ਮਾਛੀਵਾੜਾ ਸਾਹਿਬ (ਟੱਕਰ)- ਅੱਜ ਮਾਛੀਵਾੜਾ ਇਲਾਕੇ ਵਿਚ ਇਕ ਨਿਵੇਕਲਾ ਮਾਮਲਾ ਦੇਖਣ ਵਿਚ ਆਇਆ ਜਿਸ ਵਿਚ ਲਾਵਾਂ ਤੋਂ ਪਹਿਲਾਂ ਲਾੜੀ ਨੇ ਇੱਕਦਮ ਲਾੜੇ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਦੋਵੇਂ ਪਰਿਵਾਰਾਂ ਦੇ ਮੈਂਬਰ ਮਾਯੂਸ ਨਜ਼ਰ ਆਏ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ਨਾਲ ਸਬੰਧਿਤ ਇਕ ਪਿੰਡ ਦਾ ਐੱਨ.ਆਰ.ਆਈ. ਲੜਕਾ ਵਿਦੇਸ਼ ਤੋਂ ਆਇਆ ਅਤੇ ਪਰਿਵਾਰ ਵਾਲਿਆਂ ਵੱਲੋਂ ਖੁਸ਼ੀ-ਖੁਸ਼ੀ ਇਕ ਲੜਕੀ ਨਾਲ ਉਸ ਦਾ ਰਿਸ਼ਤਾ ਪੱਕਾ ਕਰਕੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਵਿਆਹ ਵਾਲੇ ਸਾਰੇ ਸਮਾਗਮ ਬੜੇ ਹੀ ਚਾਂਈ-ਚਾਂਈ ਮਨਾਏ ਗਏ, ਸ਼ਗਨ ਤੇ ਹੋਰ ਰੀਤੀ-ਰਿਵਾਜਾਂ ਤੋਂ ਬਾਅਦ ਅੱਜ ਇਕ ਵੱਡੇ ਪੈਲੇਸ ਵਿਚ ਵਿਆਹ ਰੱਖਿਆ ਗਿਆ ਸੀ। ਪੈਲੇਸ ਵਿਚ ਜਾਣ ਤੋਂ ਪਹਿਲਾਂ ਲੜਕਾ ਤੇ ਲੜਕੀ ਦੋਵਾਂ ਦੇ ਲਾਵਾਂ ਹੋਣੀਆਂ ਸਨ ਜਿੱਥੇ ਉਹ ਦੋਵੇਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੁਰੂ ਘਰ ਪੁੱਜੇ। ਗੁਰੂ ਘਰ ਵਿਚ ਅਜੇ ਆਨੰਦ ਕਾਰਜਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਕਿ ਅਚਾਨਕ ਲਾੜੀ ਨੇ ਫੇਰਿਆਂ ਤੋਂ ਪਹਿਲਾਂ ਵਿਆਹ ਕਰਵਾਉਣ ਤੋਂ ਇੰਨਕਾਰ ਕਰ ਦਿੱਤਾ। ਜਦੋਂ ਲਾੜੀ ਨੇ ਵਿਆਹ ਤੋਂ ਇਨਕਾਰ ਕੀਤਾ ਤਾਂ ਦੋਵਾਂ ਪਰਿਵਾਰਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਇਹ ਵਿਆਹ ਸਿਰੇ ਚੜ੍ਹ ਜਾਵੇ ਪਰ ਲੜਕੀ ਬਜ਼ਿੱਦ ਰਹੀ। ਅਖੀਰ ਲਾੜਾ ਜੋ ਕਿ ਸਿਰ ’ਤੇ ਸਿਹਰਾ ਸਜਾ ਕੇ ਵਿਆਹ ਕਰਨ ਲਈ ਪੁੱਜਿਆ ਸੀ ਤੇ ਉਸ ਦੇ ਪਰਿਵਾਰਕ ਮੈਂਬਰ ਵੀ ਮਾਯੂਸ ਹੋ ਕੇ ਗੁਰੂ ਘਰ ਤੋਂ ਹੀ ਵਾਪਸ ਪਰਤ ਗਏ। ਲੜਕੀ ਨੇ ਵਿਆਹ ਤੋਂ ਇਨਕਾਰ ਕੀਤਾ ਇਸ ਦੇ ਸਪੱਸ਼ਟ ਕਾਰਨਾਂ ਦਾ ਪਤਾ ਤਾਂ ਨਹੀਂ ਲੱਗ ਸਕਿਆ, ਪਰ ਖ਼ਬਰ ਜਿਉਂ ਹੀ ਇਲਾਕੇ ਵਿਚ ਫੈਲੀ ਤਾਂ ਹਰ ਕੋਈ ਇਸ ਨੂੰ ਮੰਦਭਾਗਾ ਦੱਸ ਰਿਹਾ ਸੀ।
ਮੈਰਿਜ ਪੈਲੇਸ ’ਚੋਂ ਬਰਾਤੀ ਤੇ ਲੜਕੀ ਵਾਲੇ ਵੀ ਬੇਸੁਆਦੇ ਹੋ ਕੇ ਪਰਤੇ
ਲੜਕੀ ਵਾਲਿਆਂ ਵੱਲੋਂ ਵਿਆਹ ਲਈ ਇਲਾਕੇ ਦਾ ਇਕ ਵੱਡਾ ਮੈਰਿਜ ਪੈਲਸ ਬੁੱਕ ਕੀਤਾ ਹੋਇਆ ਸੀ ਜਿੱਥੇ ਕਿ ਲਾੜੇ ਵੱਲੋਂ ਬਰਾਤੀ ਤੇ ਲੜਕੀ ਵਾਲਿਆਂ ਵੱਲੋਂ ਵੀ ਕਾਫ਼ੀ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਵਿਆਹ ਦੀਆਂ ਖੁਸ਼ੀਆਂ ਦਾ ਆਨੰਦ ਮਾਣਨ ਪੁੱਜੇ ਸਨ। ਮੈਰਿਜ ਪੈਲੇਸ ਵਿਚ ਪੁੱਜੇ ਬਰਾਤੀ ਤੇ ਰਿਸ਼ਤੇਦਾਰ ਸਵੇਰੇ ਨਾਸ਼ਤੇ ਵਿਚ ਪਕੌੜੇ ਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਖਾ ਕੇ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਲਾੜਾ-ਲਾੜੀ ਲਾਵਾਂ ਲੈ ਕੇ ਆਉਣ ਅਤੇ ਭੰਗੜੇ ਪਾ ਸਕੀਏ। ਹੋਰ ਤਾਂ ਹੋਰ ਵਿਆਹ ਵਿਚ ਲੜਕੇ ਵਾਲਿਆਂ ਵੱਲੋਂ ਮਲਵਈ ਗਿੱਧੇ ਵੀ ਬੁੱਕ ਕੀਤੇ ਸਨ ਜੋ ਕਿ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਲਾੜਾ-ਲਾੜੀ ਆਉਣ ਤੇ ਉਹ ਆਪਣੀ ਕਲਾ ਦਾ ਜੌਹਰ ਦਿਖਾਉਣ ਪਰ ਜਦੋਂ ਮੈਰਿਜ ਪੈਲੇਸ ਵਿਚ ਖ਼ਬਰ ਪੁੱਜੀ ਕਿ ਗੁਰੂ ਘਰ ਵਿਚ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਇੱਕਦਮ ਉੱਥੇ ਵੀ ਸੰਨਾਟਾ ਛਾ ਗਿਆ। ਕਈ ਰਿਸ਼ਤੇਦਾਰ ਤਾਂ ਬਿਨ੍ਹਾਂ ਖਾਧੇ ਪੀਤੇ ਬੇਰੰਗ ਪਰਤ ਆਏ ਅਤੇ ਕਈਆਂ ਦੀਆਂ ਪਕੌੜੇ ਤੇ ਹੋਰ ਪਕਵਾਨਾਂ ਦੀਆਂ ਪਲੇਟਾਂ ਹੱਥ ਵਿਚ ਫੜੀਆਂ ਰਹਿ ਗਈਆਂ। ਲੜਕੀ ਵਾਲਿਆਂ ਵੱਲੋਂ ਨਾਸ਼ਤੇ ਤੇ ਰੋਟੀ ਪਾਣੀ ਦਾ ਵਧੀਆ ਇੰਤਜ਼ਾਮ ਕੀਤਾ ਸੀ ਪਰ ਇਹ ਸਾਰੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ ਕਿਉਂਕਿ ਲਾੜਾ-ਲਾੜੀ ਪੈਲੇਸ ਹੀ ਨਾ ਪੁੱਜੇ।
ਪੰਜਾਬ ਪੁਲਸ ਦੇ ਥਾਣੇ ਤੋਂ 50 ਮੀਟਰ ਦੂਰ ਚੋਰੀ, ਦਾਰੂ ਪੀ ਕੇ ਸੁੱਤਾ ਰਿਹਾ ਚੌਕੀਦਾਰ
NEXT STORY