ਜਲੰਧਰ (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਵਾਲੀਆਂ ਬੱਸਾਂ 'ਚ ਮਹਾਰਾਸ਼ਟਰ ਤੋਂ 200 ਫੈਕਟਰੀ ਵਰਕਰ ਵੀ ਲਿਆਉਣ ਦੇ ਮਾਮਲੇ 'ਤੇ ਆਪਣੀ ਚੁੱਪੀ ਤੋੜਨ।
ਇਥੇ ਜਾਰੀ ਕੀਤੇ ਇਕ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਮੰਤਰੀਆਂ ਨੇ ਵੱਧ ਚੜ੍ਹ ਕੇ ਦੋਸ਼ ਲਗਾਏ ਸਨ ਕਿ ਹਜ਼ੂਰ ਸਾਹਿਬ ਤੋਂ ਪਰਤੇ ਸਿੱਖ ਸ਼ਰਧਾਲੂ ਕੋਰੋਨਾ ਲੈ ਕੇ ਪੰਜਾਬ ਆਏ ਹਨ ਪਰ ਹੁਣ ਜਦੋਂ ਇਹ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਬੱਸਾਂ 'ਚ ਸ਼ਰਧਾਲੂਆਂ ਦੇ ਨਾਲ ਮਹਾਰਾਸ਼ਟਰ ਤੋਂ 200 ਫੈਕਟਰੀ ਵਰਕਰ ਵੀ ਆਏ ਹਨ ਤਾਂ ਇਹ ਮੰਤਰੀ ਵੀ ਚੁੱਪ ਵੱਟ ਗਏ ਹਨ।
ਇਹ ਵੀ ਪੜ੍ਹੋ: ਕੋਰੋਨਾ ਦੇ ਸੰਕਟ ਦਰਮਿਆਨ ਵਿਧਾਇਕ ਰਾਜਾ ਵੜਿੰਗ ਨੇ ਬਾਦਲ ਜੋੜੇ ਨੂੰ ਲਿਖੀ ਚਿੱਠੀ, ਰੱਖੀਆਂ ਇਹ ਮੰਗਾਂ
ਉਨ੍ਹਾਂ ਕਿਹਾ ਕਿ ਇਸ ਖੁਲਾਸੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਵੱਡੀ ਸਾਜ਼ਿਸ਼ ਰਚੀ ਗਈ ਅਤੇ ਭਾਈਚਾਰੇ ਨੂੰ ਕੋਰੋਨਾ ਲਿਆਉਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਪਰਤਣ 'ਤੇ 200 ਫੈਕਟਰੀ ਵਰਕਰ ਕਿਥੇ ਰੱਖੇ ਗਏ ਅਤੇ ਇਸ ਬਾਰੇ ਪੰਜਾਬ ਸਰਕਾਰ ਨੇ ਖੁਲਾਸਾ ਕਿਉਂ ਨਹੀਂ ਕੀਤਾ, ਇਸ ਦੀ ਜਾਂਚ ਕਰਵਾਏ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਸਗੋਂ ਮਹਾਰਾਸ਼ਟਰ ਤੋਂ ਦਿੱਲੀ ਅਤੇ ਹਰਿਆਣਾ ਪਰਤਣ ਵਾਲੇ ਤਾਂ ਪਾਜ਼ੇਟਿਵ ਨਹੀਂ ਆਏ ਜਿਸ ਤੋਂ ਸਪਸ਼ਟ ਹੈ ਕਿ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਰਚੀ ਗਈ।
ਇਹ ਵੀ ਪੜ੍ਹੋ: 'ਲਵ ਮੈਰਿਜ' ਕਰਨੀ ਕੁੜੀ ਨੂੰ ਪਈ ਮਹਿੰਗੀ, ਪਿਓ ਨੇ ਸਹੁਰੇ ਘਰ ਪਹੁੰਚ ਕੇ ਕੀਤੀ ਇਹ ਵਾਰਦਾਤ
ਉਨ੍ਹਾਂ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਦੇ ਬਿਆਨ ਨੇ ਇਸ ਤੱਥ ਨੂੰ ਹੋਰ ਪੱਕਾ ਕੀਤਾ ਕਿ ਕਾਂਗਰਸ ਪਾਰਟੀ ਦੀ ਕੌਮੀ ਲੀਡਰਸ਼ਿਪ ਇਸ ਸਾਜ਼ਿਸ਼ 'ਚ ਸ਼ਾਮਲ ਸੀ, ਜਿਸ ਰਾਹੀਂ ਹਜ਼ੂਰ ਸਾਹਿਬ ਤੋਂ ਪਰਤੇ ਸਿੱਖ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਬਦਨਾਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਾ ਤਾਂ ਮਹਾਰਾਸ਼ਟਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ (ਦੋਵੇਂ ਰਾਜਾਂ 'ਚ ਕਾਂਗਰਸ ਸਰਕਾਰਾਂ ਹਨ) ਨੇ ਇਹ ਮੰਨਿਆ ਹੈ ਕਿ ਸ਼ਰਧਾਲੂਆਂ ਦੇ ਨਾਲ 200 ਫੈਕਟਰੀ ਵਰਕਰ ਵੀ ਪੰਜਾਬ ਪਰਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜਨ ਅਤੇ ਉਸ ਮੰਤਰੀ ਤੇ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਜਿਸਨੇ ਸ਼ਰਧਾਲੂਆਂ ਦੇ ਨਾਲ ਫੈਕਟਰੀ ਵਰਕਰਾਂ ਨੂੰ ਲਿਆਉਣ ਦੀ ਸਾਜ਼ਿਸ਼ ਰਚੀ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੇ ਤੱਥ ਜਨਤਕ ਕੀਤੇ ਜਾਣੇ ਚਾਹੀਦੇ ਹਨ।
ਪੰਜਾਬ 'ਚ 4 ਘੰਟੇ ਹੀ ਸ਼ਰਾਬ ਦੀ ਵਿਕਰੀ 'ਤੇ ਮੰਥਨ!
NEXT STORY