ਚੰਡੀਗੜ੍ਹ(ਬਿਊਰੋ)-ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਦਿਆਂ ਰਾਜ ਵਿਚ ਚਾਇਨੀਜ਼ ਡੋਰ ਦੀ ਸਪਲਾਈ ਅਤੇ ਵਿਕਰੀ 'ਤੇ ਪੂਰਨ ਪਾਬੰਦੀ ਲਾ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਹੁਕਮਾਂ ਅਨੁਸਾਰ ਚਾਇਨੀਜ਼ ਡੋਰ ਦਾ ਉਤਪਾਦਨ, ਵਿਕਰੀ, ਭੰਡਾਰਨ ਅਤੇ ਪਤੰਗ ਉਡਾਉਣ ਲਈ ਨਾਈਲੋਨ ਦੀ ਵਰਤੋਂ ਰਾਹੀਂ ਤਿਆਰ ਕੀਤੀ ਗਈ ਡੋਰ ਅਤੇ ਹੋਰ ਸਿੰਥੈਟਿਕ ਵਸਤਾਂ ਤੋਂ ਬਣੀ ਡੋਰ ਦੀ ਵਰਤੋਂ 'ਤੇ ਪੂਰਨ ਪਾਬੰਦੀ ਲਾਈ ਗਈ ਹੈ। ਬੁਲਾਰੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਤੰਗਬਾਜ਼ੀ ਲਈ ਧਾਗੇ ਨੂੰ ਤਿੱਖਾ ਬਣਾਉਣ ਲਈ ਕਿਸੇ ਵੀ ਤਰ੍ਹਾਂ ਦੇ ਕੱਚ ਜਾਂ ਕਿਸੇ ਧਾਤ ਦੀ ਵਰਤੋਂ ਉਤੇ ਵੀ ਪੂਰੇ ਰਾਜ ਵਿਚ ਪਾਬੰਦੀ ਲਾਈ ਗਈ ਹੈ। ਬੁਲਾਰੇ ਨੇ ਦੱਸਿਆ ਕਿ ਇਹ ਦੇਖਣ ਵਿਚ ਆਇਆ ਹੈ ਕਿ ਨਾਈਲੋਨ ਅਤੇ ਸਿੰਥੈਟਿਕ ਧਾਗੇ ਕਾਰਨ ਇਨਸਾਨਾਂ, ਪਸ਼ੂ-ਪੰਛੀਆਂ ਅਤੇ ਧਰਤੀ ਦੇ ਵਾਤਾਵਰਣ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਉਕਤ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਪਤੰਗਬਾਜ਼ੀ ਦੀ ਇਜਾਜ਼ਤ ਸਿਰਫ ਸੂਤੀ ਧਾਗੇ ਨਾਲ ਹੈ, ਜਿਸ ਨੂੰ ਕਿਸੇ ਵੀ ਤਰੀਕੇ ਨਾਲ ਧਾਰਦਾਰ ਨਾ ਬਣਾਇਆ ਗਿਆ ਹੋਵੇ।
ਰੋਡਵੇਜ਼ ਦਾ ਬੰਦ ਪਿਆ ਰੂਟ ਚਲਾਉਣ ਦੀ ਮੰਗ
NEXT STORY