ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਪੰਜਾਬ ਅੰਦਰ ਆਏ ਹੜ ਅਤੇ ਭਾਰੀ ਬਰਸਾਤ ਨੇ ਲੋਕਾਂ ਦੀ ਜ਼ਿੰਦਗੀ ਵਿਚ ਕਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਸਰਕਾਰ, ਪ੍ਰਸ਼ਾਸਨ, ਰਾਜਨੀਤਿਕ ਪਾਰਟੀਆਂ, ਪੰਜਾਬੀ ਗਾਇਕ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਹੜ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ਮੁਹਿੰਮ ਵਿਚ ਹੁਣ ਮਾਸੂਮ ਬੱਚੇ ਵੀ ਆਪਣਾ ਯੋਗਦਾਨ ਪਾ ਰਹੇ ਹਨ। ਇਸ ਦੀ ਇਕ ਮਿਸਾਲ ਅੱਜ ਬਰਨਾਲਾ ਵਿਚ ਦੇਖਣ ਨੂੰ ਮਿਲੀ ਜਦੋਂ ਸਿਰਫ਼ ਸਾਢੇ ਚਾਰ ਸਾਲ ਦੇ ਹਰਗੁਣ ਸਿੰਘ, ਪੁੱਤਰ ਧਰਮਿੰਦਰ ਸਿੰਘ, ਨੇ ਆਪਣੇ ਗੋਲਕ ਦੀ ਰਕਮ ਹੜ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੂੰ ਸੌਂਪੀ।
ਮਾਸੂਮ ਦਿਲ ਦਾ ਵੱਡਾ ਜਜ਼ਬਾ
ਹਰਗੁਣ ਸਿੰਘ, ਜੋ ਵਾਈ.ਐਸ ਸਕੂਲ ਹੰਡਿਆਇਆ ਦੀ ਐਲ.ਕੇ.ਜੀ ਕਲਾਸ ਵਿੱਚ ਪੜ੍ਹਦਾ ਹੈ, ਆਪਣੇ ਦਾਦੇ ਸਾਧੂ ਸਿੰਘ ਅਤੇ ਮਾਤਾ ਸਿਮਰਨ ਦੇ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚਿਆ। ਉਸ ਨੇ ਆਪਣੀ ਗੋਲਕ ਰਕਮ ਸਮੇਤ ਨਗਦ ਸਹਾਇਤਾ ਹੜ ਪੀੜਤ ਲੋਕਾਂ ਦੀ ਮਦਦ ਲਈ ਪ੍ਰਸ਼ਾਸਨ ਨੂੰ ਸੌਂਪੀ। ਇਸ ਦੌਰਾਨ ਮਾਸੂਮ ਬੱਚੇ ਨੇ ਹੜ ਪੀੜਤ ਪਰਿਵਾਰਾਂ ਲਈ ਆਪਣੇ ਭਾਵ ਵੀ ਪ੍ਰਗਟ ਕੀਤੇ।
ਡੀ.ਸੀ. ਵੱਲੋਂ ਬੱਚੇ ਦੀ ਹੌਸਲਾ ਅਫ਼ਜ਼ਾਈ
ਡਿਪਟੀ ਕਮਿਸ਼ਨਰ ਟੀ ਬੈਨਿਥ ਨੇ ਛੋਟੇ ਹਰਗੁਣ ਦੀ ਸਲਾਹਣਾ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹੜਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ, ਉੱਥੇ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕ ਵੀ ਅੱਗੇ ਆ ਰਹੇ ਹਨ। ਅੱਜ ਇਕ ਛੋਟੇ ਬੱਚੇ ਨੇ ਆਪਣਾ ਗੋਲਕ ਹੜ ਪੀੜਤਾਂ ਦੀ ਮਦਦ ਲਈ ਭੇਂਟ ਕਰਕੇ ਮਨੁੱਖਤਾ ਦੀ ਵੱਡੀ ਮਿਸਾਲ ਪੇਸ਼ ਕੀਤੀ ਹੈ। ਉਹਨਾਂ ਕਿਹਾ ਕਿ ਇਹ ਬੱਚਾ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਣਾ ਸਰੋਤ ਹੈ ਅਤੇ ਉਸਦੇ ਚੰਗੇ ਭਵਿੱਖ ਲਈ ਉਹ ਦੁਆ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਲਈ ਕੇਂਦਰ ਦਾ ਇਕ ਹੋਰ ਅਹਿਮ ਫ਼ੈਸਲਾ! ਜਲਦ ਮਿਲੇਗਾ ਖ਼ਾਸ ਤੋਹਫ਼ਾ
ਹਰਗੁਣ ਸਿੰਘ ਦੇ ਦਾਦੇ ਸਾਧੂ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਦਾ ਪੋਤਾ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਜ਼ੋਰ ਦੇ ਰਿਹਾ ਸੀ। ਉਹ ਚਾਹੁੰਦਾ ਸੀ ਕਿ ਉਸਦਾ ਗੋਲਕ, ਜਿਸ ਵਿੱਚ ਉਹ ਕਾਫੀ ਸਮੇਂ ਤੋਂ ਪੈਸੇ ਇਕੱਠੇ ਕਰ ਰਿਹਾ ਸੀ, ਉਹ ਲੋੜਵੰਦ ਲੋਕਾਂ ਦੇ ਕੰਮ ਆਵੇ। ਅੱਜ ਉਸ ਦੀ ਇਹ ਇੱਛਾ ਪੂਰੀ ਹੋਈ ਹੈ ਜਦੋਂ ਉਹ ਆਪਣੇ ਪਰਿਵਾਰ ਦੇ ਨਾਲ ਡਿਪਟੀ ਕਮਿਸ਼ਨਰ ਕੋਲ ਪਹੁੰਚ ਕੇ ਆਪਣਾ ਗੋਲਕ ਭੇਟ ਕਰਨ ਵਿੱਚ ਸਫਲ ਰਿਹਾ।
ਮਦਦ ਲਈ ਅਪੀਲ
ਡੀਸੀ ਟੀ ਬੈਨਿਥ ਨੇ ਇਸ ਮੌਕੇ ਤੇ ਕਿਹਾ ਕਿ ਹੜ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਜੋ ਵੀ ਸਮਾਜ ਸੇਵੀ ਸੰਸਥਾਵਾਂ ਜਾਂ ਵਿਅਕਤੀ ਅੱਗੇ ਆਉਣਾ ਚਾਹੁੰਦੇ ਹਨ, ਉਹ ਸਿੱਧਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਰ ਸਕਦੇ ਹਨ। ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਸਹਿਯੋਗ ਨੂੰ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਇਆ ਜਾਵੇਗਾ।
ਮਾਸੂਮ ਹਰਗੁਣ ਸਿੰਘ ਵੱਲੋਂ ਕੀਤਾ ਗਿਆ ਇਹ ਯੋਗਦਾਨ ਭਾਵੇਂ ਰਕਮ ਵਿਚ ਛੋਟਾ ਹੋ ਸਕਦਾ ਹੈ ਪਰ ਉਸਦੀ ਸੋਚ ਅਤੇ ਜਜ਼ਬੇ ਨੇ ਸਭ ਦਾ ਦਿਲ ਜਿੱਤ ਲਿਆ ਹੈ। ਇਸ ਘਟਨਾ ਨੇ ਸਾਬਤ ਕੀਤਾ ਹੈ ਕਿ ਜੇ ਇਰਾਦੇ ਸੱਚੇ ਹੋਣ ਤਾਂ ਛੋਟੇ ਬੱਚੇ ਵੀ ਵੱਡੇ ਕੰਮ ਕਰ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਰਾਜਪਾਲ ਨੇ ਪੀਪੀਐੱਸਸੀ ਦੇ ਦੋ ਅਧਿਕਾਰਤ ਮੈਂਬਰਾਂ ਨੂੰ ਸਹੁੰ ਚੁਕਾਈ
NEXT STORY