STF ਸੰਗਰੂਰ ਦੀ ਵੱਡੀ ਸਫਲਤਾ, 5 ਲੱਖ ਦੀ ਡਰੱਗ ਮਨੀ ਸਮੇਤ 2 ਔਰਤਾਂ ਸਣੇ ਚਾਰ ਵਿਅਕਤੀ ਕਾਬੂ
NEXT STORY