ਬਰਨਾਲਾ,(ਵਿਵੇਕ, ਰਵੀ) : ਪੰਜਾਬ 'ਚ ਛੋਟੀਆਂ ਤੇ ਨਾਬਾਲਗ ਬੱਚੀਆਂ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ ਫਿਰ ਤੋਂ ਵਧ ਗਈਆਂ ਹਨ। ਪਿਛਲੇ ਇਕ ਹਫਤੇ 'ਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। 26 ਮਈ ਨੂੰ ਧੂਰੀ 'ਚ ਇਕ ਪ੍ਰਾਈਵੇਟ ਸਕੂਲ 'ਚ ਪੜ੍ਹਨ ਵਾਲੀ 4 ਸਾਲਾ ਬੱਚੀ ਨਾਲ ਸਕੂਲ ਬੱਸ ਕੰਡਕਟਰ ਨੇ ਜਬਰ-ਜ਼ਨਾਹ ਕੀਤਾ। ਇਸੇ ਤਰ੍ਹਾਂ ਹੀ 26 ਮਈ ਨੂੰ ਹੀ ਜ਼ਿਲਾ ਅੰਮ੍ਰਿਤਸਰ ਦੇ ਬੱਲਰਵਾਲ ਪਿੰਡ 'ਚ 15 ਸਾਲਾ ਨਾਬਾਲਗਾ ਨਾਲ ਜਬਰ-ਜ਼ਨਾਹ ਕਰਦੇ ਇਕ ਨੌਜਵਾਨ ਨੂੰ ਫੜਿਆ ਗਿਆ। 28 ਮਈ ਨੂੰ ਸੁਲਤਾਨਪੁਰ ਲੋਧੀ 'ਚ ਇਕ ਮਜ਼ਦੂਰ ਨੇ 3 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕੀਤਾ। 'ਜਗ ਬਾਣੀ' ਨੇ ਪਿਛਲੇ ਵਰ੍ਹੇ ਇਨ੍ਹਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਸੀ, ਜੋ ਕਿ ਰੰਗ ਵੀ ਲਿਆਈ ਸੀ। ਪੰਜਾਬ ਸਰਕਾਰ ਨੇ ਇਨ੍ਹਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਕਾਨੂੰਨ ਪਾਸ ਕੀਤਾ ਸੀ ਪਰ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਦੇਣ 'ਚ ਅਜੇ ਵੀ ਦੇਰੀ ਹੋ ਰਹੀ ਹੈ, ਜਿਸ ਦਾ ਦੋਸ਼ੀ ਲਾਭ ਉਠਾ ਰਹੇ ਹਨ। ਇਨ੍ਹਾਂ ਦੋਸ਼ੀਆਂ ਨੂੰ ਜਲਦੀ ਸਜ਼ਾ ਦੇਣ ਦੀ ਮੰਗ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਕੀਤੀ ਹੈ।
ਸਪੈਸ਼ਲ ਫਾਸਟ ਟਰੈਕ ਕੋਰਟਾਂ ਦਾ ਕੀਤਾ ਜਾਵੇਗਾ ਗਠਨ
ਕਿੰਗਜ਼ ਗਰੁੱਪ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਹਰਦੇਵ ਸਿੰਘ ਲੀਲਾ ਬਾਜਵਾ ਨੇ ਕਿਹਾ ਕਿ ਅਜਿਹੇ ਦੋਸ਼ੀਆਂ ਲਈ ਸਰਕਾਰ ਸਪੈਸ਼ਲ ਫਾਸਟ ਟਰੈਕ ਕੋਰਟਾਂ ਦਾ ਗਠਨ ਕਰੇ ਤਾਂ ਕਿ ਨਾਬਾਲਿਗ ਤੇ ਛੋਟੀਆਂ ਬੱਚੀਆਂ ਨਾਲ ਜਬਰ ਜਨਾਹ ਕਰਨ ਵਾਲਿਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਮਿਲ ਸਕੇ। ਦੇਰੀ ਨਾਲ ਕੀਤੇ ਗਏ ਇਨਸਾਫ ਕਾਰਨ ਇਨ੍ਹਾਂ ਲੋਕਾਂ ਨੂੰ ਸ਼ਹਿ ਮਿਲਦੀ ਹੈ। ਪਿਛਲੇ ਕੁਝ ਹੀ ਦਿਨਾਂ 'ਚ ਜਬਰ ਜਨਾਹ ਦੀਆਂ ਘਟਨਾਵਾਂ 'ਚ ਵਾਧਾ ਹੋ ਗਿਆ। ਜੇਕਰ ਫਾਸਟ ਟ੍ਰੈਕ ਕੋਰਟ ਦਾ ਗਠਨ ਹੋ ਜਾਵੇ ਤਾਂ ਇਹਨਾਂ ਅਪਰਾਧਾਂ 'ਚ ਭਾਰੀ ਕਮੀ ਆ ਜਾਵੇਗੀ।
ਗੈਸ ਪਾਈਪ ਲੀਕ ਹੋਣ ਕਾਰਨ ਲੱਗੀ ਅੱਗ, ਬੁਰੀ ਝੁਲਸੀ ਔਰਤ
NEXT STORY