ਜਲੰਧਰ (ਨਰਿੰਦਰ ਮੋਹਨ) : ਪੰਜਾਬ ’ਚ ਇਕ ਵਾਰ ਫਿਰ ਆਰਜ਼ੀ ਸਿਆਸੀ ਖ਼ਲਾਅ ਆਉਣ ਦੀ ਤਿਆਰੀ ਹੈ। ਮਾਮਲਾ ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਹੈ, ਜਿੱਥੇ ਦੋਵਾਂ ਸੂਬਿਆਂ ’ਚ ਆਮ ਆਦਮੀ ਪਾਰਟੀ ਚੋਣਾਂ ਲੜ ਰਹੀ ਹੈ। ਪਾਰਟੀ ਕੋਲ ਦਿੱਲੀ ਤੋਂ ਇਲਾਵਾ ਪ੍ਰਦਰਸ਼ਨ ਕਰਨ ਲਈ ਸਿਰਫ਼ ਪੰਜਾਬ ਸੂਬਾ ਹੀ ਹੈ, ਜਿੱਥੇ ਇਸ ਨੇ 117 ’ਚੋਂ 92 ਵਿਧਾਨ ਸਭਾ ਸੀਟਾਂ ’ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਇਲਾਵਾ ਮੰਤਰੀਆਂ ਅਤੇ ਭਾਜਪਾ ਤੇ ਕਾਂਗਰਸ ਦੇ ਆਗੂ ਵੀ ਪੰਜਾਬ ’ਚੋਂ ਦੋਵਾਂ ਸੂਬਿਆਂ ’ਚ ਡਿਊਟੀ ’ਤੇ ਲੱਗੇ ਹੋਏ ਹਨ, ਜਿਸ ਲਈ ਇਹ ਸਾਰੀਆਂ ਪ੍ਰਾਪਤੀਆਂ ਅਤੇ ਕਮੀਆਂ ਦੇ ਪੁਲਿੰਦੇ ਬਣਾਉਣ ਲਈ ਸਰਗਰਮ ਹੈ। ਹਿਮਾਚਲ ਵਿਧਾਨ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ, ਜਿੱਥੇ 12 ਨਵੰਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਗਿਣਤੀ 8 ਦਸੰਬਰ ਨੂੰ ਹੋਣੀ ਹੈ। ਗੁਜਰਾਤ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਅਜੇ ਨੋਟੀਫਿਕੇਸ਼ਨ ਜਾਰੀ ਕਰਨਾ ਬਾਕੀ ਹੈ ਪਰ ਪੰਜਾਬ ਸਰਕਾਰ ਦੇ ਟੈਂਟ ਗੁਜਰਾਤ ’ਚ ਲੱਗਣੇ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ : ਤਰਨਤਾਰਨ 'ਚ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਦੇ ਜਵਾਨਾਂ ਨੇ ਚਲਾਈਆਂ ਗੋਲੀਆਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜੇ ਵੀ ਗੁਜਰਾਤ ’ਚ ਹਨ। ਪੰਜਾਬ ਦੇ ਕਈ ਮੰਤਰੀ ਅਮਨ ਅਰੋੜਾ, ਹਰਭਜਨ ਸਿੰਘ ਈ. ਟੀ. ਓ. ਅਤੇ ਕੁਲਦੀਪ ਸਿੰਘ ਧਾਲੀਵਾਲ ਸਮੇਤ ਕਈ ਵਿਧਾਇਕ ਗੁਜਰਾਤ ਦਾ ਦੌਰਾ ਕਰ ਚੁੱਕੇ ਹਨ। ਕੁੱਝ ਦਿਨ ਪਹਿਲਾਂ ਜਦੋਂ ਪ੍ਰਧਾਨ ਪਹਿਲੀ ਵਾਰ ਚੰਡੀਗੜ੍ਹ ਆਏ ਸਨ ਤਾਂ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾ ਆਉਣ ਕਾਰਨ ਉਨ੍ਹਾਂ ਦੀ ਆਲੋਚਨਾ ਹੋਈ ਸੀ। ਕਾਂਗਰਸ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਦੇ ਸਰੋਤ ਨੂੰ ਗੁਜਰਾਤ ਅਤੇ ਹਿਮਾਚਲ ’ਚ ਖ਼ਰਚ ਕੀਤਾ ਜਾ ਰਿਹਾ ਹੈ। ਦਰਅਸਲ, ਮੁੱਖ ਮੰਤਰੀ ਮਾਨ ਕੋਲ ਕਈ ਵਿਭਾਗ ਹਨ, ਜਿੱਥੇ ਉਨ੍ਹਾਂ ਦੇ ਪੰਜਾਬ ਛੱਡਣ ਤੋਂ ਬਾਅਦ ਕੰਮ ਠੱਪ ਹੋ ਜਾਂਦਾ ਹੈ। ਹਾਲਾਂਕਿ ਮੁੱਖ ਮੰਤਰੀ ਮਾਨ ਸਵੇਰੇ-ਸ਼ਾਮ ਘੱਟੋ-ਘੱਟ ਦੋ ਵਾਰ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ’ਚ ਰਹਿੰਦੇ ਹਨ। ਉਧਰ ਗੁਜਰਾਤ ਚੋਣਾਂ ’ਚ ਵਿਸ਼ੇਸ਼ ਡਿਊਟੀ ’ਤੇ ਲੱਗੇ, ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਲੋਕਾਂ ਤੋਂ ਆਪਣੀ ਦੂਰੀ ਘੱਟ ਕਰਨ ਲਈ ਫੇਸਬੁੱਕ ’ਤੇ ਆਨਲਾਈਨ ਜਨਤਾ ਦਰਬਾਰ ਦਾ ਆਯੋਜਨ ਸ਼ੁਰੂ ਕਰ ਦਿੱਤਾ ਹੈ, ਜਿਸ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਗੁਜਰਾਤ ’ਚ ਵਧੇਰੇ ਸਰਗਰਮ ਹੋ ਕੇ ਜਾ ਰਹੀ ਹੈ।
ਇਹ ਵੀ ਪੜ੍ਹੋ : NIA ਵੱਲੋਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ 'ਚ ਕਈ ਥਾਵਾਂ 'ਤੇ ਛਾਪੇਮਾਰੀ
ਪੰਜਾਬ ਤੋਂ ਗੁਜਰਾਤ ਦਾ ਮੋਰਚਾ ਸੰਭਾਲਣ ਲਈ ‘ਆਪ’ ਦੇ ਪੰਜਾਬ ਆਗੂਆਂ ਦੀ ਡਿਊਟੀ ਪਾਰਟੀ ਵੱਲੋਂ ਤੈਅ ਕੀਤੀ ਜਾ ਰਹੀ ਹੈ। ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਊਨਾ, ਸੋਲਨ, ਸ਼ਿਮਲਾ ਜ਼ਿਲ੍ਹਿਆਂ ’ਚ ਵੀ ਕੁੱਝ ਮੰਤਰੀਆਂ ਅਤੇ ਵਿਧਾਇਕਾਂ ਦੀ ਡਿਊਟੀ ਲਗਾਈ ਜਾ ਰਹੀ ਹੈ। ਇਸ ਨਾਲ ਹੀ ਭਾਜਪਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨਾਕਾਮੀਆਂ ਦਾ ਪੁਲਿੰਦਾ ਵੀ ਤਿਆਰ ਕਰ ਰਹੀ ਹੈ, ਜਿਸ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਸ਼ਹਿਰ ਸੰਗਰੂਰ ’ਚ ਕਿਸਾਨ ਪੱਕਾ ਮੋਰਚਾ, ਪੰਜਾਬ ਦੇ ਮੰਤਰੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀਆਂ ਆਡੀਓ ਟੇਪਾਂ, ਸਥਾਨਕ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ’ਚ ਅਸਫ਼ਲਤਾ, ਕਾਨੂੰਨ ਵਿਵਸਥਾ, ਵੱਧਦਾ ਨਸ਼ਾ, ਪੰਜਾਬ ’ਚ ਲਗਾਤਾਰ ਹੋ ਰਹੇ ਪ੍ਰਦਰਸ਼ਨ ਆਦਿ ਸ਼ਾਮਲ ਹਨ। ਪੰਜਾਬ ਦੇ ਭਾਜਪਾ ਆਗੂਆਂ ਦੀ ਵੀ ਗੁਜਰਾਤ ਅਤੇ ਹਿਮਾਚਲ ’ਚ ਡਿਊਟੀ ਲਾਈ ਜਾ ਰਹੀ ਹੈ, ਜਿਸ ’ਚ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਇਲਾਵਾ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਆਗੂ ਤਿਆਰੀ ਕਰ ਰਹੇ ਹਨ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਆਗੂਆਂ ਦੀ ਜ਼ਿੰਮੇਵਾਰੀ ਵੀ ਪਾਰਟੀ ਹਾਈਕਮਾਨ ਵੱਲੋਂ ਗੁਆਂਢੀ ਸੂਬਾ ਹਿਮਾਚਲ ਅਤੇ ਗੁਜਰਾਤ ’ਚ ਥੋਪਣ ਦੀ ਤਿਆਰੀ ਹੈ। ਕਾਂਗਰਸ ਨੂੰ ਹਿਮਾਚਲ ’ਚ ਗੁਜਰਾਤ ਨਾਲੋਂ ਵੱਧ ਉਮੀਦਾਂ ਹਨ। ਕੁੱਲ ਮਿਲਾ ਕੇ ਪੰਜਾਬ ’ਚ ਇਕ ਵਾਰ ਫਿਰ ਚੰਡੀਗੜ੍ਹ ਸਕੱਤਰੇਤ ’ਚ ਸਰਗਰਮੀ ਜ਼ੀਰੋ ਹੋਣ ਜਾ ਰਹੀ ਹੈ, ਜਦਕਿ ਪੰਜਾਬ ’ਚ ਹੋਰ ਪਾਰਟੀਆਂ ਦਾ ਉਤਸ਼ਾਹ ਵੀ ਘੱਟ ਰਹੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ESI ਹਸਪਤਾਲ ਬਾਹਰ ਮਿਲਿਆ ਨਵਜਨਮੀ ਬੱਚੀ ਦਾ ਭਰੂਣ, ਸੜਕ ’ਤੇ ਸੁੱਟਣ ਵਾਲਾ ਕਲਯੁਗੀ ਪਿਓ ਗ੍ਰਿਫ਼ਤਾਰ
NEXT STORY