ਜੋਧਾਂ ਲਲਤੋਂ(ਡਾ. ਪ੍ਰਦੀਪ)-ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਨੇ ਚੋਣਾਂ ਸਮੇਂ ਕਿਸਾਨਾਂ ਨਾਲ ਜਿਹੜੇ ਵਾਅਦੇ ਕੀਤੇ ਸਨ, ਉਹ ਹੁਣ ਲਾਰਿਆਂ 'ਚ ਬਦਲ ਚੁੱਕੇ ਹਨ। ਉਕਤ ਵਿਚਾਰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ 'ਤੇ ਜ਼ਿਲਾ ਜਨਰਲ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਜੋਧਾਂ ਵਿਖੇ ਕਿਸਾਨਾਂ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਵਾਅਦਾ-ਖਿਲਾਫੀ ਦੀ ਗੱਲ ਕਰਦਿਆਂ ਉਨ੍ਹਾਂ ਇਕ ਸਾਹਿਤਕ ਤੁਕ ਬੋਲ 'ਇਹ ਵਾਅਦੇ ਕਰਦੇ ਨੇ ਕੱਚੇ ਮਹਿਬੂਬ ਵਾਂਗ, ਆਪੇ ਥੁੱਕ ਦੇ ਆਪ ਚੱਟ ਜਾਂਦੇ ਨੇ'। ਬੈਨੀਪਾਲ ਨੇ ਕਿਹਾ ਕਿ ਸਮੇਂ ਦੇ ਹਾਕਮਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਰਜ਼ਾਈ ਹੋਇਆ ਕਿਸਾਨ ਦਿਨੋਂ-ਦਿਨ ਨਿੱਘਰਦਾ ਜਾ ਰਿਹਾ ਹੈ। ਆਰਥਿਕ ਮੰਦੇਹਾਲ ਨਾਲ ਜੂਝ ਰਹੀ ਪੰਜਾਬ ਦੀ ਕਿਸਾਨੀ ਖੁਦਕੁਸ਼ੀਆਂ ਦੇ ਦੌਰ 'ਚੋਂ ਲੰਘ ਰਹੀ ਹੈ। ਹਾਕਮ ਬਦਲਦੇ ਗਏ ਪਰ ਇਨ੍ਹਾਂ ਨੇ ਨੀਤੀਆਂ ਨਹੀਂ ਬਦਲੀਆਂ। ਇਸ ਮੌਕੇ ਜਮਹੂਰੀ ਕਿਸਾਨ ਸਭਾ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਅੱਚਰਵਾਲ ਨੇ ਕਿਹਾ ਕਿ ਪਰਾਲੀ ਸਾੜਨ ਦੇ ਮੁੰਦੇ 'ਤੇ ਜਮਹੂਰੀ ਕਿਸਾਨ ਸਭਾ ਨੇ ਸਪੱਸ਼ਟ ਸਟੈਂਡ ਲਿਆ ਹੈ ਕਿ ਜੇਕਰ ਸਰਕਾਰ ਨੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪਰਾਲੀ ਜਾਂ ਝੋਨੇ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰਨ ਲਈ ਫੌਰੀ ਤੌਰ 'ਤੇ ਨਾ ਦਿੱਤਾ ਤਾਂ ਕਿਸਾਨ ਸਮੂਹਿਕ ਤੌਰ 'ਤੇ ਮਜਬੂਰੀ ਵੱਸ ਝੋਨੇ ਦੀ ਪਰਾਲੀ ਨੂੰ ਅੱਗਾਂ ਲਾਉਣਗੇ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਅਵਤਾਰ ਸਿੰਘ ਬੱਲੋਵਾਲ, ਜਨਰਲ ਸਕੱਤਰ ਅਮਰਜੀਤ ਸਿੰਘ ਸ਼ਹਿਜ਼ਾਦ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬੂਟਾ ਸਿੰਘ ਮਨਸੂਰਾਂ, ਜਗਦੀਪ ਸਿੰਘ ਦੀਪਾ ਜੋਧਾਂ, ਹਰਨੇਕ ਸਿੰਘ ਗੁੱਜਰਵਾਲ, ਅਵਤਾਰ ਸਿੰਘ ਗਰੇਵਾਲ, ਰਾਣਾ ਲਤਾਲਾ, ਅਮਰੀਕ ਸਿੰਘ ਮੀਕਾ ਜੋਧਾਂ, ਬੂਟਾ ਸਿੰਘ ਸਰਾਭਾ, ਕੁਲਵੰਤ ਸਿੰਘ ਮੋਹੀ, ਬਲਦੇਵ ਧੂਲਕੋਟ, ਭੰਡੀ ਜੋਧਾਂ, ਵੱਲੋਂ ਨੰਬਰਦਾਰ ਗੁਰਦਾਸ ਸਿੰਘ ਜੋਧਾਂ ਆਦਿ ਹਾਜ਼ਰ ਸਨ।
ਐਕਸਪੋਰਟਰ ਦੇ ਦਫਤਰ 'ਚ ਵਰਕਰ ਨੂੰ ਜ਼ਖਮੀ ਕਰ ਕੇ ਲੁੱਟੇ 2 ਲੱਖ
NEXT STORY