ਲੁਧਿਆਣਾ(ਹਿਤੇਸ਼)-ਪੰਜਾਬ ਸਰਕਾਰ ਨੇ ਨਗਰ ਨਿਗਮ ਦੇ ਮੇਅਰ ਨੂੰ ਝਟਕਾ ਦਿੰਦੇ ਹੋਏ ਪੁਰਾਣੀਆਂ ਸ਼ਰਤਾਂ 'ਤੇ ਹੀ ਪਾਰਕਿੰਗ ਟੈਂਡਰ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਮਹਾਨਗਰ ਵਿਚ ਪਾਰਕਿੰਗ ਸਾਈਟਾਂ ਨੂੰ ਨਵੇਂ ਸਿਰੇ 'ਤੇ ਦੇਣ ਲਈ ਟੈਂਡਰ ਲਾਉਣ ਨੂੰ ਲੈ ਕੇ ਕਾਫੀ ਝਗੜਾ ਚੱਲ ਰਿਹਾ ਹੈ, ਜਿਸ ਦੇ ਤਹਿਤ ਐੱਫ. ਐਂਡ ਸੀ. ਸੀ. ਦੀ ਮੀਟਿੰਗ ਵਿਚ ਹੰਗਾਮਾ ਵੀ ਹੋ ਚੁੱਕਾ ਹੈ, ਜਿੱਥੇ ਮੇਅਰ ਅਤੇ ਡਿਪਟੀ ਮੇਅਰ ਨੇ ਇਕ-ਦੂਜੇ 'ਤੇ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਦੀ ਕਵਾਇਦ ਵਿਚ ਲੱਗੇ ਹੋਣ ਦਾ ਦੋਸ਼ ਵੀ ਲਾਇਆ ਸੀ। ਇਸ ਮਾਮਲੇ ਵਿਚ ਕੁਝ ਪਾਰਕਿੰਗ ਠੇਕੇਦਾਰਾਂ ਨੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਤੱਕ ਗੱਲ ਪਹੁੰਚਾਈ ਕਿ ਸਭ ਕੁਝ ਚੁਣੀਆਂ ਹੋਈਆਂ ਕੰਪਨੀਆਂ ਨੂੰ ਫਾਇਦਾ ਦੇਣ ਲਈ ਕੀਤਾ ਜਾ ਰਿਹਾ ਹੈ, ਤਾਂ ਸਰਕਾਰ ਨੇ ਐਨ ਮੌਕੇ 'ਤੇ ਈ-ਬਿਡਿੰਗ ਰੱਦ ਕਰਵਾ ਦਿੱਤੀ। ਉਸ ਤੋਂ ਬਾਅਦ ਚਾਹੇ ਨਿਗਮ ਨੇ ਸ਼ਰਤਾਂ ਅਤੇ ਟੈਂਡਰ ਲਾਉਣ ਦੇ ਪੈਟਰਨ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਪਰ ਡਾਇਰੈਕਟਰ ਨੇ ਸਾਰਾ ਰਿਕਾਰਡ ਤਲਬ ਕਰ ਲਿਆ ਅਤੇ ਸਾਰੇ ਪਹਿਲੂਆਂ ਦੀ ਜਾਂਚ ਕਰ ਕੇ ਨਿਗਮ ਨੂੰ ਪੁਰਾਣੀਆਂ ਸ਼ਰਤਾਂ 'ਤੇ ਪਾਰਕਿੰਗ ਟੈਂਡਰ ਲਾਉਣ ਦੇ ਹੁਕਮ ਦੇ ਦਿੱਤੇ।
3 ਦਿਨ ਬਾਅਦ ਖਤਮ ਹੋ ਜਾਵੇਗਾ ਪੁਰਾਣਾ ਟੈਂਡਰ, ਅੱਗੇ ਕੀ
ਨਿਗਮ ਵੱਲੋਂ ਮੌਜੂਦਾ ਪਾਰਕਿੰਗ ਸਾਈਟਾਂ ਚਲਾਉਣ ਲਈ ਦਿੱਤਾ ਗਿਆ ਟੈਂਡਰ 3 ਦਿਨ ਬਾਅਦ ਖਤਮ ਹੋ ਜਾਵੇਗਾ। ਹਾਲਾਂਕਿ ਉਸ ਦੀ ਦੁਬਾਰਾ ਬੋਲੀ ਕਰਵਾਉਣ ਦੀ ਪ੍ਰਕਿਰਿਆ ਇਕ ਮਹੀਨਾ ਪਹਿਲਾਂ ਹੀ ਸ਼ੁਰੂ ਕਰ ਲਈ ਗਈ ਸੀ ਪਰ ਝਗੜੇ ਕਾਰਨ ਐੱਨ ਮੌਕੇ 'ਤੇ ਖਟਿਆਈ ਪੈ ਗਈ। ਹੁਣ ਜੋ ਸਰਕਾਰ ਦੇ ਹੁਕਮ ਆਏ ਹਨ, ਉਸ ਦੇ ਮੁਤਾਬਕ ਸ਼ਰਤਾਂ ਬਦਲ ਕੇ ਨਵੇਂ ਸਿਰੇ ਤੋਂ ਟੈਂਡਰ ਲਾਉਣੇ ਪੈਣਗੇ। ਉਸ ਸਮੇਂ ਤੱਕ ਪੁਰਾਣੇ ਠੇਕੇਦਾਰਾਂ ਨੂੰ ਐਕਸਟੈਂਸ਼ਨ ਦੇਣੀ ਹੈ ਜਾਂ ਆਪਣਾ ਸਟਾਫ ਲਾਉਣਾ ਹੈ, ਉਸ ਬਾਰੇ ਫੈਸਲਾ ਹੋਣਾ ਬਾਕੀ ਹੈ।
ਸਤੰਬਰ 2016 ਤੋਂ ਰੁਕਿਆ 7 ਪਾਰਕਿੰਗ ਸਾਈਟਾਂ ਤੋਂ ਆਉਣ ਵਾਲਾ 4 ਕਰੋੜ
ਪਾਰਕਿੰਗ ਸਾਈਟਾਂ ਦੀ ਅਲਾਟਮੈਂਟ ਦਾ ਝਗੜਾ ਸਿਰਫ 5 ਪੁਰਾਣੀਆਂ ਸਾਈਟਾਂ ਦਾ ਹੀ ਨਹੀਂ ਬਲਕਿ 7 ਨਵੀਆਂ ਸਾਈਟਾਂ ਦੀ ਅਲਾਟਮੈਂਟ ਦਾ ਵੀ ਹੈ, ਜਿਸ ਦੇ ਲਈ ਪਿਛਲੇ ਸਾਲ ਸਤੰਬਰ ਵਿਚ ਟੈਂਡਰ ਮੰਗੇ ਗਏ। ਉਨ੍ਹਾਂ 'ਤੇ ਪਹਿਲਾਂ ਤਾਂ ਸ਼ਰਤਾਂ ਬਦਲਣ ਦੇ ਚੱਕਰ ਵਿਚ ਕਾਫੀ ਦੇਰ ਤੱਕ ਈ-ਬਿਡਿੰਗ ਨਹੀਂ ਕਰਵਾਈ ਜਾ ਸਕੀ। ਇਹ ਪ੍ਰਕਿਰਿਆ ਸਿਰੇ ਚੜ੍ਹੀ ਤਾਂ 44 ਲੱਖ ਦੀ ਰਿਜ਼ਰਵ ਪ੍ਰਾਈਜ਼ ਦੇ ਮੁਕਾਬਲੇ 4 ਕਰੋੜ ਦੀ ਬੋਲੀ ਆਉਣ ਦੇ ਬਾਵਜੂਦ ਇਕ ਕੰਪਨੀ ਨੇ ਇਹ ਇਤਰਾਜ਼ ਲਗਾ ਦਿੱਤਾ ਕਿ ਉਸ ਦੇ ਸਿਸਟਮ ਵਿਚ ਖਰਾਬੀ ਆਉਣ ਕਾਰਨ ਜ਼ਿਆਦਾ ਬੋਲੀ ਚਲੀ ਗਈ। ਜੋ ਕੰਪਨੀ ਆਪਣੇ ਹੱਕ ਵਿਚ ਇਨਫੋਕਾਮ ਤੋਂ ਲਿਖਵਾ ਕੇ ਵੀ ਲੈ ਗਈ ਪਰ ਬਾਕੀ ਕੰਪਨੀਆਂ ਟੈਂਡਰ ਰੇਟ 'ਤੇ ਹੀ ਪਾਰਕਿੰਗ ਸਾਈਟਾਂ ਦਾ ਕਬਜ਼ਾ ਲੈਣ ਵਿਚ ਸਹਿਮਤ ਸਨ। ਫਿਰ ਵੀ ਨਿਗਮ ਵੱਲੋਂ ਅਲਾਟਮੈਂਟ ਨਾ ਕਰਨ ਕਾਰਨ 4 ਕਰੋੜ ਦਾ ਕਰ ਰੁਕਿਆ ਹੋਇਆ ਹੈ ਅਤੇ ਉਨ੍ਹਾਂ ਸਾਈਟਾਂ 'ਤੇ ਵਾਹਨਾਂ ਦੀ ਬੇਤਰਤੀਬੀ ਪਾਰਕਿੰਗ ਹੋਣ ਕਾਰਨ ਟ੍ਰੈਫਿਕ ਜਾਮ ਦੀ ਸਮੱਸਿਆ ਆ ਰਹੀ ਹੈ।
ਸਿਰਫ ਕੁਝ ਦਿਨ ਹੀ ਹੋਰ ਉਡੀਕੋ, ਫਿਰ ਪਏਗਾ ਭਾਰੀ ਮੀਂਹ
NEXT STORY