ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵੱਲ ਵਿਦਿਆਰਥੀਆਂ ਨੂੰ ਵਧੇਰੇ ਆਕਰਸ਼ਿਤ ਕਰਨ ਲਈ ਆਪਣੀ ਮੁਹਿੰਮ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਵਿਭਾਗ ਵਲੋਂ ਵਟਸਐਪ ਤੇ ਫੇਸਬੁੱਕ ਦਾ ਸਹਾਰਾ ਲਿਆ ਜਾਵੇਗਾ। ਇਸ ਮੁਹਿੰਮ ਦੇ ਤਹਿਤ ਸਾਰੇ ਸਰਕਾਰੀ ਸਕੂਲਾਂ ਨੂੰ ਫੇਸਬੁੱਕ ਪੇਜ ਬਣਾਉਣ ਦੀ ਹਦਾਇਤ ਦਿੱਤੀ ਗਈ ਹੈ ਤਾਂ ਜੋ ਸਰਕਾਰੀ ਸਕੂਲਾਂ 'ਚ ਪੜ੍ਹਨ ਦੇ ਲਾਭ, ਸਹੂਲਤਾਂ, ਫੀਸ, ਪ੍ਰਾਪਤੀਆਂ, ਅਧਿਆਪਕਾਂ ਦੀ ਪ੍ਰੋਫਾਈਲ ਅਤੇ ਸਫਲਤਾ ਦੀਆਂ ਕਹਾਣੀਆਂ ਨੂੰ ਉਜਾਗਰ ਕੀਤਾ ਜਾਵੇ।
ਇਸ ਸਬੰਧੀ ਸਮਾਰਟ ਸਕੂਲਾਂ ਜਿਹੀਆਂ ਪਹਿਲ ਕਦਮੀਆਂ ਵੱਲ ਵਧੇਰੇ ਧਿਆਨ ਦਿੱਤਾ ਜਾਵੇਗਾ। ਅਧਿਆਪਕਾਂ ਨੂੰ ਵੀ ਟੈਕਸਟ, ਤਸਵੀਰਾਂ ਅਤੇ ਵੀਡੀਓ ਸੰਦੇਸ਼ਾਂ ਨੂੰ ਵਟਸਐਪ ਰਾਹੀਂ ਸਾਂਝਾ ਕਰਨ ਲਈ ਕਿਹਾ ਗਿਆ ਹੈ। ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਵਿਭਾਗ ਵਲੋਂ ਬਾਹਰੀ ਅਤੇ ਹੋਰ ਮਾਧਿਅਮ ਰਾਹੀਂ ਇਸ਼ਤਿਹਾਰ ਦਿੱਤੇ ਜਾਣਗੇ। ਹਰੇਕ ਸਕੂਲ 'ਚ ਪੈਂਫਲੈੱਟ ਤਿਆਰ ਕਰਨ ਅਤੇ ਇਨ੍ਹਾਂ ਨੂੰ ਵੰਡਣ ਲਈ ਵੀ ਇਕ ਮੀਡੀਆ ਟੀਮ ਦਾ ਗਠਨ ਕੀਤਾ ਜਾਵੇਗਾ।
ਇਨ੍ਹਾਂ ਟੀਮਾਂ ਵਲੋਂ ਆਪੋ-ਆਪਣੇ ਸਕੂਲਾਂ ਨੇੜੇ ਉਨ੍ਹਾਂ ਥਾਵਾਂ ਦੀ ਭਾਲ ਕੀਤੀ ਜਾਵੇਗੀ, ਜਿੱਥੇ ਪ੍ਰਚਾਰ ਸਮੱਗਰੀ ਵਾਲੇ ਫਲੈਕਸ ਬੋਰਡ ਅਤੇ ਹੋਰਡਿੰਗ ਲਾਏ ਜਾਣਗੇ। ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਵਿਭਾਗ ਵਲੋਂ ਸਰਕਾਰੀ ਸਕੂਲਾਂ 'ਚ ਸਿੱਖਿਆ ਦੀ ਗੁਣਵੱਤਾ 'ਚ ਸੁਧਾਰ ਲਿਆਉਣ ਅਤੇ ਇਨ੍ਹਾਂ ਨੂੰ ਨਿੱਜੀ ਸਕੂਲਾਂ ਦੇ ਬਰਾਬਰ ਲਿਆਉਣ ਲਈ ਬਹੁਤ ਸਾਰੀਆਂ ਪਹਿਲ ਕਦਮੀਆਂ ਕੀਤੀਆਂ ਗਈਆਂ ਹਨ। ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਇਨ੍ਹਾਂ ਪਹਿਲ ਕਦਮੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਲੋੜ ਹੈ ਅਤੇ ਇਸ ਸੰਬਧੀ ਵਿਸਥਾਰਿਤ ਕਾਰਜ ਯੋਜਨਾ ਬਣਾਈ ਗਈ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੀ ਜਾਇਦਾਦ ਵੇਚਣ 'ਤੇ ਲੱਗੀ ਰੋਕ
NEXT STORY