ਚੰਡੀਗੜ੍ਹ,(ਹਰੀਸ਼)- ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਅੜੀਅਲ ਰਵੱਈਏ ਕਾਰਨ ਹੀ ਕਿਸਾਨ ਅੰਦੋਲਨ ਇੰਨਾ ਲੰਬਾ ਖਿੱਚਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਗਲਤੀ ਹੈ ਕਿ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਮਸਲੇ ਨੂੰ ਠੀਕ ਤਰੀਕੇ ਨਾਲ ਹੈਂਡਲ ਨਹੀਂ ਕੀਤਾ ਗਿਆ ਪਰ ਹੁਣ ਕੇਂਦਰ ਦੇ ਸਟੈਂਡ ਵਿਚ ਥੋੜ੍ਹਾ ਬਦਲਾਅ ਦਿਸ ਰਿਹਾ ਹੈ, ਇਹ 10 ਦਿਨ ਪਹਿਲਾਂ ਹੀ ਆ ਜਾਂਦਾ ਤਾਂ ਕਿਸਾਨਾਂ ਨੂੰ ਦਿੱਲੀ ਵਿਚ ਸਰਦੀ ਦੇ ਮੌਸਮ ਵਿਚ ਖੁੱਲ੍ਹੇ ਅਸਮਾਨ ਹੇਠ ਨਾ ਬੈਠਣਾ ਪੈਂਦਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਤਾਂ 2 ਹੀ ਫਸਲਾਂ ਸਨ, ਜਿਨ੍ਹਾਂ ਦੀ ਐੱਮ. ਐੱਸ. ਪੀ. ਸੁਰੱਖਿਅਤ ਰੱਖਣ ਦੀ ਮੰਗ ਕਿਸਾਨ ਕਰ ਰਹੇ ਸਨ। ਹੁਣ ਦਿੱਲੀ ਵਿਚ ਦੇਸ਼ ਭਰ ਦੇ ਕਿਸਾਨ ਇਕੱਠੇ ਹੋ ਗਏ ਹਨ ਤਾਂ 23 ਫਸਲਾਂ ਦੀ ਐੱਮ. ਐੱਸ. ਪੀ. ਦੀ ਮੰਗ ਉਠ ਪਈ ਹੈ। ਪੂਰੇ ਦੇਸ਼ ਦੇ ਕਿਸਾਨਾਂ ਨੂੰ ਡਰ ਹੈ ਕਿ ਉਨ੍ਹਾਂ ਦੀਆਂ ਫਸਲਾਂ ਦੀ ਐੱਮ. ਐੱਸ. ਪੀ. ਖਤਮ ਹੋ ਜਾਵੇਗੀ, ਇਸ ਲਈ ਕੇਂਦਰ ਹੁਣ ਕੋਈ ਹੱਲ ਕੱਢੇ।
ਇਹ ਵੀ ਪੜ੍ਹੋ : ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
ਜਾਖੜ ਨੇ ਕਿਹਾ ਕਿ ਹੁਣ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਪੀਯੂਸ਼ ਗੋਇਲ ਅਤੇ ਨਰਿੰਦਰ ਤੋਮਰ ਕਿੰਨਾ ਵੀ ਕਹਿਣ ਕਿ ਐੱਮ. ਐੱਸ. ਪੀ. ਹੈ ਅਤੇ ਰਹੇਗੀ ਪਰ ਸੱਚ ਤਾਂ ਇਹ ਹੈ ਕਿ ਮੋਦੀ ਸਰਕਾਰ ਭਰੋਸਾ ਗੁਆ ਚੁੱਕੀ ਹੈ।
'ਬਾਦਲ ਪਹਿਲਾਂ ਆਪਣੇ ਘਰ ਵਿਚ ਲੋਕਾਂ ਨੂੰ ਮਨਾਉਣ'
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਕੁਝ ਸਮਾਂ ਪਹਿਲਾਂ ਖੇਤੀ ਮੰਤਰੀ ਤੋਮਰ ਦਾ ਪੱਤਰ ਵਿਖਾ ਰਹੇ ਸਨ ਕਿ ਸਭ ਠੀਕ ਹੈ। ਉਥੇ ਹੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਾਲੇ ਕਾਨੂੰਨ ਦੱਸ ਕੇ ਪਦਮ ਵਿਭੂਸ਼ਣ ਵਾਪਿਸ ਕਰ ਰਹੇ ਹਨ। ਵੱਡੇ ਬਾਦਲ ਨੂੰ ਚਾਹੀਦਾ ਹੈ ਕਿ ਪਹਿਲਾਂ ਆਪਣੇ ਘਰ ਵਿਚ ਲੋਕਾਂ ਨੂੰ ਮਨਾਉਣ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਤੇ ਲਾਈਵ ਦੌਰਾਨ ਗਰਮ ਹੋਏ ਕੈਪਟਨ, ਵਿੰਨ੍ਹਿਆ ਵਿਰੋਧੀ ਧਿਰ 'ਤੇ ਨਿਸ਼ਾਨਾ
ਜਾਖੜ ਨੇ ਕਿਹਾ ਕਿ 5 ਜੂਨ ਨੂੰ ਆਰਡੀਨੈਂਂਸ ਲਿਆਉਣ ਤੋਂ ਪਹਿਲਾਂ ਕਿਸਾਨਾਂ ਨਾਲ ਚਰਚਾ ਕਰਨੀ ਚਾਹੀਦੀ ਸੀ ਪਰ ਕੇਂਦਰ ਨੂੰ ਉਨ੍ਹਾਂ ਦਲਾਂ ਨੇ ਹੀ ਗੁੰਮਰਾਹ ਕੀਤਾ ਜੋ ਕਿਸਾਨੀ ਦੇ ਠੇਕੇਦਾਰ ਬਣੇ ਬੈਠੇ ਹਨ, ਜਦਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਬਿਆਨ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਅਲਖ ਜਗਾਈ ਸੀ। ਉਨ੍ਹਾਂ ਕਿਹਾ ਕਿ ਇਸ ਦਾ ਪੰਜਾਬ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਅਤੇ ਇਸ ਪੂਰੇ ਮਾਮਲੇ ਦਾ ਖਮਿਆਜ਼ਾ ਭਾਜਪਾ ਨਹੀਂ ਸਗੋਂ ਪੂਰਾ ਦੇਸ਼ ਭੁਗਤੇਗਾ। ਸੂਬੇ ਦੇ ਕਿਸਾਨਾਂ ਦੀ ਤਾਰੀਫ ਕਰਦੇ ਹੋਏ ਜਾਖੜ ਨੇ ਕਿਹਾ ਕਿ ਪੰਜਾਬ ਨੇ ਆਪਣੀ ਜੇਬ ਅਤੇ ਗਰਦਨ ਬਚਾਈ, ਦੇਸ਼ ਨੂੰ ਜਾਗਰੂਕ ਕੀਤਾ। ਅੰਦੋਲਨ ਨੂੰ ਰਾਜਨੀਤਕ ਰੰਗਤ ਦੇਣ ਵਾਲਿਆਂ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।
ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY