ਖਰੜ (ਰਣਬੀਰ)– ਸੰਤੇ ਮਾਜਰਾ ਕਾਲੋਨੀ ਨੇੜੇ ਸਵਰਾਜ ਇਨਕਲੇਵ ’ਚ ਲੈਣ-ਦੇਣ ਲਈ ਦੋਹਰਾ ਕਤਲ ਕਰ ਦਿੱਤਾ ਗਿਆ। ਵਾਰਦਾਤ ਬੀਤੀ ਰਾਤ ਦੀ ਹੈ, ਜਦੋਂ ਤੇਜ਼ਧਾਰ ਹਥਿਆਰਾਂ ਨਾਲ ਆਏ 4 ਅਣਪਛਾਤੇ ਮੁਲਜ਼ਮ ਘਰ ’ਚ ਦਾਖ਼ਲ ਹੋ ਗਏ ਤੇ ਮਾਮੂਲੀ ਬਹਿਸ ਤੋਂ ਬਾਅਦ ਜੋੜੇ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਮੌਕੇ ’ਤੇ ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬਬਲੂ (40) ਵਾਸੀ ਜ਼ਿਲਾ ਮਾਲਦਾ (ਪੱਛਮੀ ਬੰਗਾਲ) ਤੇ ਉਸ ਦੀ ਪਤਨੀ ਮਨਸੂਰਾਂ ਬੇਗਮ (26) ਵਜੋਂ ਹੋਈ ਹੈ।
ਸੂਚਨਾ ਮਿਲਦਿਆਂ ਹੀ ਪੁਲਸ ਦੇ ਉੱਚ ਅਧਿਕਾਰੀ ਪੁੱਜੇ ਤੇ ਜਾਂਚ ਸ਼ੁਰੂ ਕੀਤੀ। ਇਥੇ ਜੋੜਾ ਕੁਝ ਦੇਰ ਤੋਂ ਮਜ਼ਦੂਰੀ ਕਰ ਰਿਹਾ ਸੀ। ਡੀ. ਐੱਸ. ਪੀ. ਅਨੁਸਾਰ ਸਿਟੀ ਪੁਲਸ ਵਲੋਂ ਚਸ਼ਮਦੀਦ ਚਾਂਦਨੀ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਚਾਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚਾਂਦਨੀ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਨਾਲ ਵਾਲੇ ਕਮਰੇ ’ਚ ਬਬਲੂ ਆਪਣੀ ਪਤਨੀ ਨਾਲ 5 ਮਹੀਨਿਆਂ ਤੋਂ ਕਿਰਾਏ ’ਤੇ ਰਹਿ ਰਿਹਾ ਸੀ। ਬੀਤੀ ਰਾਤ ਸਵਾ 9 ਵਜੇ ਦੇ ਕਰੀਬ 2 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ 4 ਜਣੇ ਚਰਨਜੀਤ ਸਿੰਘ ਉਰਫ਼ ਮੋਨੂੰ, ਸਿਮਰਨਜੀਤ ਸਿੰਘ ਉਰਫ਼ ਲੱਕੀ, ਮਨਦੀਪ ਸਿੰਘ ਉਰਫ਼ ਅਮਨ ਤੇ 1 ਕੁੜੀ ਖ਼ੁਸ਼ੀ ਆਈ। ਖ਼ੁਸ਼ੀ ਤੇ ਸਿਮਰਨਜੀਤ ਸਿੰਘ ਬਬਲੂ ਤੇ ਮਨਸੂਰਾਂ ਕੋਲੋਂ ਆਪਣਾ ਮੋਬਾਇਲ ਤੇ ਹੋਰ ਸਾਮਾਨ ਦੀ ਮੰਗ ਕਰਨ ਲੱਗੇ। ਪਤੀ-ਪਤਨੀ ਨੇ ਸਾਮਾਨ ਉਨ੍ਹਾਂ ਨੂੰ ਦੇ ਦਿੱਤਾ ਪਰ ਉਹ ਜੋੜੇ ਨੂੰ ਕਹਿਣ ਲੱਗੇ ਕਿ ਅੱਧਾ ਸਾਮਾਨ ਗ਼ਾਇਬ ਹੈ। ਇਸ ’ਤੇ ਤਕਰਾਰ ਵੱਧ ਗਈ।
ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਦੀ ਮੌਤ ’ਤੇ ਅਮਰੀਕੀ ਪੁਲਸ ਦਾ ਆਇਆ ਵੱਡਾ ਬਿਆਨ
ਬਹਿਸ ਪਿੱਛੋਂ ਚਾਰੋਂ ਜਣੇ ਅੰਦਰ ਦਾਖ਼ਲ ਹੋ ਗਏ ਤੇ ਉਨ੍ਹਾਂ ਨੇ ਬਬਲੂ ਤੇ ਉਸ ਦੀ ਘਰਵਾਲੀ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੋਨੂੰ ਨੇ ਚਾਕੂ ਨਾਲ ਕਈ ਵਾਰ ਬਬਲੂ ਦੀ ਛਾਤੀ ਤੇ ਵੱਖੀ ’ਚ ਕੀਤੇ ਤੇ ਬਾਕੀ ਸਾਥੀਆਂ ਨੇ ਡੰਡਿਆਂ ਨਾਲ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਨਾਲ ਉਹ ਮੌਕੇ ’ਤੇ ਹੀ ਬੇਹੋਸ਼ ਹੋ ਕੇ ਡਿੱਗ ਪਿਆ। ਇਸੇ ਤਰ੍ਹਾਂ ਹਮਲਾਵਰਾਂ ਨੇ ਬਬਲੂ ਦੀ ਘਰਵਾਲੀ ਮਨਸੂਰਾਂ ਨੂੰ ਵੀ ਫੱਟੜ ਕਰ ਦਿੱਤਾ। ਸ਼ਿਕਾਇਤਕਰਤਾ ਨੇ ਪਤੀ-ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਸ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਧੱਕਾ ਦੇ ਕੇ ਦੂਰ ਕਰ ਦਿੱਤਾ। ਇਹ ਰੌਲਾ ਸੁਣ ਜਿਉਂ ਹੀ ਆਲੇ-ਦੁਆਲੇ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਮੁਲਜ਼ਮ ਹਥਿਆਰਾਂ ਸਣੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਵਲੋਂ ਵਾਹਨ ਦਾ ਇੰਤਜ਼ਾਮ ਕਰਕੇ ਗੰਭੀਰ ਹਾਲਤ ’ਚ ਬਬਲੂ ਸਣੇ ਉਸ ਦੀ ਘਰਵਾਲੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਮੁੱਢਲੀ ਡਾਕਟਰੀ ਸਹਾਇਤਾ ਦੇਣ ਮਗਰੋਂ ਇਕ ਨੂੰ ਫੇਜ਼ 6 ਹਸਪਤਾਲ, ਜਦਕਿ ਦੂਜੇ ਨੂੰ ਸਰਕਾਰੀ ਮੈਡੀਕਲ ਕਾਲਜ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉਥੇ ਪੁੱਜਦਿਆਂ ਹੀ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਦੋਵਾਂ ਦਾ ਸੀ ਦੂਜਾ ਨਿਕਾਹ
ਡੀ. ਐੱਸ. ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਵਿਰੁੱਧ ਧਾਰਾ 302 ਤੇ 34 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਜਾਪਦਾ ਹੈ ਕਿ ਕਤਲ ਲੈਣ-ਦੇਣ ਦੇ ਝਗੜੇ ਜਾਂ ਰੰਜਿਸ਼ ਕਾਰਨ ਕੀਤਾ ਗਿਆ ਹੈ। ਚਾਰੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਹੁਣ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਮੁਲਜ਼ਮ ਮ੍ਰਿਤਕ ਜੋੜੇ ਨੂੰ ਕਦੋਂ ਤੋਂ ਜਾਣਦੇ ਸਨ, ਅਜਿਹਾ ਕਿਹੜਾ ਸਾਮਾਨ ਸੀ, ਜੋ ਬਬਲੂ ਤੇ ਉਸ ਦੀ ਘਰਵਾਲੀ ਕੋਲੋਂ ਮੰਗਣ ਆਏ ਸਨ। ਪੁਲਸ ਵਲੋਂ ਪੋਸਟਮਾਰਟਮ ਕਰਵਾਉਣ ਪਿੱਛੋਂ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਬਬਲੂ ਤੇ ਉਸ ਦੀ ਘਰਵਾਲੀ ਦੋਵਾਂ ਦਾ ਦੂਜਾ ਨਿਕਾਹ ਸੀ। ਬਬਲੂ ਦੀ ਪਹਿਲੀ ਘਰਵਾਲੀ ਰੇਖਾ ਬੀਬੀ 2 ਬੱਚਿਆਂ ਨਾਲ ਵੱਖ ਰਹਿ ਰਹੀ ਸੀ, ਜਦਕਿ ਬਬਲੂ ਕੁਝ ਦਿਨ ਪਹਿਲਾਂ ਹੀ ਦੂਜੀ ਪਤਨੀ ਨਾਲ ਘਰ ਈਦ ਮਨਾਉਣ ਪਿੱਛੋਂ ਵਾਪਸ ਆਇਆ ਸੀ। ਇਸੇ ਘਰ ’ਚ ਮੰਜੂ ਦੇਵੀ ਪਤਨੀ ਨਰੇਸ਼ ਕੁਮਾਰ ਵੀ ਰਹਿੰਦੀ ਹੈ, ਜੋ ਕਿਰਾਏਦਾਰਾਂ ਤੋਂ ਕਿਰਾਇਆ ਇਕੱਠਾ ਕਰਕੇ ਮਕਾਨ ਮਾਲਕ ਨੂੰ ਦਿੰਦੀ ਹੈ। ਵਾਰਦਾਤ ਦੌਰਾਨ ਮੰਜੂ ਦੇਵੀ ਆਪਣੇ ਘਰ ਗਈ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਘਰੋਂ ਨਿਕਲਣ ਤੋਂ ਪਹਿਲਾਂ ਜਾਣ ਲਓ ਮੌਸਮ ਦਾ ਹਾਲ, 4 ਮਈ ਤਕ ਅਜਿਹਾ ਰਹੇਗਾ ਅਸਮਾਨ ਦਾ ਰੁਖ਼
NEXT STORY