ਅੰਮ੍ਰਿਤਸਰ (ਛੀਨਾ)— ਨਸ਼ਿਆਂ ਦੀ ਲਪੇਟ 'ਚ ਆਉਣ ਕਾਰਨ ਪਿੰਡ ਸੁਲਤਾਨਵਿੰਡ ਦੇ ਮਾਰੇ ਗਏ ਪੁੱਤਾਂ ਦੇ ਮਾਪੇ ਬੀਤੇ ਦਿਨ ਆਪਣੇ ਬੱਚਿਆਂ ਦੀਆਂ ਤਸਵੀਰਾਂ ਹੱਥਾਂ 'ਚ ਫੜ ਕੇ ਕੈਪਟਨ ਸਰਕਾਰ ਨੂੰ ਕੋਸਦੇ ਹੋਏ ਧਾਹਾਂ ਮਾਰ-ਮਾਰ ਰੋ ਪਏ। ਇਨ੍ਹਾਂ 'ਚ ਤਾਂ ਇਕ ਅਜਿਹੀ ਅਭਾਗੀ ਮਾਂ ਵੀ ਸੀ, ਜਿਸ ਦੇ 3 ਪੁੱਤ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ। ਅੱਜ ਇਨ੍ਹਾਂ ਮਾਪਿਆਂ ਦਾ ਦੁੱਖ ਸੁਣਨ ਅਤੇ ਉਨ੍ਹਾਂ ਨੂੰ ਧਰਵਾਸ ਦੇਣ ਪਹੁੰਚੇ ਅਕਾਲੀ ਦਲ ਬਾਦਲ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਹੱਥ 'ਚ ਪਵਿੱਤਰ ਗੁਟਕਾ ਸਾਹਿਬ ਫੜ ਕੇ 4 ਹਫਤਿਆਂ 'ਚ ਨਸ਼ਿਆਂ ਦਾ ਲੱਕ ਤੋੜਨ ਦਾ ਵਾਅਦਾ ਕਰਨ ਵਾਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਪਿੰਡ ਸੁਲਤਾਨਵਿੰਡ ਦਾ ਦੌਰਾ ਕਰਕੇ ਦੇਖੇ ਕਿ ਉਸ ਦੇ ਰਾਜ 'ਚ ਕਿਵੇਂ ਸ਼ਰੇਆਮ ਘਰ-ਘਰ ਨਸ਼ਾ ਵਿਕ ਰਿਹਾ ਹੈ, ਜਿਸ ਦੀ ਲਪੇਟ 'ਚ ਆ ਕੇ ਆਏ ਦਿਨ ਮਾਵਾਂ ਦੇ ਪੁੱਤ ਅਤੇ ਸੁਹਾਗਣਾਂ ਦੇ ਸੁਹਾਗ ਮੌਤ ਦੇ ਮੂੰਹ 'ਚ ਜਾ ਰਹੇ ਹਨ।
ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਆਲਾ ਅਧਿਕਾਰੀ ਕਾਂਗਰਸ ਸਰਕਾਰ ਦੀਆਂ 3 ਸਾਲਾਂ ਦੀਆਂ ਕਾਰਗੁਜ਼ਾਰੀਆਂ ਗਿਣਾਉਂਦੇ ਨਹੀਂ ਥਕਦੇ, ਜਿਨ੍ਹਾਂ 'ਚੋਂ ਉਹ ਨਸ਼ਿਆਂ ਦਾ ਲੱਕ ਤੋੜਨ ਦੇ ਦਾਅਵੇ ਵੀ ਕਰਦੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ ਆਖਰੀ ਪੜਾਅ 'ਚ ਜਿਨ੍ਹਾਂ ਮਾਪਿਆਂ ਨੂੰ ਪੁੱਤਾਂ ਦੇ ਸਹਾਰੇ ਦੀ ਲੋੜ ਸੀ, ਅੱਜ ਉਹੀ ਮਾਪੇ ਨਸ਼ਿਆਂ ਕਾਰਨ ਮਰ ਰਹੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਨੂੰ ਦੇਖ ਖੂਨ ਦੇ ਅੱਥਰੂ ਰੋਣ ਲਈ ਮਜਬੂਰ ਹੋ ਗਏ ਹਨ, ਜਿਨ੍ਹਾਂ ਦੀਆਂ ਧਾਹਾਂ ਸ਼ਾਇਦ ਕੈਪਟਨ ਸਰਕਾਰ ਨੂੰ ਅਜੇ ਸੁਣਾਈ ਨਹੀਂ ਦਿੰਦੀਆਂ। ਸ. ਗਿੱਲ ਨੇ ਤਾੜਨਾ ਕਰਦੇ ਆਖਿਆ ਕਿ ਕਾਂਗਰਸ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਸਖਤੀ ਨਾਲ ਕਦਮ ਚੁੱਕੇ। ਜੇਕਰ ਅੱਜ ਤੋਂ ਬਾਅਦ ਪਿੰਡ ਸੁਲਤਾਨਵਿੰਡ 'ਚ ਇਕ ਵੀ ਨੌਜਵਾਨ ਦੀ ਨਸ਼ਿਆਂ ਕਾਰਨ ਮੌਤ ਹੋਈ ਤਾਂ ਅਕਾਲੀ ਦਲ ਬਾਦਲ ਵੱਲੋਂ ਕੈਪਟਨ ਸਰਕਾਰ ਖਿਲਾਫ ਵੱਡੇ ਪੱਧਰ 'ਤੇ ਮੋਰਚਾ ਖੋਲ੍ਹਿਆ ਜਾਵੇਗਾ। ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਘਿਰਾਓ ਵੀ ਕੀਤਾ ਜਾਵੇਗਾ, ਜਿਹੜੇ ਸਭ ਕੁਝ ਦੇਖਦੇ ਹੋਏ ਵੀ ਚੁੱਪ ਬੈਠੇ ਹਨ।
2 ਮਹੀਨਿਆਂ 'ਚ ਨਸ਼ੇ ਨੇ ਉਜਾੜੇ ਕਈ ਘਰ
ਪੰਜਾਬ 'ਚ ਨਸ਼ੇ ਦਾ ਕਹਿਰ ਇਸ ਤਰ੍ਹਾਂ ਫੈਲ ਰਿਹਾ ਹੈ ਕਿ ਮਹਿਜ਼ ਦੋ ਮਹੀਨਿਆਂ 'ਚ ਹੀ ਇਸ ਨੇ ਪੰਜਾਬ ਦੇ ਕਈ ਘਰ ਉਜਾੜ ਕੇ ਰੱਖ ਦਿੱਤੇ ਹਨ। ਜੇਕਰ ਮੋਟੇ-ਮੋਟੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ 4 ਜਨਵਰੀ ਨੂੰ ਥਾਣਾ ਸੁਭਾਨਪੁਰ ਦੇ ਅਧੀਨ ਆਉਂਦੇ ਪਿੰਡ ਮੁਰਾਰ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਰਮਨ ਨਾਮ ਦੇ 17 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ 9 ਜਨਵਰੀ ਨੂੰ ਫਿਰੋਜ਼ਪੁਰ ਦੀ ਇੰਦਰਾ ਕਾਲੋਨੀ ਦੇ ਵਿੱਕੀ ਨਾਮਕ 28 ਸਾਲਾ ਨੌਜਵਾਨ, 12 ਜਨਵਰੀ ਨੂੰ ਮੋਗਾ ਦੇ ਥਾਣਾ ਅਜੀਤਵਾਲ ਅਧੀਨ ਆਉਂਦੇ ਪਿੰਡ ਚੂਹੜਚੱਕ ਦੇ ਬਲਜਿੰਦਰ ਸਿੰਘ (28) ਦੀ, 19 ਜਨਵਰੀ ਨੂੰ ਗੁਰੂਹਰਸਹਾਏ ਦੇ ਪਿੰਡ ਛਾਗਾ ਰਾਏ ਉਤਾੜ ਦੇ ਖਜਾਨ ਸਿੰਘ (26) ਦੀ, 30 ਜਨਵਰੀ ਨੂੰ ਤਲਵੰਡੀ ਸਾਬੋ ਦੇ ਨੌਜਵਾਨ ਦੀ, 30 ਜਨਵਰੀ ਨੂੰ ਤਰਨਤਾਰਨ ਦੇ 25 ਸਾਲਾ ਨੌਜਵਾਨ ਵਰਿੰਦਰਜੀਤ ਸਿੰਘ ਦੀ, 22 ਫਰਵਰੀ ਨੂੰ ਮੋਗਾ ਦੇ ਪਿੰਡ ਦੌਲੇਵਾਲ ਜਸਪ੍ਰੀਤ ਸਿੰਘ (25) ਦੀ, 23 ਫਰਵਰੀ ਨੂੰ ਲੁਧਿਆਣਾ ਦੇ ਥਾਣਾ ਕੋਤਵਾਲੀ ਦੇ ਇਲਾਕੇ ਦੇ ਨੌਜਵਾਨ ਸੂਰਜ (21) ਦੀ, 26 ਫਰਵਰੀ ਨੂੰ ਗੁਰੂਹਰਸਹਾਏ ਦੇ 40 ਸਾਲਾ ਵਿਅਕਤੀ ਗੁਰਚਰਨ ਸਿੰਘ ਦੀ ਅਤੇ 9 ਮਾਰਚ ਨੂੰ ਤਲਵੰਡੀ ਸਾਬੋ ਦੇ ਮਨਿੰਦਰ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋ ਚੁੱਕੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਅਜੇ ਹੋਰ ਵੀ ਕਈ ਮਾਮਲੇ ਅਜਿਹੇ ਹੋਣਗੇ ਜਿਨ੍ਹਾਂ ਵਿਚ ਨਸ਼ੇ ਦਾ ਦੈਂਤ ਕਈ ਘਰਾਂ ਨੂੰ ਉਜਾੜ ਚੁੱਕਾ ਹੈ।
ਆਏ ਦਿਨ ਹੋ ਰਹੀਆਂ ਨਸ਼ੇ ਕਾਰਨ ਮੌਤਾਂ
ਭਾਵੇਂ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਸੌਦਾਗਰਾਂ 'ਤੇ ਸਖਤੀ ਨਾਲ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਪਰ ਬਾਵਜੂਦ ਇਸ ਦੇ ਆਏ ਦਿਨ ਪੰਜਾਬ 'ਚ ਕਿਸੇ ਨਾ ਕਿਸੇ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਘਟਨਾ ਸਾਹਮਣੇ ਆ ਰਹੀ ਹੈ। ਭਾਵੇਂ ਪੁਲਸ ਵੱਲੋਂ ਨਸ਼ਿਆਂ 'ਤੇ ਸਖਤੀ ਵੀ ਵਰਤੀ ਜਾ ਰਹੀ ਹੈ ਅਤੇ ਸਮੱਗਲਰਾਂ ਨੂੰ ਜੇਲਾਂ 'ਚ ਸੁੱਟਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ ਪਰ ਅਜੇ ਪੰਜਾਬ 'ਚ ਨਸ਼ਾ ਆਮ ਮਿਲਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਥੇ ਦੱਸ ਦੇਈਏ ਕਿ ਹੁਣ ਨਸ਼ਿਆਂ ਦੀ ਲਪੇਟ 'ਚ ਨੌਜਵਾਨਾਂ ਦੇ ਨਾਲ ਨਾਲ ਕੁੜੀਆਂ ਵੀ ਆਉਣ ਲੱਗ ਗਈਆਂ ਹਨ। ਬਠਿੰਡਾ ਦੇ ਇਕ ਇਲਾਕੇ ਦੀ ਰਹਿਣ ਵਾਲੀ 18 ਸਾਲਾ ਮੁਟਿਆਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹਾਲਤ ਵਿਗੜਨ ਲੱਗੀ ਹੈ, ਜਿਸ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਉਕਤ ਕੁੜੀ ਨੂੰ ਪਿਛਲੇ 4-5 ਸਾਲ ਤੋਂ ਨਸ਼ੇ (ਚਿੱਟੇ) ਦੀ ਲਤ ਲੱਗੀ ਸੀ, ਜੋ ਛੁੱਟਣ ਦਾ ਨਾਂ ਨਹੀਂ ਲੈ ਰਹੀ ਸੀ, ਜਿਸ ਕਾਰਨ ਪੀੜਤ ਕੁੜੀ ਦੇ ਪਰਿਵਾਰ ਵਾਲੇ ਵੀ ਚਿੰਤਤ ਰਹਿੰਦੇ ਸਨ ਅਤੇ ਉਨ੍ਹਾਂ ਨਸ਼ਾ ਛੁਡਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਏ।
'ਲਿਵ ਇਨ ਰਿਲੇਸ਼ਨ 'ਚ ਰਹਿਣ ਮਗਰੋਂ, ਹੁਣ ਕਹਿੰਦਾ ਕੋਈ ਮੁੰਡਾ ਵੇਖ ਕੇ ਤੂੰ ਕਰਵਾ ਲੈ ਵਿਆਹ'
NEXT STORY