1. 2024 ਦੀਆਂ ਆਮ ਚੋਣਾਂ ਮੁੱਖ ਤੌਰ ’ਤੇ ਇਕ ਭਰੋਸੇ ’ਤੇ ਲੜੀਆਂ ਜਾ ਰਹੀਆਂ ਹਨ ਅਤੇ ਉਹ ਭਰੋਸਾ ਹੈ ‘‘ਮੋਦੀ ਦੀ ਗਾਰੰਟੀ’’। ਪ੍ਰਧਾਨ ਮੰਤਰੀ ਮੋਦੀ ਨੇ ਖੁਦ ਕਿਹਾ ਹੈ ਕਿ 2014 ਦਾ ਫੈਸਲਾ ‘ਉਮੀਦ’ (ਆਸ) ਦਾ ਪ੍ਰਗਟਾਵਾ ਸੀ, 2019 ਦਾ ‘ਵਿਸ਼ਵਾਸ’ (ਭਰੋਸਾ) ਅਤੇ ਮੌਜੂਦਾ ਸਮੇਂ ਦਾ ਫੈਸਲਾ ਉਨ੍ਹਾਂ ਦੀ ਗਾਰੰਟੀ ’ਤੇ ਹੋਵੇਗਾ ਪਰ ਇਹ ਸਿਰਫ ਐਲਾਨਨਾਮੇ ਅਤੇ ਵਾਅਦਿਆਂ ਦੀ ਗੱਲ ਨਹੀਂ ਹੈ ਸਗੋਂ 10 ਸਾਲ ਦਾ ਰਿਕਾਰਡ ਹੈ, ਜਿਸ ਦੇ ਆਧਾਰ ’ਤੇ ਜਨਤਾ ਨੂੰ ਜਿਸ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਉਸ ਦੀ ਭਰੋਸੇਯੋਗਤਾ ਦਾ ਮੁਲਾਂਕਣ ਜਨਤਾ ਖੁਦ ਕਰ ਸਕੇਗੀ।
2. ਪਿਛਲੇ 5 ਸਾਲਾਂ ’ਚ, ਅਸੀਂ ਭਾਰਤ ਵਾਸੀਆਂ ਨੇ ਦੇਖਿਆ ਹੈ ਕਿ ਕਿਵੇਂ ਅਸੀਂ ਨਾ ਸਿਰਫ ਕੋਵਿਡ ਮਹਾਮਾਰੀ ਦੀਆਂ ਚੁਣੌਤੀਆਂ ’ਤੇ ਕਾਬੂ ਪਾਇਆ ਹੈ ਸਗੋਂ ਠੋਸ ਵਿੱਤੀ ਨੀਤੀਆਂ ਅਤੇ ਸੁਧਾਰਾਂ ਦੀ ਬਦੌਲਤ 7 ਫੀਸਦੀ ਦੀ ਵਿਕਾਸ ਦਰ ਵੀ ਹਾਸਲ ਕੀਤੀ ਹੈ। ਸਭ ਤੋਂ ਕਮਜ਼ੋਰ 5 ਅਰਥਵਿਵਸਥਵਾਂ ’ਚੋਂ ਨਿਕਲ ਕੇ ਭਾਰਤ ਅੱਜ ਚੋਟੀ ਦੇ 5 ’ਚ ਸ਼ਾਮਲ ਹੈ ਅਤੇ ਬੜੀ ਜਲਦੀ ਤੀਜੇ ਸਥਾਨ ’ਤੇ ਪਹੁੰਚਣ ਦੀ ਸੰਭਾਵਨਾ ਹੈ। ਅਸੀਂ ਆਪਣੇ ਇਲਾਕਿਆਂ, ਕਸਬਿਆਂ ਅਤੇ ਸੂਬੇ ’ਚ ਬੁਨਿਆਦੀ ਢਾਂਚੇ ’ਚ ਅਣਕਿਆਸੇ ਬਦਲਾਅ ਅਤੇ ਜ਼ਿੰਦਗੀ ਦੀ ਗੁਣਵੱਤਾ ’ਚ ਸੁਧਾਰ ਵੀ ਦੇਖਿਆ ਹੈ। ਕਾਰੋਬਾਰ ਕਰਨ ’ਚ ਆਸਾਨੀ ਨੇ ਕਈ ਹੋਰ ਮੌਕੇ ਪੈਦਾ ਕੀਤੇ ਹਨ ਜੋ ਆਸਾਨ ਕਰਜ਼ੇ ਅਤੇ ਬੈਂਕਿੰਗ ਕਾਰਨ ਪਹੁੰਚ ਦੇ ਅੰਦਰ ਹਨ।
ਸਮਾਵੇਸ਼ੀ ਵਿਕਾਸ ਨਾਲ ਆਬਾਦੀ ਦੇ ਹਰ ਵਰਗ ਨੂੰ ਲਾਭ ਹੋਇਆ ਹੈ, ਖਾਸ ਕਰ ਕੇ ਗਰੀਬਾਂ, ਨੌਜਵਾਨਾਂ, ਕਿਸਾਨਾਂ ਅਤੇ ਔਰਤਾਂ (ਗਰੀਬ, ਨੌਜਵਾਨ, ਅੰਨਦਾਤਾ ਅਤੇ ਨਾਰੀ-ਗਿਆਨ) ਨੂੰ। ਭਲਾਈ ਵਾਲੇ ਪ੍ਰੋਗਰਾਮਾਂ ’ਚ ਸਰਗਰਮੀਆਂ ਨੇ ਪ੍ਰਭਾਵੀ ਢੰਗ ਨਾਲ ਰਾਸ਼ਨ, ਸਿਹਤ ਲਾਭ, ਘੱਟ ਆਮਦਨ ਵਾਲੇ ਲੋਕਾਂ ਲਈ ਰਿਹਾਇਸ਼, ਪੀਣ ਦਾ ਪਾਣੀ ਅਤੇ ਬਿਜਲੀ, ਗੈਸ ਸਿਲੰਡਰ, ਸਵੈ-ਰੋਜ਼ਗਾਰ ਅਤੇ ਔਰਤਾਂ ਲਈ ਕਰਜ਼ਾ ਅਤੇ ਕਿਸਾਨਾਂ ਦੀ ਖੇਤੀ ਅਤੇ ਘਰੇਲੂ ਲੋੜਾਂ ਨੂੰ ਮੁਹੱਈਆ ਕਰਨ ਦਾ ਟੀਚਾ ਰੱਖਿਆ ਹੈ। ਡਿਜੀਟਲ ਡਲਿਵਰੀ ਦੀ ਵਰਤੋਂ ਨਾਲ ਪਹਿਲਾਂ ਵਾਂਗ ਭ੍ਰਿਸ਼ਟਾਚਾਰ ਨੂੰ ਰੋਕਿਆ ਗਿਆ ਹੈ, ਜਿਸ ਨਾਲ ਸ਼ਾਸਨ ਦੀ ਗੁਣਵੱਤਾ ’ਚ ਸੁਧਾਰ ਹੋਇਆ ਹੈ। ਅਤੀਤ ਦੇ ਉਲਟ, ਅੱਤਵਾਦ ਦਾ ਮੁਕਾਬਲਾ ਕਰਨ ਅਤੇ ਸਰਹੱਦ ’ਤੇ ਮੁੱਢਲੇ ਢਾਂਚੇ ਦੇ ਨਿਰਮਾਣ ’ਤੇ ਸਪੱਸ਼ਟ ਸਥਿਤੀ ਕਾਰਨ ਦੇਸ਼ ਹੁਣ ਜ਼ਿਆਦਾ ਸੁਰੱਖਿਅਤ ਹੈ।
3. ਇਸ ਰਿਕਾਰਡ ਦੇ ਆਧਾਰ ’ਤੇ, ‘ਮੋਦੀ ਦੀ ਗਾਰੰਟੀ’ ਵਿਕਸਿਤ ਭਾਰਤ ਬਣਨ ਦੀ ਦਿਸ਼ਾ ’ਚ ਰਾਹ ਪੱਧਰਾ ਕਰਦੀ ਹੈ। ਇਸ ’ਚ ਲੋੜਵੰਦਾਂ ਨੂੰ 5 ਸਾਲ ਤੱਕ ਮੁਫਤ ਰਾਸ਼ਨ, 3 ਕਰੋੜ ਮਕਾਨ ਅਤੇ ਮੁਫਤ ਬਿਜਲੀ ਯਕੀਨੀ ਬਣਾਉਣ ਲਈ ਛੱਤ ’ਤੇ ਸੂਰਜੀ ਊਰਜਾ ਲਗਾਉਣ ਦਾ ਵਾਅਦਾ ਕੀਤਾ ਗਿਆ ਹੈ। ਸਿਹਤ ਸਿੱਖਿਆ ਅਤੇ ਮੁੱਢਲੇ ਢਾਂਚੇ ਦਾ ਹੋਰ ਵੱਧ ਵਿਸਥਾਰ ਕੀਤਾ ਜਾਵੇਗਾ ਅਤੇ 70 ਦੀ ਉਮਰ ਤੋਂ ਉਪਰ ਦੇ ਲੋਕਾਂ ਨੂੰ ਮੁਫਤ ਮੈਡੀਕਲ ਸਹੂਲਤਾਂ ਮਿਲਣਗੀਆਂ। ‘ਸਵਨਿਧੀ’ ਅਤੇ ‘ਵਿਸ਼ਵਕਰਮਾ’ ਵਰਗੀਆਂ ਯੋਜਨਾਵਾਂ ਨੂੰ ਵੀ ਅੱਗੇ ਵਧਾਇਆ ਜਾਵੇਗਾ ਅਤੇ ਮਛੇਰੇ ਭਾਈਚਾਰੇ ਨੂੰ ਲਾਭ ਪਹੁੰਚਾਉਣ ’ਤੇ ਖਾਸ ਧਿਆਨ ਦਿੱਤਾ ਜਾਵੇਗਾ।
ਕਿਸਾਨ ਭਲਾਈ ਲਈ ਮੌਜੂਦਾ ਵਿਵਸਥਾਵਾਂ ਅਤੇ ਫਸਲ ਬੀਮਾ ਨੂੰ ਵਧਾਇਆ ਜਾਵੇਗਾ ਅਤੇ ਸ਼੍ਰੀ ਅੰਨ ਦੇ ਉਤਪਾਦਨ, ਮੱਛੀਆਂ ਫੜਨ ਅਤੇ ਡੇਅਰੀ ਲਈ ਸਹਾਇਤਾ ਦਿੱਤੀ ਜਾਵੇਗੀ। ਈ-ਕਿਰਤ ਦੇ ਤਹਿਤ ਕਿਰਤ ਦਾ ਘੇਰਾ ਵਧੇਗਾ ਅਤੇ ਟਰੱਕ ਡਰਾਈਵਰਾਂ ਨੂੰ ਰਾਜਮਾਰਗਾਂ ’ਤੇ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ। ਸਾਡੇ ਨੌਜਵਾਨ ਇਕ ਮਜ਼ਬੂਤ ਸਟਾਰਟਅਪ ਸੱਭਿਆਚਾਰ ਅਤੇ ਮੁਦਰਾ ਯੋਜਨਾ ਦਾ ਲਾਭ ਉਠਾ ਸਕਦੇ ਹਨ, ਜਿਸ ਨੂੰ ਹੁਣ ਦੁੱਗਣਾ ਕਰ ਕੇ 20 ਲੱਖ ਰੁਪਏ ਕਰ ਦਿੱਤਾ ਗਿਆ ਹੈ। ਔਰਤਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਵੱਲ ਖਾਸ ਧਿਆਨ ਦਿੱਤਾ ਜਾਵੇਗਾ ਅਤੇ ਲੱਖਪਤੀ ਦੀਦੀਆਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
4. ਇਹ ਸਭ ਠੋਸ ਆਰਥਿਕ ਸਰਗਰਮੀ, ਵੱਡੇ ਵਿਨਿਰਮਾਣ ਅਤੇ ਵਿਸਥਾਰਤ ਖੇਤੀ ਉਤਪਾਦਨ ਦੇ ਮਾਹੌਲ ’ਚ ਹੋਵੇਗਾ। ਦੇਸ਼ ਪਹਿਲਾਂ ਹੀ ਦੇਖ ਚੁੱਕਾ ਹੈ ਕਿ ‘ਮੇਕ ਇਨ ਇੰਡੀਆ’ ਕਿਵੇਂ ਅੱਗੇ ਵਧਿਆ ਹੈ, ਨਵੇਂ ਕਾਰੋਬਾਰ ਅਤੇ ਰੋਜ਼ਗਾਰ ਪੈਦਾ ਹੋਏ ਹਨ। ਇਨ੍ਹਾਂ ਨੂੰ ਹੁਣ ਸਟੀਲ, ਸੀਮੈਂਟ, ਐਲੂਮੀਨੀਅਮ, ਰੇਲਵੇ, ਰੱਖਿਆ, ਫਾਰਮਾਸਿਊਟੀਕਲਜ਼, ਇਲੈਕਟ੍ਰਿਕ ਵਾਹਨ ਅਤੇ ਮੋਬਾਈਲ ਵਰਗੇ ਖੇਤਰਾਂ ’ਚ ਫੈਲਾਇਆ ਜਾਵੇਗਾ।
ਮਜ਼ਬੂਤ ਆਰਥਿਕ ਅਤੇ ਵਿਦੇਸ਼ ਨੀਤੀਆਂ ਦੇ ਸਿੱਟੇ ਵਜੋਂ, ਭਾਰਤ ਡਿਜ਼ਾਈਨ, ਨਵਾਚਾਰ ਅਤੇ ਵਿਨਿਰਮਾਣ ਲਈ ਇਕ ਵਿਸ਼ਵ ਪੱਧਰੀ ਕੇਂਦਰ ਦੇ ਰੂਪ ’ਚ ਉਭਰਨ ਲਈ ਵੀ ਤਿਆਰ ਹੈ। ਅਜਿਹੇ ਨਵੇਂ ਵਿਸ਼ਵ ਪੱਧਰੀ ਉਦਯੋਗ ਹਨ ਜੋ ਸੈਮੀਕੰਡਕਟਰ, ਇਲੈਕਟ੍ਰਿਕ ਕਾਰ, ਡਰੋਨ, ਪੁਲਾੜ ਜਾਂ ਨਵੀਨੀਕਰਨ ਊਰਜਾ ਵਰਗੀਆਂ ਅਨੁਕੂਲ ਥਾਵਾਂ ਦੀ ਭਾਲ ਕਰ ਰਹੇ ਹਨ।
ਸਾਡੀ ਪ੍ਰਤਿਭਾ, ਬੁਨਿਆਦੀ ਢਾਂਚਾ ਅਤੇ ਸੁਸ਼ਾਸਨ ਵਰਗੇ ਆਕਰਸ਼ਣ ਹੋ ਸਕਦੇ ਹਨ ਜੋ ਉਨ੍ਹਾਂ ਨੂੰ ਭਾਰਤ ਵੱਲ ਖਿੱਚਣਗੇ। ਕੋਵਿਡ ਦੇ ਦੌਰਾਨ ਆਪਣੇ ਟੀਕਿਆਂ ਦਾ ਉਤਪਾਦਨ ਕਰ ਕੇ, ਆਪਣੀ 5-ਜੀ ਤਕਨੀਕ ਦੀ ਖੋਜ ਕਰ ਕੇ, ਯੂ. ਪੀ. ਆਈ. ਕੈਸ਼ਲੈੱਸ ਭੁਗਤਾਨ ਦੇ ਮਾਪਦੰਡ ਦਾ ਪ੍ਰਦਰਸ਼ਨ ਕਰ ਕੇ ਅਤੇ ਚੰਦਰਯਾਨ-3 ਮਿਸ਼ਨ ਨੂੰ ਸਫਲਤਾਪੂਰਵਕ ਪੂਰਾ ਕਰ ਕੇ, ਅਸੀਂ ਨਵੇਂ ਭਾਰਤ ਦੀਆਂ ਸਮਰੱਥਾਵਾਂ ਨੂੰ ਦਿਖਾਇਆ ਹੈ। ਇਸ ਦੇ ਨਤੀਜੇ ਵਜੋਂ ਮਿਲੇ ਸਨਮਾਨ ਨੇ ਸਾਡੇ ਨਾਲ ਜੁੜਨ ’ਚ ਵਿਸ਼ਵ ਪੱਧਰੀ ਰੁਚੀ ਪੈਦਾ ਕੀਤੀ ਹੈ।
5. ਭਾਰਤੀ ਅੱਜ ਵੱਧ ਗਿਣਤੀ ’ਚ ਵਿਦੇਸ਼ ਯਾਤਰਾ ਕਰ ਰਹੇ ਹਨ। ਜਨਤਾ ਦੀ ਮੰਗ ਨੂੰ ਮੁੱਖ ਰੱਖਦੇ ਹੋਏ, ਮੋਦੀ ਸਰਕਾਰ ਨੇ ਪਾਸਪੋਰਟ ਕੇਂਦਰਾਂ ਦੀ ਗਿਣਤੀ 77 ਤੋਂ 527 ਕਰ ਦਿੱਤੀ ਕਿਉਂਕਿ ਭਾਰਤੀ ਰੋਜ਼ਗਾਰ, ਸੈਰ-ਸਪਾਟਾ ਜਾਂ ਅਧਿਐਨ ਲਈ ਬਾਹਰ ਜਾਂਦੇ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਵਿਦੇਸ਼ਾਂ ’ਚ ਭਾਰਤੀਆਂ ਨੂੰ ਸੁਰੱਖਿਅਤ ਰੱਖਣ ਲਈ ਇਕ ਪ੍ਰਣਾਲੀ ਵਿਕਸਿਤ ਕਰੀਏ। ਇਹ ਬਿਲਕੁਲ ਉਹੀ ਹੈ ਜੋ ਸਮਰਪਿਤ ਫੰਡ ਦੀ ਵਿਵਸਥਾ ਅਤੇ ਸਰਕਾਰੀ ਸਰੋਤਾਂ ਦੀ ਵਰਤੋਂ ਕਰ ਕੇ ਚਲਾਏ ਗਏ ਬਚਾਅ ਕਾਰਜਾਂ ਦੁਆਰਾ ਬਣਾਇਆ ਗਿਆ ਹੈ। ਇਹ ਵੀ ਯੋਜਨਾ ਬਣਾਈ ਗਈ ਹੈ ਕਿ ਵਿਦੇਸ਼ਾਂ ’ਚ ਦੂਤਘਰਾਂ ਦੀ ਗਿਣਤੀ ਵਧਾਈ ਜਾਵੇਗੀ ਤਾਂ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਵੱਧ ਹੁਨਰਮੰਦੀ ਨਾਲ ਹਮਾਇਤ ਦੇ ਸਕੀਏ।
ਸਾਡਾ ਵਧਦਾ ਗ੍ਰਾਫ ਰਿਕਾਰਡ ਬਰਾਮਦ ’ਚ ਵੀ ਦਰਸਾਇਆ ਗਿਆ ਹੈ ਜੋ ਪਿਛਲੇ ਸਾਲ 765 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ। ਇਸ ਦਾ ਭਾਵ ਹੈ ਕਿ ਘਰ ’ਚ ਵੱਧ ਰੋਜ਼ਗਾਰ ਅਤੇ ਖੁਸ਼ਹਾਲੀ ਦੇਖਣ ਨੂੰ ਮਿਲੇਗੀ। ਭਾਰਤ ਨੂੰ ਅੱਜ ਕੌਮਾਂਤਰੀ ਮੰਚ ’ਤੇ ਬੜਾ ਮਾਣ ਪ੍ਰਾਪਤ ਹੈ। ਅਸੀਂ ਜੀ-20 ਸਮੂਹ ਦੀ ਸਫਲਤਾਪੂਰਵਕ ਪ੍ਰਧਾਨਗੀ ਕੀਤੀ ਅਤੇ ਉਨ੍ਹਾਂ ਦਬਾਵਾਂ ਦਾ ਸਾਹਮਣਾ ਕੀਤਾ ਜੋ ਸਾਡੇ ਰਾਸ਼ਟਰੀ ਹਿੱਤ ਦੇ ਵਿਰੁੱਧ ਸੀ। ਸਾਡੇ ‘ਭਾਰਤ ਫਸਟ’ ਰੁਖ ਨੇ ਕਵਾਡ ਵਰਗੇ ਮਹੱਤਵਪੂਰਨ ਸਮੂਹਾਂ ਅਤੇ ਆਈ. ਐੱਮ. ਈ. ਸੀ. ਵਰਗੀ ਕੁਨੈਕਟੀਵਿਟੀ ਪਹਿਲ ’ਚ ਸ਼ਾਮਲ ਹੋਣ ’ਚ ਸਮਰੱਥ ਬਣਾਇਆ ਹੈ। ਸਰਹੱਦ ਪਾਰ ਅੱਤਵਾਦ ਦਾ ਮੁਕਾਬਲਾ ਕਰਨ ਦੇ ਕਾਰਨ, ਸਾਡੀ ਮਜ਼ਬੂਤ ਸਥਿਤੀ ਨੂੰ ਵੱਧ ਵਿਸ਼ਵ ਪੱਧਰੀ ਪ੍ਰਵਾਨਗੀ ਮਿਲੀ ਹੈ।
6. ਦੁਨੀਆ ਸਾਡੀਆਂ ਚੋਣਾਂ ਨੂੰ ਡੂੰਘੀ ਦਿਲਚਸਪੀ ਨਾਲ ਦੇਖ ਰਹੀ ਹੈ। ਵੱਡੀ ਧਾਰਨਾ ਹੈ ਕਿ ਇਹ ਫੈਸਲਾ ਨਾ ਸਿਰਫ ਅਗਲੇ ਕਾਰਜਕਾਲ ਲਈ ਸ਼ਾਸਨ ਦਾ ਫੈਸਲਾ ਕਰੇਗਾ ਸਗੋਂ ਵਿਕਸਿਤ ਭਾਰਤ ਦੀ ਖੋਜ ਦੀ ਸਫਲਤਾ ਵੀ ਤੈਅ ਕਰੇਗਾ। ਅਜਿਹੇ ਸਮੇਂ ’ਚ ਜਦੋਂ ਵਿਸ਼ਵ ਪੱਧਰੀ ਦ੍ਰਿਸ਼ ਜੰਗਾਂ, ਤਣਾਵਾਂ, ਵੰਡਾਂ ਅਤੇ ਕਰਜ਼ ਨਾਲ ਘਿਰਿਆ ਹੋਇਆ ਹੈ, ਇਹ ਜ਼ਰੂਰੀ ਹੈ ਕਿ ਭਾਰਤ ਨੂੰ ਇਕ ਮਜ਼ਬੂਤ ਅਤੇ ਤਜਰਬੇਕਾਰ ਲੀਡਰਸ਼ਿਪ ਦੀ ਅਗਵਾਈ ’ਚ ਅੱਗੇ ਲਿਜਾਇਆ ਜਾਵੇ। ਤਾਂ ਹੀ ਅਸੀਂ ਨਵੀਆਂ ਤਕਨਾਲੋਜੀਜ਼ ਅਤੇ ਹਿੱਸੇਦਾਰੀਆਂ ਰਾਹੀਂ ਪੇਸ਼ ਕੀਤੇ ਗਏ ਮੌਕਿਆਂ ਦਾ ਲਾਭ ਉਠਾ ਸਕਦੇ ਹਾਂ।
ਸਾਡੇ ਕੋਲ 2047 ਦਾ ਵਿਜ਼ਨ ਹੈ ਪਰ ਉਸ ਨੂੰ ਹਕੀਕਤ ’ਚ ਲਿਆਉਣ ਲਈ ਸਾਨੂੰ 24×7 ਸੁਸ਼ਾਸਨ ਦੀ ਵੀ ਲੋੜ ਹੈ। ‘ਮੋਦੀ ਦੀ ਗਾਰੰਟੀ’ ਇਕ ਪੈਕੇਜ ਹੈ ਜੋ ਇਕ ਦਹਾਕੇ ਤੋਂ ਵੱਧ ਦੀਆਂ ਪ੍ਰਾਪਤੀਆਂ ਦਾ ਟ੍ਰੈਕ ਰਿਕਾਰਡ ਪੇਸ਼ ਕਰਦਾ ਹੈ ਜਿਵੇਂ ਕਿ ਸਾਡੇ ’ਚੋਂ ਹਰੇਕ ਵਿਅਕਤੀ ਭਵਿੱਖ ਬਾਰੇ ਫੈਸਲਾ ਲੈਂਦਾ ਹੈ, ਸਾਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਇਸ ਮਹੱਤਵਪੂਰਨ ਸਮੇਂ ’ਚ ਭਾਰਤ ਦੀ ਅਗਵਾਈ ਕਰਨ ਲਈ ਕਿਸ ’ਤੇ ਭਰੋਸਾ ਕਰਦੇ ਹਾਂ।
ਐੱਸ. ਜੈਸ਼ੰਕਰ (ਵਿਦੇਸ਼ ਮੰਤਰੀ)
ਹੁਣ ‘ਖਿਡੌਣਾ ਪਿਸਤੌਲਾਂ-ਬੰਦੂਕਾਂ’ ਨਾਲ ਲੋਕਾਂ ਨੂੰ ਲੁੱਟਣ ਲੱਗੇ ਅਪਰਾਧੀ
NEXT STORY