ਤਪਾ ਮੰਡੀ (ਸ਼ਾਮ, ਗਰਗ) : ਪੰਜਾਬ ਭਾਜਪਾ ਯੂਥ ਵਿੰਗ ਦੇ ਪ੍ਰਧਾਨ ਭਾਣੂ ਪ੍ਰਤਾਪ ਰਾਣਾ ਨੇ ਆਪਣੇ ਦੌਰੇ ਦੌਰਾਨ ਇੱਥੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਆਪਣੇ ਦਮ 'ਤੇ ਪੰਜਾਬ ਦੇ 117 ਹਲਕਿਆਂ 'ਚ ਉਮੀਦਵਾਰ ਉਤਾਰੇਗੀ ਅਤੇ ਪੰਜਾਬ 'ਚ ਸਰਕਾਰ ਬਣਾਵੇਗੀ ਅਤੇ ਪੰਜਾਬ 'ਚ ਆਉਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਜਿੱਤੇਗੀ।
ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਸਮੇਤ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਭਰਮ ਫੈਲਾਇਆ ਜਾ ਰਿਹਾ ਹੈ ਕਿ ਮੰਡੀਕਰਨ ਬੋਰਡ ਅਤੇ ਐੱਮ. ਐੱਸ. ਪੀ. ਟੁੱਟ ਜਾਣਗੇ, ਜਿਸ ਨਾਲ ਕਿਸਾਨਾਂ ਦੀਆਂ ਫ਼ਸਲਾਂ ਰੁਲਣ ਲੱਗ ਜਾਣਗੀਆਂ ਅਤੇ ਉਨ੍ਹਾਂ ਦੀਆਂ ਜ਼ਮੀਨਾਂ 'ਤੇ ਅੰਬਾਨੀ-ਅਡਾਨੀ ਕਬਜ਼ਾ ਕਰ ਲੈਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਕਾਨੂੰਨ 'ਚ ਇਹ ਕਿਤੇ ਨਹੀਂ ਲਿਖਿਆ ਕਿ ਐੱਮ. ਐੱਸ. ਪੀ. ਅਤੇ ਮੰਡੀਕਰਨ ਬੋਰਡ ਟੁੱਟ ਜਾਵੇਗਾ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਅੰਬਾਨੀ-ਅਡਾਨੀ ਦੱਬ ਲੈਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ 33 ਜ਼ਿਲ੍ਹਿਆਂ 'ਚ ਯੂਥ ਨੂੰ ਭਾਜਪਾ ਨਾਲ ਜੋੜਨ ਲਈ ਉਨ੍ਹਾਂ ਦਾ ਪੰਜਾਬ ਅੰਦਰ ਇਹ ਨਾਅਰਾ ਹੈ ਕਿ 'ਇਕ ਬੂਥ' ਦਸ ਯੂਥ', ਜਿਸ ਦੇ ਚੱਲਦਿਆਂ ਉਹ ਪੰਜਾਬ ਦੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਦਿਨ-ਰਾਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਚੋਣਾਂ ਸਮੇਂ ਪੰਜਾਬ ਦੇ 90 ਹਜ਼ਾਰ ਕਿਸਾਨਾਂ ਨੂੰ ਕਿਹਾ ਗਿਆ ਸੀ ਕਿ ਕਰਜ਼ਾ ਮੁਆਫ਼ ਕੀਤਾ ਜਾਵੇਗਾ ਪਰ ਅੱਜ ਤੱਕ ਕਿਸੇ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ, ਸਗੋਂ ਕਾਗਜ਼ਾਂ 'ਚ ਕਰਜ਼ਾ ਮੁਆਫੀ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਹੀ ਨਹੀਂ, ਪੂਰੇ ਦੇਸ਼ ਦੇ ਲੋਕ ਜਾਣ ਚੁੱਕੇ ਹਨ ਕਿ ਪ੍ਰਧਾਨ ਮੰਤਰੀ ਬਣਦਿਆਂ ਹੀ ਮੋਦੀ ਜੀ ਵੱਲੋਂ ਦੇਸ਼ ਨੂੰ ਤਰੱਕੀ ਦੀਆਂ ਰਾਹਾਂ 'ਤੇ ਤੋਰਿਆਂ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਮਾਹੌਲ ਖ਼ਰਾਬ ਕਰਨ ਵਾਲਿਆਂ ਨੂੰ ਪੰਜਾਬ ਦਾ ਯੂਥ ਮੁਆਫ਼ ਨਹੀਂ ਕਰੇਗਾ। ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਖਵੰਤ ਸਿੰਘ ਧਨੋਲਾ, ਜ਼ਿਲ੍ਹਾ ਭਾਜਪਾ ਪ੍ਰਧਾਨ ਯਾਦਵਿੰਦਰ ਸ਼ੰਟੀ, ਜ਼ਿਲ੍ਹਾ ਯੂਥ ਪ੍ਰਧਾਨ ਇੰਦਰਜੀਤ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਰਾਕੇਸ ਗੋਇਲ, ਜ਼ਿਲ੍ਹਾਮੀਤ ਪ੍ਰਧਾਨ ਮਨੋਜ ਕੁਮਾਰ ਮੌਜੀ, ਦਰਸ਼ਨ ਸਿੰਘ ਨੈਣੇਵਾਲੀਆ, ਗੁਰਮੀਤ ਬਾਵਾ, ਸ਼ਿਵ ਕੁਮਾਰ ਬਰਨਾਲਾ ਅਤੇ ਖੇਮਕਰਨ ਮਲੋਟ ਵਾਲਾ ਆਦਿ ਹਾਜ਼ਰ ਸਨ।
ਜਨਮ ਦਿਨ ਮੌਕੇ ਸਾਈਬਰ ਸੈੱਲ ਦੇ ਇੰਸਪੈਕਟਰ ਬਲਦੇਵ ਸਿੰਘ ਦੀ ਮੌਤ
NEXT STORY