ਚੰਡੀਗੜ੍ਹ (ਸ਼ਰਮਾ)— ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਤੇਜ਼ ਗਰਮੀ ਕਾਰਣ ਸੂਬੇ ਦੀਆਂ ਸਾਰੀਆਂ ਨਹਿਰਾਂ ਸੁੱਕ ਚੁੱਕੀਆਂ ਹਨ ਤੇ ਜਾਂ ਫਿਰ ਇਨ੍ਹਾਂ 'ਚ ਸਮਰਥਾ ਤੋਂ ਘੱਟ ਪਾਣੀ ਰਹਿ ਗਿਆ ਹੈ। ਫਿਰ ਵੀ ਸਰਕਾਰ ਲਗਭਗ 15 ਤੋਂ 20 ਹਜ਼ਾਰ ਕਿਊਸਿਕ ਪਾਣੀ ਪਾਕਿਸਤਾਨ ਨੂੰ ਛੱਡ ਰਹੀ ਹੈ।
ਖਹਿਰਾ ਨੇ ਕਿਹਾ ਕਿ ਜੂਨ ਮਹੀਨੇ 'ਚ ਜਦ ਭਾਖੜਾ ਡੈਮ ਦੇ ਵਾਟਰ ਲੈਵਲ ਦੇ ਵਧਣ ਦਾ ਕੋਈ ਵੀ ਖਤਰਾ ਨਹੀਂ ਹੈ ਤਾਂ ਇੰਨੇ ਵੱਡੇ ਪੱਧਰ 'ਤੇ ਪਾਣੀ ਛੱਡਿਆ ਜਾਣਾ ਸਮਝ ਤੋਂ ਪਰੇ ਹੈ। ਖਹਿਰਾ ਨੇ ਕਿਹਾ ਕਿ ਜਿਥੇ ਇੰਨੇ ਵੱਡੇ ਪੱਧਰ 'ਤੇ ਪਾਕਿਸਤਾਨ ਨੂੰ ਸਾਡਾ ਬੇਸ਼ਕੀਮਤੀ ਪਾਣੀ ਛੱਡਿਆ ਜਾ ਰਿਹਾ ਹੈ। ਉਥੇ ਹੀ ਸਾਡੀਆਂ ਮੁੱਖ ਨਹਿਰਾਂ ਅਤੇ ਸੂਏ ਲਗਭਗ ਸੁੱਕੇ ਪਏ ਹਨ, ਜਿਸ ਕਾਰਨ ਸਾਡੇ ਕਿਸਾਨਾਂ ਅਤੇ ਸਧਾਰਨ ਨਾਗਰਿਕਾਂ ਦੇ ਦੁੱਖਾਂ 'ਚ ਵਾਧਾ ਹੋ ਰਿਹਾ ਹੈ। ਖਹਿਰਾ ਨੇ ਕਿਹਾ ਕਿ ਇਹ ਰਿਕਾਰਡ ਦੀ ਗੱਲ ਹੈ ਕਿ ਦੋਆਬਾ ਅਤੇ ਮਾਝਾ ਦੀਆਂ ਮੁੱਖ ਨਹਿਰਾਂ ਬਿਸਤ ਦੋਆਬ ਨਹਿਰ ਅਤੇ ਅੱਪਰ ਬਾਰੀ ਦੋਆਬ ਨਹਿਰ 'ਚ ਸਿੰਚਾਈ ਲਈ ਬਿਲਕੁਲ ਵੀ ਪਾਣੀ ਨਹੀਂ ਹੈ।
ਖਹਿਰਾ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਸਾਡੀਆਂ ਮਾਲਵਾ ਦੀਆਂ ਮੁੱਖ ਨਹਿਰਾਂ ਜਾਂ ਤਾਂ ਬਿਲਕੁਲ ਸੁੱਕੀਆਂ ਚੱਲ ਰਹੀਆਂ ਹਨ ਜਾਂ ਫਿਰ ਉਨ੍ਹਾਂ 'ਚ ਨਾਮਾਤਰ ਪਾਣੀ ਹੈ। ਮਿਸਾਲ ਦੇ ਤੌਰ 'ਤੇ ਮੁਕਤਸਰ ਤੇ ਫਿਰੋਜ਼ਪੁਰ ਨੂੰ ਪਾਣੀ ਦੇਣ ਵਾਲੀ 3,000 ਕਿਊਸਿਕ ਸਮੱਰਥਾ ਵਾਲੀ ਈਸਟਰਨ ਨਹਿਰ ਪੂਰੀ ਤਰ੍ਹਾਂ ਨਾਲ ਸੁੱਕੀ ਹੋਈ ਹੈ। ਇਸੇ ਤਰ੍ਹਾਂ ਹੀ ਗੋਲੇਵਾਲਾ ਮਾਈਨਰ ਤੇ ਫਰੀਦਕੋਟ ਦੀਆਂ ਛੋਟੀਆਂ ਨਹਿਰਾ ਸੂਏ ਮੁਕੰਮਲ ਤੌਰ 'ਤੇ ਸੁੱਕੇ ਹੋਏ ਹਨ, 500 ਕਿਊਸਿਕ ਸਮੱਰਥਾ ਵਾਲਾ ਲਾਧੂ ਕੇ ਵਾਲਾ ਮਾਈਨਰ ਵੀ ਸੁੱਕਾ ਪਿਆ ਹੈ, ਪਾਕਿਸਤਾਨ ਬਾਰਡਰ ਦੇ ਨਾਲ-ਨਾਲ ਵਗਣ ਵਾਲੀ 250 ਕਿਊਸਿਕ ਸਮੱਰਥਾ ਵਾਲੀ ਲਛਮਣ ਨਹਿਰ ਪੂਰੀ ਤਰ੍ਹਾਂ ਨਾਲ ਸੁੱਕੀ ਪਈ ਹੈ, 250 ਕਿਊਸਿਕ ਸਮੱਰਥਾ ਵਾਲੇ ਬੋਹਾ ਰਜਵਾਹੇ 'ਚ ਬਿਲਕੁਲ ਵੀ ਪਾਣੀ ਨਹੀਂ ਹੈ, 2,300 ਕਿਊਸਿਕ ਵਾਲੀ ਬਠਿੰਡਾ ਨਹਿਰ 'ਚ ਸਿਰਫ 250 ਕਿਊਸਿਕ ਪਾਣੀ ਹੈ, 600 ਕਿਊਸਿਕ ਵਾਲੀ ਫਰੀਦਕੋਟ ਨਹਿਰ ਵੀ ਸੁੱਕੀ ਪਈ ਹੈ। ਖਹਿਰਾ ਨੇ ਕਿਹਾ ਕਿ ਹੈਰਾਨੀਜਨਕ ਢੰਗ ਨਾਲ 9,000 ਕਿਊਸਿਕ ਵਾਲਾ ਰਾਜਸਥਾਨ ਫੀਡਰ ਅਤੇ 2,500 ਕਿਊਸਿਕ ਵਾਲੀ ਗੰਗ ਨਹਿਰ 'ਚ ਸਮੱਰਥਾ ਤੋਂ ਵਧ ਪਾਣੀ ਹੈ ਤੇ ਓਵਰ ਫਲੋਅ ਹੈ। ਰਾਜਸਥਾਨ ਨੂੰ ਇੰਨੇ ਵੱਡੇ ਪੱਧਰ 'ਤੇ ਪਾਣੀ ਕਿਉਂ ਭੇਜਿਆ ਜਾ ਰਿਹਾ ਹੈ ਜਦਕਿ ਪੰਜਾਬ ਦੀਆਂ ਨਹਿਰਾਂ ਸੁੱਕੀਆ ਪਈਆਂ ਹਨ?
ਡੀ.ਸੀ. ਫ਼ਾਜ਼ਿਲਕਾ ਵਲੋਂ ਖੁੱਲ੍ਹੇ ਬੋਰਾਂ ਤੇ ਖੂਹਾਂ ਨੂੰ ਚੰਗੀ ਤਰ੍ਹਾਂ ਬੰਦ ਕਰਨ ਦੇ ਨਿਰਦੇਸ਼
NEXT STORY