ਫ਼ਿਰੋਜ਼ਪੁਰ (ਪਰਮਜੀਤ ਕੌਰ ਸੋਢੀ) : ਸਮਾਜ 'ਚ ਰਹਿੰਦਿਆਂ ਆਪਣੀ ਕਮਾਈ ਅਤੇ ਜਾਇਦਾਦ ਦਾ ਇੱਕ ਹਿੱਸਾ ਲੋਕ ਭਲਾਈ ਲਈ ਖ਼ਰਚ ਕਰਨ ਵਾਲੇ ਤਾਂ ਬਹੁਤ ਹਨ, ਪਰ ਆਪਣੀ ਨਿੱਜੀ ਜਾਇਦਾਦ ਨੂੰ ਹੀ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦੇਣਾ ਇੱਕ ਵੱਖਰੀ ਸੋਚ ਅਤੇ ਵੱਡੇ ਦਿਲ ਦੀ ਨਿਸ਼ਾਨੀ ਹੈ। ਅਜਿਹਾ ਹੀ ਪ੍ਰੇਰਣਾਦਾਇਕ ਫ਼ੈਸਲਾ ਇਲਾਕੇ ਦੇ ਉੱਘੇ ਸਮਾਜ ਸੇਵੀ ਕੁਲਦੀਪ ਸਿੰਘ ਭੁੱਲਰ ਵੱਲੋਂ ਲਿਆ ਗਿਆ ਹੈ। ਉਨ੍ਹਾਂ ਨੇ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਆਪਣੀ ਨਿੱਜੀ ਜਾਇਦਾਦ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਅੰਮ੍ਰਿਤਸਰ ਸਾਹਿਬ ਦੇ ਨਾਂ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੀ ਇਸ ਪਹਿਲ ਨੂੰ ਮਨੁੱਖਤਾ ਪ੍ਰਤੀ ਸਮਰਪਣ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ। ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਫ਼ੈਸਲਾ ਉਨ੍ਹਾਂ ਨੇ ਇਕੱਲਿਆਂ ਨਹੀਂ ਲਿਆ, ਸਗੋਂ ਉਨ੍ਹਾਂ ਦੀ ਪਤਨੀ ਰਣਜੀਤ ਕੌਰ ਭੁੱਲਰ ਅਤੇ ਦੋਵੇਂ ਸਪੁੱਤਰ ਅਰਸ਼ਦੀਪ ਸਿੰਘ ਭੁੱਲਰ ਤੇ ਦਿਲਦੀਪ ਸਿੰਘ ਭੁੱਲਰ ਨੇ ਵੀ ਇਸ ਨੇਕ ਕਾਰਜ ਲਈ ਪੂਰੀ ਸਹਿਮਤੀ ਦਿੱਤੀ। ਪਰਿਵਾਰ ਸਮੇਤ ਉਹ ਪਿੰਗਲਵਾੜਾ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੇ ਅਤੇ ਆਪਣੀ ਜਾਇਦਾਦ ਨਾਲ ਸਬੰਧਿਤ ਵਸੀਅਤ ਦੀ ਅਸਲ ਕਾਪੀ ਪਿੰਗਲਵਾੜਾ ਦੀ ਇੰਚਾਰਜ ਬੀਬੀ ਇੰਦਰਜੀਤ ਕੌਰ ਨੂੰ ਸੌਂਪੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮਨੁੱਖ ਦੀ ਅਸਲ ਪਛਾਣ ਉਸ ਦੀ ਜਾਇਦਾਦ, ਦੌਲਤ ਜਾਂ ਅਹੁਦੇ ਨਾਲ ਨਹੀਂ, ਸਗੋਂ ਉਸ ਵੱਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਨਾਲ ਬਣਦੀ ਹੈ। ਉਨ੍ਹਾਂ ਕਿਹਾ ਕਿ ਜੀਵਨ 'ਚ ਇਕੱਠੀ ਕੀਤੀ ਦੌਲਤ ਮਨੁੱਖ ਦੇ ਨਾਲ ਨਹੀਂ ਜਾਂਦੀ ਪਰ ਜੇਕਰ ਉਸੇ ਦੌਲਤ ਨੂੰ ਲੋੜਵੰਦਾਂ ਦੀ ਮਦਦ, ਬੇਸਹਾਰਿਆਂ ਦੀ ਸੰਭਾਲ ਅਤੇ ਸਮਾਜ ਦੀ ਬਿਹਤਰੀ ਲਈ ਵਰਤਿਆ ਜਾਵੇ ਤਾਂ ਇਸ ਦਾ ਲਾਭ ਲੰਬੇ ਸਮੇਂ ਤੱਕ ਲੋਕਾਂ ਨੂੰ ਮਿਲਦਾ ਰਹਿੰਦਾ ਹੈ। ਇਸੇ ਸੋਚ ਤਹਿਤ ਉਨ੍ਹਾਂ ਨੇ ਆਪਣੀ ਜਾਇਦਾਦ ਨੂੰ ਪਿੰਗਲਵਾੜਾ ਦੇ ਨਾਂ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਇਹ ਸੰਸਥਾ ਭਵਿੱਖ 'ਚ ਵੀ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਲਈ ਇਸ ਦਾ ਲਾਭ ਲੈ ਸਕੇ।
ਕੁਲਦੀਪ ਸਿੰਘ ਭੁੱਲਰ ਨੇ ਆਪਣੇ ਜੱਦੀ ਪਿੰਡ ਸਤੀਏ ਵਾਲਾ ਦੀ ਭਲਾਈ ਲਈ ਵੀ ਐਲਾਨ ਕੀਤਾ ਹੈ। ਉਨ੍ਹਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਲਈ 10 ਲੱਖ ਰੁਪਏ ਅਤੇ ਸਰਕਾਰੀ ਸਕੂਲ ਲਈ 10 ਲੱਖ ਰੁਪਏ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤਰ੍ਹਾਂ ਪਿੰਡ ਦੀਆਂ ਦੋ ਸੰਸਥਾਵਾਂ ਲਈ ਕੁੱਲ 20 ਲੱਖ ਰੁਪਏ ਦੀ ਰਕਮ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਉਸ ਕੋਲ ਜੋ ਵੀ ਕੁੱਝ ਹੈ, ਕਰੀਬ ਸਾਢੇ 3 ਕਰੋੜ ਦਾ ਦਾਨ ਕੀਤਾ ਜਾਵੇਗਾ। ਉਨ੍ਹਾਂ ਦਾ ਮਕਸਦ ਇਹ ਹੈ ਕਿ ਇਹ ਰਕਮ ਸਿਰਫ਼ ਇੱਕ ਵਾਰ ਖਰਚ ਨਾ ਹੋਵੇ, ਸਗੋਂ ਇਸ ਤੋਂ ਮਿਲਣ ਵਾਲੀ ਆਮਦਨ ਜਾਂ ਵਿਆਜ ਰਾਹੀਂ ਲੰਬੇ ਸਮੇਂ ਤੱਕ ਲੋੜਵੰਦਾਂ ਨੂੰ ਸਹਾਇਤਾ ਮਿਲਦੀ ਰਹੇ। ਗੁਰਦੁਆਰਾ ਸਾਹਿਬ ਲਈ ਦਿੱਤੀ ਜਾਣ ਵਾਲੀ ਰਕਮ ਦੇ ਵਿਆਜ ਵਿੱਚੋਂ ਗ੍ਰੰਥੀ ਸਿੰਘ ਨੂੰ ਤਨਖ਼ਾਹ ਤੋਂ ਇਲਾਵਾ ਵਾਧੂ ਆਰਥਿਕ ਸਹਾਇਤਾ ਦੇਣ ਦੀ ਵਿਵਸਥਾ ਕੀਤੀ ਜਾਵੇਗੀ। ਇਸੇ ਤਰ੍ਹਾਂ ਸਰਕਾਰੀ ਸਕੂਲ ਲਈ ਰੱਖੀ ਗਈ ਰਕਮ ਦੇ ਵਿਆਜ ਦੀ ਵਰਤੋਂ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ 'ਚ ਮਦਦ ਕਰਨ ਲਈ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਕਿਤਾਬਾਂ, ਕਾਪੀਆਂ, ਸਟੇਸ਼ਨਰੀ ਅਤੇ ਹੋਰ ਜ਼ਰੂਰੀ ਸਿੱਖਿਆ ਸਮੱਗਰੀ ਮੁਹੱਈਆ ਕਰਵਾਉਣ ਦੇ ਨਾਲ ਲੋੜ ਅਨੁਸਾਰ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਇਹ ਮਦਦ ਪਿੰਡ ਦੇ ਸਰਪੰਚ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੀ ਸਿਫ਼ਾਰਸ਼ ਦੇ ਆਧਾਰ ’ਤੇ ਦਿੱਤੀ ਜਾਵੇਗੀ।
ਸਮਾਜ ਸੇਵੀ ਭੁੱਲਰ ਨੇ ਮਨੁੱਖੀ ਸੇਵਾ ਨਾਲ ਜੁੜਿਆ ਇੱਕ ਹੋਰ ਸੰਕਲਪ ਲੈਂਦਿਆਂ ਮਰਨ ਉਪਰੰਤ ਆਪਣੇ ਸਾਰੇ ਅੰਗ ਦਾਨ ਕਰਨ ਦਾ ਫ਼ੈਸਲਾ ਵੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੌਤ ਤੋਂ ਬਾਅਦ ਵੀ ਕਿਸੇ ਮਨੁੱਖ ਦੇ ਅੰਗ ਕਿਸੇ ਹੋਰ ਲੋੜਵੰਦ ਦੀ ਜ਼ਿੰਦਗੀ ਬਚਾਉਣ ਜਾਂ ਉਸ ਨੂੰ ਨਵੀਂ ਜ਼ਿੰਦਗੀ ਦੇਣ ਦੇ ਕੰਮ ਆ ਸਕਣ ਤਾਂ ਇਸ ਤੋਂ ਵੱਡੀ ਮਨੁੱਖੀ ਸੇਵਾ ਹੋਰ ਕੋਈ ਨਹੀਂ ਹੋ ਸਕਦੀ। ਇਸ ਦੇ ਨਾਲ ਹੀ ਉਹ ਆਪਣੇ ਪਿੰਡ ਸਤੀਏ ਵਾਲਾ 'ਚ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਲਈ ਮੁਫ਼ਤ ਯੋਗ ਆਸਣ ਕਲਾਸਾਂ ਵੀ ਚਲਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਿਰਫ਼ ਨਸੀਹਤਾਂ ਦੇਣਾ ਕਾਫ਼ੀ ਨਹੀਂ, ਸਗੋਂ ਉਨ੍ਹਾਂ ਨੂੰ ਖੇਡਾਂ, ਯੋਗ, ਸਿਹਤਮੰਦ ਗਤੀਵਿਧੀਆਂ ਅਤੇ ਉਸਾਰੂ ਮਾਹੌਲ ਨਾਲ ਜੋੜਨਾ ਵੀ ਜ਼ਰੂਰੀ ਹੈ। ਯੋਗ ਕੇਂਦਰ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਨਾਲ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਕੁਲਦੀਪ ਸਿੰਘ ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਕੋਈ ਨੌਜਵਾਨ ਨਸ਼ੇ ਦੀ ਲਤ ਦਾ ਸ਼ਿਕਾਰ ਹੈ ਤਾਂ ਉਸ ਨੂੰ ਸਮਾਜ ਤੋਂ ਵੱਖ ਕਰਨ ਜਾਂ ਨਿਰਾਸ਼ ਕਰਨ ਦੀ ਬਜਾਏ ਉਸ ਦੀ ਮਦਦ ਕੀਤੀ ਜਾਵੇ। ਪਰਿਵਾਰਕ ਮੈਂਬਰ ਅਤੇ ਸਮਾਜ ਮਿਲ ਕੇ ਅਜਿਹੇ ਨੌਜਵਾਨਾਂ ਨੂੰ ਪਿਆਰ, ਹੌਸਲੇ ਅਤੇ ਸਹੀ ਮਾਰਗਦਰਸ਼ਨ ਰਾਹੀਂ ਮੁੜ ਆਮ ਜੀਵਨ ਨਾਲ ਜੋੜਨ ਦੀ ਕੋਸ਼ਿਸ਼ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਸਿਰਫ਼ ਸਰਕਾਰ ਜਾਂ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।
27 ਅਗਸਤ ਦੇ ਮਹਾਂਬੰਦ ਦੌਰਾਨ 'ਸਮੂਹਿਕ ਛੁੱਟੀ' ਦਾ ਐਲਾਨ
NEXT STORY