ਚੰਡੀਗੜ੍ਹ : ਪੰਜਾਬ ਅਤੇ ਅਮੈਰਿਕਨ ਚੈਂਬਰ ਆਫ ਕਾਮਰਸ ਇਨ ਇੰਡੀਆ (ਐਮਚੈਮ ਇੰਡੀਆ) ਦਰਮਿਆਨ ਅੱਜ ਐਮਚੈਮ ਇੰਡੀਆ ਦੀ 29ਵੀਂ ਏਜੀਐਮ ਦੌਰਾਨ ਇਕ ਐਮ. ਓ. ਯੂ. (ਸਹਿਮਤੀ ਪੱਤਰ) ਸਹੀਬੱਧ ਕੀਤਾ ਗਿਆ, ਜੋ ਅਮਰੀਕਾ ਦੀਆਂ ਮੈਂਬਰ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਅਤੇ ਵਪਾਰ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਏਗਾ। ਇਸ ਸਹਿਮਤੀ ਪੱਤਰ ‘ਤੇ ਇਨਵੈਸਟ ਪੰਜਾਬ ਦੇ ਸੀ. ਈ. ਓ. ਰਜਤ ਅਗਰਵਾਲ ਅਤੇ ਐਮਚੈਮ ਇੰਡੀਆ ਦੇ ਪ੍ਰੋਗਰਾਮ ਡਾਇਰੈਕਟਰ ਰਾਜੀਵ ਆਨੰਦ ਵੱਲੋਂ ਪ੍ਰਮੁੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਹੁਸਨ ਲਾਲ ਦੀ ਮੌਜੂਦਗੀ ਵਿੱਚ ਹਸਤਾਖ਼ਰ ਕੀਤੇ ਗਏ। ਐਮਚੈਮ ਇੰਡੀਆ ਵੱਲੋਂ ਭਾਰਤ ਦੇ ਕਿਸੇ ਸੂਬੇ ਨਾਲ ਪਹਿਲਾ ਸਮਝੌਤਾ ਕੀਤਾ ਗਿਆ ਹੈ। ਇਸ ਵਿੱਚ ਇੱਕ ਸਾਂਝੇ ਕਾਰਜ ਸਮੂਹ (ਜੇ. ਡਬਲਿਊ. ਜੀ.) ਦਾ ਗਠਨ ਸ਼ਾਮਲ ਹੈ, ਜਿਸ ਵਿੱਚ ਇਨਵੈਸਟ ਪੰਜਾਬ ਅਤੇ ਐਮਚੈਮ ਇੰਡੀਆ ਮੈਂਬਰ ਹਨ, ਜੋ ਨਿਵੇਸ਼ ਵਿੱਚ ਤਾਲਮੇਲ ਵਧਾਉਣ ਲਈ ਕੰਮ ਕਰਨਗੇ, ਜਿਸ ਨਾਲ ਪੰਜਾਬ, ਭਾਰਤ ਅਤੇ ਅਮਰੀਕਾ ਵਿੱਚ ਸੁਖਾਲੇ ਢੰਗ ਨਾਲ ਕਾਰੋਬਾਰ ਕਰਨ ਲਈ ਢੁਕਵਾਂ ਮਾਹੌਲ ਵੀ ਮਿਲੇਗਾ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ 'ਚ ਭਿਆਨਕ ਹਾਦਸੇ ਕਾਰਨ 2 ਨੌਜਵਾਨਾਂ ਦੀ ਮੌਤ, ਦੇਖਣ ਵਾਲਿਆਂ ਦੀ ਕੰਬ ਗਈ ਰੂਹ (ਤਸਵੀਰਾਂ)
ਸੂਬੇ ਵਿੱਚ ਮੌਜੂਦ ਵੱਖ-ਵੱਖ ਖੇਤਰਾਂ ਵਿੱਚ ਅਮਰੀਕੀ ਕੰਪਨੀਆਂ ਲਈ ਨਿਵੇਸ਼ ਦੇ ਮੌਕਿਆਂ ਬਾਰੇ ਪੇਸ਼ਕਾਰੀ ਦਿੰਦਿਆਂ ਇਨਵੈਸਟ ਪੰਜਾਬ ਦੇ ਸੀ. ਈ. ਓ. ਰਜਤ ਅਗਰਵਾਲ ਨੇ ਕਿਹਾ ਕਿ ਪੰਜਾਬ ਨੇ ਭਾਰਤ ਵਿੱਚ ਵਪਾਰ ਸ਼ੁਰੂ ਕਰਨ ਦੀਆਂ ਇਛੁੱਕ ਕਈ ਪ੍ਰਸਿੱਧ ਬਹੁ-ਰਾਸ਼ਟਰੀ ਕੰਪਨੀਆਂ ਲਈ ਇੱਕ ਲਾਂਚਪੈਡ ਵਜੋਂ ਕੰਮ ਕੀਤਾ ਹੈ। ਅਗਰਵਾਲ ਨੇ ਖੇਤੀਬਾੜੀ ਅਤੇ ਫੂਡ ਪ੍ਰਾਸੈਸਿੰਗ, ਟੈਕਨੀਕਲ ਇੰਜਨੀਅਰਿੰਗ, ਟੈਕਸਟਾਈਲ ਅਤੇ ਫਾਰਮਾ ਵਰਗੇ ਕਈ ਖੇਤਰਾਂ ਵਿੱਚ ਪੰਜਾਬ ਆਧਾਰਿਤ ਕੰਪਨੀਆਂ ਦੇ ਨਾਲ ਨਿਵੇਸ਼ ਜਾਂ ਸਾਂਝੇ ਵਪਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਅਗਰਵਾਲ ਨੇ ਕਿਹਾ ਕਿ ਨਿਵੇਸ਼ਕਾਂ ਲਈ ਢੁਕਵੇਂ ਮਾਹੌਲ ਸਦਕਾ ਪੰਜਾਬ ਸਰਕਾਰ 12 ਬਿਲੀਅਨ ਡਾਲਰ ਤੋਂ ਵੱਧ ਨਿਵੇਸ਼ ਲਾਗੂ ਕਰਨ ਦੇ ਵੱਖ-ਵੱਖ ਪੜਾਵਾਂ ’ਤੇ ਹੈ। ਇਹ ਨਿਵੇਸ਼ ਦੇ ਸਬੰਧ ਵਿੱਚ ਵੱਡੀ ਕਾਮਯਾਬੀ ਹੈ। ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਕੀਤੇ ਗਏ ਉੱਚ ਪ੍ਰਭਾਵ ਵਾਲੇ ਕਾਰੋਬਾਰੀ ਸੁਧਾਰਾਂ ਜਿਵੇਂ ਰਾਈਟ ਟੂ ਬਿਜ਼ਨੈੱਸ ਐਕਟ 2020, ਡੀਮਡ ਮਨਜ਼ੂਰੀਆਂ, ਕੇਂਦਰੀ ਨਿਰੀਖਣ ਪ੍ਰਣਾਲੀ ‘ਤੇ ਵੀ ਵਿਚਾਰ ਕੀਤਾ, ਜੋ ਸੂਬੇ ਵਿੱਚ ਕਾਰੋਬਾਰ ਸ਼ੁਰੂ ਕਰਨ ਲਈ ਲੱਗਦੇ ਸਮੇਂ ਅਤੇ ਲਾਗਤ ਨੂੰ ਘਟਾਉਣ ਲਈ ਕੀਤੇ ਗਏ ਹਨ। ਇਨਵੈਸਟ ਪੰਜਾਬ ਦੇ ਸੀ. ਈ. ਓ. ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਲਈ ਉਦਯੋਗੀਕਰਨ, ਵਪਾਰ ਅਤੇ ਵਣਜ ਨੂੰ ਉਤਸ਼ਾਹਿਤ ਕਰਨ ਵਾਸਤੇ ਅਮਰੀਕਾ ਮੁੱਖ ਦੇਸ਼ਾਂ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ : ਛੋਟੀ ਬੱਚੀ ਨੂੰ ਛੱਤ ਤੋਂ ਉਲਟਾ ਲਟਕਾ ਕੇ ਕੁੱਟਣ ਵਾਲੀ ਮਾਂ ਗ੍ਰਿਫ਼ਤਾਰ, ਵੀਡੀਓ ਹੋਈ ਸੀ ਵਾਇਰਲ
ਐਮਾਜ਼ਾਨ, ਵਾਲਮਾਰਟ, ਕੁਆਰਕ, ਕਾਰਗਿਲ, ਟਾਇਸਨ, ਜੌਹਨ ਡੀਅਰ, ਗੇਟਸ, ਸ੍ਰੇਬਰ, ਪੈਪਸੀ, ਕੋਕਾ ਕੋਲਾ, ਟੈਲੀਪਰਫਾਰਮੈਂਸ, ਕੰਪੂ-ਵਿਜ਼ਨ ਕੰਸਲਟਿੰਗ, ਨੈੱਟਸਮਾਰਟਜ਼ ਇਨਫੋਟੈਕ ਵਰਗੀਆਂ 20 ਤੋਂ ਵੱਧ ਅਮਰੀਕੀ ਫਰਮਾਂ ਨੇ ਪੰਜਾਬ ਨੂੰ ਆਪਣੇ ਪਸੰਦੀਦਾ ਨਿਵੇਸ਼ ਸਥਾਨ ਵਜੋਂ ਚੁਣਿਆ ਹੈ। ਅਮਰੀਕੀ ਅਤੇ ਪੰਜਾਬ ਆਧਾਰਿਤ ਕੰਪਨੀਆਂ ਲਈ ਵੱਖ-ਵੱਖ ਖੇਤਰਾਂ ਵਿੱਚ ਸਾਂਝੇ ਵਪਾਰ ਲਈ ਅਥਾਹ ਮੌਕੇ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ 2013 ਵਿੱਚ ਸਥਾਪਿਤ ਕੀਤਾ ਗਿਆ, ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ (ਇਨਵੈਸਟ ਪੰਜਾਬ) ਉਨ੍ਹਾਂ ਨਿਵੇਸ਼ਕਾਂ ਲਈ ਸਹੂਲਤ ਪ੍ਰਾਪਤ ਕਰਨ ਦਾ ਇੱਕ ਸਾਧਨ ਹੈ, ਜੋ ਪੰਜਾਬ ਵਿੱਚ ਕਾਰੋਬਾਰ ਸਥਾਪਿਤ ਕਰਨਾ ਚਾਹੁੰਦੇ ਹਨ। ਅਗਰਵਾਲ ਨੇ ਕਿਹਾ ਕਿ ਇਨਵੈਸਟ ਪੰਜਾਬ ਨੂੰ ਭਾਰਤ ਸਰਕਾਰ ਨੇ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੇ ਰਾਜ (ਆਈ. ਪੀ. ਏ.) ਦਾ ਦਰਜਾ ਦਿੱਤਾ ਹੈ। ਨਿਵੇਸ਼ ਪ੍ਰੋਤਸਾਹਨ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਸੂਬੇ ਵੱਲੋਂ ਚੁੱਕੇ ਪ੍ਰਗਤੀਸ਼ੀਲ ਕਦਮਾਂ ਅਤੇ ਢੁੱਕਵੇਂ ਕਾਰੋਬਾਰੀ ਵਾਤਾਵਰਣ ਬਾਰੇ ਚਾਨਣਾ ਪਾਇਆ, ਜਿਥੇ 20 ਤੋਂ ਵੱਧ ਅਮਰੀਕੀ ਵਪਾਰਕ ਅਦਾਰੇ ਮੌਜੂਦ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਨੂੰ ਅਮਰੀਕੀ ਕੰਪਨੀਆਂ ਲਈ ਇੱਕ ਆਕਰਸ਼ਕ ਥਾਂ ਦੱਸਿਆ, ਜੋ ਦੱਖਣ-ਪੂਰਬੀ ਏਸ਼ੀਆ ਵਿੱਚ ਆਪਣੇ ਕਾਰੋਬਾਰਾਂ ਨੂੰ ਸਥਾਪਿਤ ਕਰਨਾ ਚਾਹੁੰਦੇ ਹਨ। ਸੂਬੇ ਵਿੱਚ ਸੈਕਟੋਰੀਅਲ ਸਮਰੱਥਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਪੰਜਾਬ ਵਿੱਚ ਨਿਵੇਸ਼ ਦੇ ਅਨੁਕੂਲ ਵੱਖ-ਵੱਖ ਕਾਰਕਾਂ ਜਿਵੇਂ ਕਿ ਸਾਂਤੀਪੂਰਨ ਕਿਰਤ ਸਬੰਧਾਂ, ਆਵਾਸ ਸਬੰਧੀ ਪਾਬੰਦੀ ਰਹਿਤ ਲਾਭਕਾਰੀ ਪ੍ਰੋਤਸਾਹਨ ‘ਤੇ ਧਿਆਨ ਕੇਂਦਰਤ ਕੀਤਾ।
ਇਹ ਵੀ ਪੜ੍ਹੋ : 'ਕੈਪਟਨ' ਨੇ ਲੰਚ ਬਹਾਨੇ ਮਾਝੇ ਦੇ ਦਿੱਗਜ ਕਾਂਗਰਸੀਆਂ ਨਾਲ ਕੀਤੀ ਮੁਲਾਕਾਤ
ਆਗਾਮੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2021 ਲਈ ਪ੍ਰਮੁੱਖ ਸਨਅਤਕਾਰਾਂ ਨੂੰ ਸੱਦਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਸਮੁੱਚੇ ਅਤੇ ਸੰਪੂਰਨ ਵਿਕਾਸ ਲਈ 26 ਅਤੇ 27 ਅਕਤੂਬਰ 2021 ਨੂੰ ਕਾਰੋਬਾਰੀ ਮੁਖੀਆਂ ਦੀ ਸਰਗਰਮ ਨੁਮਾਇੰਦਗੀ ਦੀ ਲੋੜ ਹੈ। ਇਨਵੈਸਟ ਪੰਜਾਬ ਦੇ ਸਲਾਹਕਾਰ ਮੇਜਰ ਬੀ. ਐਸ. ਕੋਹਲੀ ਨੇ ਦੱਸਿਆ ਕਿ ਸੂਬੇ ਨੇ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਦੇ ਅਕਸ ਨੂੰ ਬਦਲਣ ਲਈ ਕਾਫ਼ੀ ਯਤਨ ਕੀਤੇ ਹਨ ਅਤੇ ਕਈ ਉਦਯੋਗਿਕ ਸਥਾਨਾਂ ਦੀ ਮੌਜੂਦਗੀ ਨਾਲ ਹੁਣ ਪੰਜਾਬ ਨੂੰ ਸਨਅਤਕਾਰੀ ਦੇ ਖੇਤਰ ਵਿੱਚ ਇੱਕ ਤਾਕਤ ਵਜੋਂ ਵੇਖਿਆ ਜਾ ਰਿਹਾ ਹੈ। ਸੂਬੇ ਵਿੱਚ ਪਿਛਲੇ ਸਾਲਾਂ ਦੌਰਾਨ ਵਪਾਰ ਪੱਖੀ ਪ੍ਰਗਤੀਸ਼ੀਲ ਨੀਤੀਆਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਦੂਰਅੰਦੇਸ਼ ਸ਼ਾਸਨ ਸਦਕਾ ਨਿਵੇਸ਼ ਵਿੱਚ ਵਾਧਾ ਵੇਖਿਆ ਗਿਆ ਹੈ। ਮੇਜਰ ਕੋਹਲੀ ਨੇ ਕਿਹਾ ਕਿ ਇਹ ਸੂਬੇ ਦੀ ਤਾਂਘ ਹੈ ਜੋ ਸਾਨੂੰ ਚੰਗੇ ਸਿੱਖਿਆਰਥੀ ਬਣਾਉਂਦੀ ਹੈ ਅਤੇ ਅਸੀਂ ਕਾਰੋਬਾਰਾਂ ਵੱਲੋਂ ਪਰਖਿਆ ਜਾਣਾ ਪਸੰਦ ਕਰਾਂਗੇ। ਇਸ ਸਮਾਗਮ ਵਿੱਚ ਮੌਜੂਦ, ਪੈਪਸਿਕੋ, ਗੂਗਲ, ਜੌਹਨ ਡੀਅਰ, ਬਾਊਸ ਐਂਡ ਲੌਂਬ ਅਤੇ ਅਮਰੀਕਾ ਦੀਆਂ ਹੋਰ ਪ੍ਰਸਿੱਧ ਕੰਪਨੀਆਂ ਦੇ ਪ੍ਰਮੁੱਖ ਪ੍ਰਬੰਧਕਾਂ ਨੇ ਸੂਬੇ ਦੇ ਬੇਮਿਸਾਲ ਵਿਕਾਸ ਵਿੱਚ ਭਰੋਸਾ ਪ੍ਰਗਟਾਇਆ। ਸੂਬੇ ਵਿੱਚ “ਉਦਯੋਗ ਪੱਖੀ ਮਾਹੌਲ’’ ਨੂੰ ਉਜਾਗਰ ਕਰਦੇ ਹੋਏ, ਪ੍ਰਮੁੱਖ ਉਦਯੋਗਪਤੀਆਂ ਨੇ ਕਿਹਾ ਕਿ ਵਪਾਰ ਵਿੱਚ ਅਸਾਨੀ ਲਈ ਪੰਜਾਬ ਇੱਕ ਚਾਨਣ ਮੁਨਾਰੇ ਵਜੋਂ ਅੱਗੇ ਆਉਣਾ ਚਾਹੁੰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਯੂਕੋ ਬੈਂਕ 'ਚ ਸੰਨ ਲਾ ਕੇ ਚੋਰੀ ਕਰਨ ਵਾਲੇ 3 ਵਿਅਕਤੀ ਗ੍ਰਿਫ਼ਤਾਰ
NEXT STORY