ਪਟਿਆਲਾ, (ਰਾਜੇਸ਼ ਪੰਜੌਲਾ)- ਪੰਜਾਬ ਨਰਸਿੰਗ ਕਾਲਜ ਐਸੋਸੀਏਸ਼ਨ ਦੇ ਸਮੁੱਚੇ ਅਹੁਦੇਦਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਨਰਸਿੰਗ ਕਾਲਜ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਕਾਲਜਾਂ ਦੀ ਸਭ ਤੋਂ ਵੱਡੀ ਸਮੱਸਿਆ ਸ਼ੁਰੂ ਹੋ ਚੁੱਕੀਆਂ ਐਡਮਿਸ਼ਨਾਂ ਦੇ ਪ੍ਰੋਸੈਸ ਵਿਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਨਾ ਕਰਨ ਬਾਰੇ ਮੰਗ ਪੱਤਰ ਦਿੱਤਾ।
ਇਸ ਮੌਕੇ ਵਿਸ਼ੇਸ ਤੌਰ ’ਤੇ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਮੋਹਿਤ ਕਪੂਰ ਵੀ ਹਾਜ਼ਰ ਸਨ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਢਿੱਲੋਂ, ਸਕੱਤਰ ਗੁਰਦਿਆਲ ਸਿੰਘ ਬੁੱਟਰ ਅਤੇ ਡਾ. ਕੇ. ਕੇ. ਜੋਹਰੀ ਨੇ ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਨੂੰ ਦੱਸਿਆ ਕਿ ਪੰਜਾਬ ਵਿਚ 120 ਨਰਸਿੰਗ ਕਾਲਜ ਹਨ। ਇਨ੍ਹਾਂ ਵਿਚ ਦਾਖਲੇ ਦੀ ਜੋ ਪ੍ਰਕਿਰਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ, ਉਸ ਵਿਚ ਕੋਈ ਬਦਲਾਅ ਨਾ ਕੀਤਾ ਜਾਵੇ। ਦਾਖਲੇ ਸ਼ੁਰੂ ਹੋਣ ਵਾਲੇ ਹਨ। ਜੇਕਰ ਐਡਮਿਸ਼ਨ ਪ੍ਰੋਸੈਸ ਵਿਚ ਕੋਈ ਬਦਲਾਅ ਕੀਤਾ ਗਿਆ ਤਾਂ ਦਾਖਲਿਆਂ ’ਤੇ ਉਸ ਦਾ ਅਸਰ ਪਵੇਗਾ।
ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜੋ ਦਾਖਲਾ ਟੈਸਟ ਲਿਆ ਜਾਂਦਾ ਹੈ ਪਹਿਲਾਂ ਟੈਸਟ ਵਿਚ ਬੈਠਣ ਵਾਲੇ ਸਮੁੱਚੇ ਵਿਦਿਆਰਥੀਆਂ ਦੀ ਐਡਮਿਸ਼ਨ ਕਰ ਲਈ ਜਾਂਦੀ ਹੈ ਅਤੇ ਉਸ ਤੋਂ ਬਾਅਦ ਜੋ ਸੀਟਾਂ ਖਾਲੀ ਰਹਿ ਜਾਂਦੀਆਂ ਹਨ, ਉਨ੍ਹਾਂ ਨੂੰ 12ਵੀਂ ਦੇ ਆਧਾਰ ’ਤੇ ਭਰ ਲਿਆ ਜਾਂਦਾ ਹੈ। ਇਹ ਪ੍ਰੋਸੈਸ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ। ਬੀ. ਐਡ. ਅਤੇ ਜੇ. ਬੀ. ਟੀ. ਦੇ ਮਾਮਲੇ ਵਿਚ ਵੀ ਇਹੀ ਸਰਕਾਰੀ ਪ੍ਰੋਸੈਸ ਹੈ। ਉਨ੍ਹਾਂ ਕਿਹਾ ਕਿ ਸੰਸਾਰ ਭਰ ਵਿਚ ਨਰਸਾਂ ਦੀ ਬਹੁਤ ਵੱਡੀ ਜ਼ਰੂਰਤ ਹੈ। ਪੰਜਾਬ ਦੇ ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਵਿਦਿਆਰਥਣਾਂ ਨਰਸਿੰਗ ਕੋਰਸ ਕਰਕੇ ਜਿਥੇ ਵਿਦੇਸ਼ਾਂ ਵਿਚ ਸੈਟਲ ਹੋ ਰਹੇ ਹਨ, ਉਥੇ ਹੀ ਹਿੰਦੁਸਤਾਨ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਸਿਹਤ ਦੇ ਖੇਤਰ ਵਿਚ ਸੇਵਾਵਾਂ ਨਿਭਾ ਰਹੇ ਹਨ।
ਮੀਡੀਆ ਐਡਵਾਈਜ਼ਰ ਬਲਤੇਜ ਪੰਨੂ ਨੇ ਬੜੇ ਧਿਆਨ ਨਾਲ ਪੰਜਾਬ ਨਰਸਿੰਗ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਦੇ ਖੋਜ ਵਿਭਾਗ ਦੇ ਮੰਤਰੀ ਡਾ. ਬਲਬੀਰ ਸਿੰਘ ਨਾਲ ਐਸੋਸੀਏਸ਼ਨ ਦੀ ਮੀਟਿੰਗ ਕਰਵਾ ਕੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਵਾ ਦੇਣਗੇ। ਐਸੋਸੀਏਸ਼ਨ ਦੇ ਸਮੁੱਚੇ ਮੈਂਬਰਾਂ ਬਲਤੇਜ ਸਿੰਘ ਪੰਨੂ ਦੇ ਵਿਵਹਾਰ ਤੋਂ ਬੇਹੱਦ ਖੁਸ਼ ਹੋਏ। ਉਨ੍ਹਾਂ ਨੂੰ ਉਮੀਦ ਜਾਗ ਪਈ ਹੈ ਕਿ ਪੰਜਾਬ ਅਤੇ ਨਰਸਿੰਗ ਕਾਲਜਾਂ ਦੇ ਹਿੱਤ ਵਿਚ ਪੰਨੂ ਸਾਹਬ ਇਹ ਮਸਲਾ ਹੱਲ ਕਰਵਾ ਦੇਣਗੇ। ਇਸ ਮੌਕੇ ਡਾ. ਸਾਰੰਗਵਾਲ, ਡਾ. ਕੇ. ਕੇ. ਜੋਹਰੀ, ਰਮਿੰਦਰ ਮਿੱਤਲ, ਹਰਜਿੰਦਰ ਕੌਰ, ਦਮਨਜੀਤ ਸਿੰਘ, ਸਾਹਿਲ ਤੋਂ ਇਲਾਵਾ ਪੰਜਾਬ ਭਰ ਤੋਂ ਆਏ ਐਸੋਸੀਏਸ਼ਨ ਦੇ ਆਗੂ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਮਾਂ ਹੱਦ ਖ਼ਤਮ : ਕਿਰਾਇਆ ਜਮ੍ਹਾ ਕਰਵਾਉਣ ਲਈ 31 ਮਈ ਤਕ ਦਾ ਦਿੱਤਾ ਸਮਾਂ, 17 ਹਜ਼ਾਰ ਫਲੈਟ ਲੋਕਾਂ ਕੀਤੇ ਸਨ ਅਲਾਟ
NEXT STORY