ਭਵਾਨੀਗੜ੍ਹ/ਸੰਗਰੂਰ (ਦਲਜੀਤ ਸਿੰਘ ਬੇਦੀ,ਕਾਂਸਲ) - ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਅੱਜ ਸੰਗਰੂਰ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਕਰੋੜਾਂ ਰੁਪਏ ਦੀ ਲਾਗਤ ਨਾਲ ਪੂਰੇ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਦੇ ਨਾਲ-ਨਾਲ ਲੱਖਾਂ ਰੁਪਏ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਤੇ ਹਲਕਾ ਸੰਗਰੂਰ ਤੋਂ ਵਿਧਾਇਕ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਪਿੰਡ ਕਾਲਾਝਾੜ ਵਿਖੇ ਤਕਰੀਬਨ 67 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤੇ ਗਏ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਕੈਬਨਿਟ ਮੰਤਰੀ ਨੇ ਰਾਜਪੁਰਾ ਅਤੇ ਮਸਾਣੀ ਪਿੰਡਾਂ ਦੀਆਂ ਫਿਰਨੀਆਂ ਲਗਭਗ 36 ਲੱਖ ਰੁਪਏ ਦੀ ਲਾਗਤ ਨਾਲ ਪੱਕੀਆਂ ਕਰਵਾਉਣ ਲਈ ਕੰਮ ਦੀ ਸ਼ੁਰੂਆਤ ਕਰਵਾਈ ਅਤੇ ਨਾਲ ਹੀ ਦੋਵਾਂ ਪਿੰਡਾਂ ਦੀਆਂ ਮੁੱਖ ਸੜਕਾਂ ਨੂੰ ਤਕਰੀਬਨ 2.5 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤੇ ਜਾਣ ਦੇ ਕੰਮ ਦਾ ਜਾਇਜ਼ਾ ਲਿਆ।
ਇਸੇ ਦੌਰਾਨ ਸ਼੍ਰੀ ਸਿੰਗਲਾ ਨੇ ਪਿੰਡ ਰਾਜਪੁਰਾ ਵਿਖੇ ਸਰਕਾਰੀ ਹਾਈ ਸਕੂਲ ’ਚ ਨਵੇਂ ਬਣਾਏ ਜਾਣ ਵਾਲੇ ਖੇਡ ਪਾਰਕ ਦੇ ਕੰਮ ਦੀ ਟੱਕ ਲਗਾ ਕੇ ਸ਼ੁਰੂਆਤ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਪਿੰਡ ਫੱਗੂਵਾਲਾ ਵਿਖੇ ਲਗਭਗ 54 ਲੱਖ ਦੀ ਲਾਗਤ ਨਾਲ ਅਪਗ੍ਰੇਡ ਕੀਤੇ ਗਏ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਵੀ ਉਦਘਾਟਨ ਕਰਨ ਦੇ ਨਾਲ-ਨਾਲ ਪਿੰਡ ’ਚ 40 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਪੰਚਾਇਤ ਘਰ ਦਾ ਵੀ ਨੀਂਹ ਪੱਥਰ ਰੱਖਿਆ। ਇਸ ਤੋਂ ਬਾਅਦ ਸ਼੍ਰੀ ਸਿੰਗਲਾ ਨੇ ਪਿੰਡ ਰੂਪਾਹੇੜੀ ਵਿਖੇ ਵੀ 40 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਭਵਾਨੀਗੜ ਤੇ ਸੰਗਰੂਰ ਬਲਾਕ ਦੇ ਪਿੰਡਾਂ ’ਚ ਪੰਜਾਬ ਦੇ ਸਾਰੇ ਬਲਾਕਾਂ ਤੋਂ ਵੱਧ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਮੇਰਾ ਵਿਧਾਇਕ ਵਜੋਂ 5 ਸਾਲ ਦਾ ਕਾਰਜਕਾਲ ਪੂਰਾ ਹੋਣ ’ਤੇ ਸੰਗਰੂਰ ਪਿੰਡਾਂ ਦੇ ਸਰਵਪੱਖੀ ਵਿਕਾਸ ਪੱਖੋਂ ਪੰਜਾਬ ਦਾ ਮੋਹਰੀ ਹਲਕਾ ਬਣੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ ਸਾਰੇ ਸੂਬੇ ਅੰਦਰ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਅਪਗ੍ਰੇਡ ਕੀਤਾ ਜਾ ਰਿਹਾ ਹੈ ਜਿਨ੍ਹਾਂ ’ਚ ਨਵੇਂ ਕਮਰੇ, ਲਾਇਬ੍ਰੇਰੀ, ਕਲਾਸਾਂ ’ਚ ਪ੍ਰੋਜੈਕਟਰ, ਖੇਡਾਂ ਦਾ ਸਾਮਾਨ, ਸੀ.ਸੀ.ਟੀ.ਵੀ. ਕੈਮਰੇ, ਐਜੂਕੇਸ਼ਨਲ ਪਾਰਕ ਆਦਿ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਸਦਕਾ ਸਕੂਲਾਂ ’ਚ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦਾਖਲਿਆਂ ’ਚ 14 ਫੀਸਦ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸਰਕਾਰੀ ਸਕੂਲਾਂ ’ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਭਰਭੂਰ ਬੂਰ ਪਿਆ ਹੈ ਅਤੇ ਇਸੇ ਸਦਕਾ ਹੁਣ ਸਰਕਾਰੀ ਸਕੂਲਾਂ ਦਾ ਨਤੀਜਾ ਪ੍ਰਾਇਵੇਟ ਸਕੂਲਾਂ ਤੋਂ ਬਿਹਤਰ ਆ ਰਿਹਾ ਹੈ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸੰਗਰੂਰ ਹਲਕੇ ਦੇ ਪਿੰਡਾਂ ’ਚ ਛੱਪੜਾਂ ਦੀ ਸਫ਼ਾਈ ਦਾ ਕੰਮ ਨਮੂਨੇ ਦੇ ਪੱਧਰ ਦਾ ਹੋਇਆ ਹੈ। ਜਿਸਦੀ ਗਵਾਹੀ ਪਿੰਡ ਵਾਸੀ ਆਪ ਭਰਦੇ ਹਨ। ਉਨ੍ਹਾਂ ਕਿਹਾ ਕਿ ਮਗਨਰੇਗਾ ਸਕੀਮ ਤਹਿਤ ਪੰਚਾਇਤ ਵਿਭਾਗ ਤੋਂ ਲੈ ਕੇ ਸਿੱਖਿਆ ਤੇ ਹੋਰਨਾਂ ਵਿਭਾਗਾਂ ’ਚ ਲੋੜੀਂਦਾ ਕੰਮ ਕਰਵਾਇਆ ਜਾ ਰਿਹਾ ਹੈ ਤੇ ਜਲਦ ਹੀ ਸੰਗਰੂਰ ਹਲਕੇ ਦੇ ਹਰ ਪਿੰਡ ’ਚ ਲੋੜੀਂਦੀ ਸਹੂਲਤ ਮੌਜੂਦ ਹੋਵੇਗੀ। ਇਸ ਮੌਕੇ ਕੈਬਨਿਟ ਮੰਤਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਪਿੰਡਾਂ ਅੰਦਰ ਬੱਚਿਆਂ ਦੀ ਸਿਹਤ ਜਾਂਚ ਲਈ ਵਿਸ਼ੇਸ਼ ਕੈਂਪ ਲਗਾਉਣ ਦੀ ਵੀ ਤਾਕੀਦ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ, ਐਸ.ਐਸ.ਪੀ. ਡਾ. ਸੰਦੀਪ ਗਰਗ, ਏ.ਡੀ.ਸੀ. ਡੀ. ਰਜਿੰਦਰ ਸਿੰਘ ਬੱਤਰਾ, ਐਸ.ਪੀ. ਕਰਨਵੀਰ ਸਿੰਘ, ਐਸ.ਡੀ.ਐਮ. ਭਵਾਨੀਗੜ੍ਹ ਡਾ. ਕਰਮਜੀਤ ਸਿੰਘ, ਐਸ.ਡੀ.ਐਮ. ਸੰਗਰੂਰ ਬਬਨਦੀਪ ਸਿੰਘ ਵਾਲੀਆ, ਡੀ.ਐਸ.ਪੀ. ਗੋਬਿੰਦਰ ਸਿੰਘ, ਸਕੂਲ ਮੁਖੀ ਤੇ ਸਟਾਫ਼ ਤੇ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਕੋਰੋਨਾ ਮਰੀਜ਼ ਦਾ ਪਿਉ ਬੋਲਿਆ, 3 ਕਤਲ ਕੀਤੇ, 30 ਸਾਲ ਜੇਲ ਕੱਟੀ, ਕਿਤੇ ਚੌਥਾ ਕਤਲ ਨਾ ਕਰਨਾ ਪੈ ਜਾਵੇ
NEXT STORY