ਮੋਹਾਲੀ (ਨਿਆਮੀਆਂ) : ਇਕ ਪਾਸੇ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉੱਚਾ ਚੁੱਕਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਜ਼ਮੀਨੀ ਪੱਧਰ 'ਤੇ ਅਸਲੀਅਤ ਇਹ ਹੈ ਕਿ ਇੱਥੋਂ ਦੇ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਵਿਖੇ ਪੰਜਾਬ ਭਰ ਤੋਂ ਆਏ ਚੋਣਵੇਂ ਖਿਡਾਰੀਆਂ ਨੂੰ ਨਾ ਤਾਂ ਢਿੱਡ ਭਰ ਕੇ ਖਾਣਾ ਨਸੀਬ ਹੋ ਰਿਹਾ ਹੈ ਅਤੇ ਨਾ ਹੀ ਉੱਥੇ ਕਿਸੇ ਤਰ੍ਹਾਂ ਦੀ ਕੋਈ ਸਾਫ਼ ਸਫ਼ਾਈ ਦਾ ਹੀ ਉਚੇਚਾ ਪ੍ਰਬੰਧ ਹੈ। ਇਸ ਸਬੰਧ ਵਿਚ ਅੱਜ ਇਨ੍ਹਾਂ ਬੱਚਿਆਂ ਨੇ ਆਪਣੀ ਦਰਦ ਭਰੀ ਕਹਾਣੀ ਮੀਡੀਆ ਸਾਹਮਣੇ ਸੁਣਾਈ। ਗਾਇਕਾ ਸੋਨੀਆ ਮਾਨ ਨੇ ਇਨ੍ਹਾਂ ਦੀ ਗੱਲ ਸੁਣ ਕੇ ਮੀਡੀਆ ਨੂੰ ਮੌਕੇ 'ਤੇ ਬੁਲਾਇਆ ਅਤੇ ਬੱਚਿਆਂ ਨੇ ਸਾਰੀ ਰਾਮ ਕਹਾਣੀ ਆਪਣੇ ਮੂੰਹੋਂ ਸੁਣਾਈ ਅਤੇ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਖ਼ੁਰਾਕ ਨਹੀਂ ਮਿਲਦੀ। ਇਨ੍ਹਾਂ ਬੱਚਿਆਂ ਦਾ ਕਹਿਣਾ ਸੀ ਕਿ ਇੱਥੇ ਕਿਸੇ ਤਰ੍ਹਾਂ ਦੀ ਕੋਈ ਸਫ਼ਾਈ ਨਹੀਂ ਹੈ, ਬਾਥਰੂਮਾਂ ਵਿੱਚ ਇੰਨਾ ਗੰਦ ਹੈ ਕਿ ਉੱਥੇ ਖੜ੍ਹੇ ਹੋਣਾ ਵੀ ਮੁਸ਼ਕਲ ਹੁੰਦਾ ਹੈ।
ਇਹ ਵੀ ਪੜ੍ਹੋ : ਸਨਸਨੀਖੇਜ਼ : ਅਗਵਾ ਕੀਤੇ ਨੌਜਵਾਨ ਦੀ ਕੁੱਟਮਾਰ ਕਰਕੇ ਪਿਲਾਈ ਸ਼ਰਾਬ, ਅਰਧ ਨਗਨ ਹਾਲਤ 'ਚ ਟੋਲ ਪਲਾਜ਼ਾ 'ਤੇ ਸੁੱਟਿਆ
ਕੁੜੀਆਂ ਲਈ ਤਾਂ ਖ਼ਾਸ ਤੌਰ 'ਤੇ ਪਖਾਨਿਆਂ ਵਿਚ ਸਾਫ਼-ਸਫ਼ਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਪਰ ਇੱਥੇ ਅਜਿਹਾ ਨਹੀਂ ਹੈ। ਅੱਜ ਜਦੋਂ ਮੀਡੀਆ ਦੀਆਂ ਟੀਮਾਂ ਇਸ ਇੰਸਟੀਚਿਊਟ ਵਿੱਚ ਪਹੁੰਚੀਆਂ ਤਾਂ ਵੇਖਿਆ ਕਿ ਖਾਣੇ ਦੇ ਨਾਂ ਤੇ ਦੋ ਕੁ ਕਿੱਲੋ ਚਿਕਨ, ਆਲੂ ਅਤੇ ਗੋਭੀ ਦੀ ਸਬਜ਼ੀ, ਛੋਲਿਆਂ ਦੀ ਦਾਲ ਨਾਲ ਦਹੀਂ ਅਤੇ ਚੌਲ ਇਹ ਖ਼ੁਰਾਕ ਖਿਡਾਰੀਆਂ ਨੂੰ ਦਿੱਤੀ ਜਾ ਰਹੀ ਸੀ। ਖਿਡਾਰਣਾਂ ਮਨਦੀਪ ਕੌਰ ਜੋ ਕਿ ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤ ਚੁੱਕੀ ਹੈ, ਉਸ ਨੇ ਦੱਸਿਆ ਕਿ ਇੱਥੇ ਚਿਕਨ ਜਾਂ ਆਂਡੇ ਖਿਡਾਰੀਆਂ ਨੂੰ ਖਾਣ ਲਈ ਨਹੀਂ ਮਿਲਦੇ। ਉਨ੍ਹਾਂ ਦੱਸਿਆ ਕਿ ਕੋਰੋਨਾ ਤੋਂ ਬਾਅਦ ਜਦੋਂ ਤੋਂ ਇਹ ਇੰਸਟੀਚਿਊਟ ਦੁਬਾਰਾ ਖੋਲ੍ਹਿਆ ਹੈ, ਤਾਂ ਨਾ ਤਾਂ ਕਲਾਸ ਫੋਰ ਕਰਮਚਾਰੀਆਂ ਨੂੰ ਉਨ੍ਹਾਂ ਦੀ ਤਨਖ਼ਾਹ ਦਿੱਤੀ ਗਈ ਹੈ ਅਤੇ ਨਾ ਹੀ ਖਾਣੇ ਵਾਲੇ ਠੇਕੇਦਾਰ ਦਾ ਟੈਂਡਰ ਵਧਾਇਆ ਗਿਆ ਹੈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸਫ਼ਾਈ ਕਰਮਚਾਰੀ ਨੌਕਰੀ ਛੱਡ-ਛੱਡ ਕੇ ਜਾ ਰਹੇ ਹਨ ਅਤੇ ਮਜਬੂਰੀਵੱਸ ਖਾਣੇ ਵਾਲਾ ਠੇਕੇਦਾਰ ਬੱਚਿਆਂ ਦੇ ਦਰਦ ਨੂੰ ਵੇਖਦਿਆਂ ਇੱਥੇ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਪਰ ਉਸ ਨੂੰ ਵੀ ਪੂਰਾ ਭੁਗਤਾਨ ਨਹੀਂ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ : ਜ਼ਾਲਮ ਸਹੁਰਿਆਂ ਨੇ ਵਿਆਹੁਤਾ ਨੂੰ ਪੂਰੀ ਰਾਤ ਬੇਰਹਿਮੀ ਨਾਲ ਕੁੱਟਿਆ, ਸਵੇਰੇ ਮਾਪੇ ਪੁੱਜਣ 'ਤੇ ਕੀਤਾ ਹੈਰਾਨ ਕਰਦਾ ਕਾਰਾ
ਬਾਕਸਿੰਗ ਦੀ ਇੱਕ ਹੋਰ ਅੰਤਰਰਾਸ਼ਟਰੀ ਪੱਧਰ ਦੀ ਖਿਡਾਰਣ ਕੋਮਲ ਦਾ ਕਹਿਣਾ ਸੀ ਕਿ ਜਦੋਂ ਉਹ ਆਪਣੀ ਸ਼ਿਕਾਇਤ ਲੈ ਕੇ ਡਾਇਰੈਕਟਰ ਕੋਲ ਜਾਂਦੇ ਹਨ ਤਾਂ ਉਹ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਸਾਰੇ ਹੀ ਆਪਣੀ ਮਰਜ਼ੀ ਨਾਲ ਆਉਂਦੇ ਹਨ ਤੇ ਚਲੇ ਜਾਂਦੇ ਹਨ। ਕੋਮਲ ਨੇ ਕਿਹਾ ਕਿ ਗਰਮੀਆਂ ਵਿੱਚ ਇੱਥੇ ਹੋਰ ਵੀ ਮਾੜਾ ਹਾਲ ਹੁੰਦਾ ਹੈ ਕਿਉਂਕਿ ਸਿਰਫ ਛੱਤ ਵਾਲੇ ਪੱਖਿਆਂ ਦੇ ਨਾਲ ਹੀ ਉਨ੍ਹਾਂ ਨੂੰ ਪੂਰਾ ਸਮਾਂ ਬਿਤਾਉਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਦਫ਼ਤਰੀ ਮੁਲਾਜ਼ਮਾਂ ਦੇ ਆਪਣੇ ਤਾਂ ਏ. ਸੀ. ਲੱਗੇ ਹੋਏ ਹਨ ਪਰ ਖਿਡਾਰੀਆਂ ਲਈ ਕੋਈ ਕੂਲਰ ਵੀ ਨਹੀਂ ਲਾਇਆ ਹੋਇਆ। ਹੋਰ ਵੀ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਇਕ ਓਲੰਪੀਅਨ ਕੋਲ ਖੇਡਾਂ ਦਾ ਮਹਿਕਮਾ ਆਇਆ ਹੋਵੇ ਤਾਂ ਉਹ ਵੀ ਇਨ੍ਹਾਂ ਬੱਚਿਆਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ। ਬੱਚਿਆਂ ਲਈ ਖਾਣਾ ਤਿਆਰ ਕਰਨ ਵਾਲੇ ਵੈਂਡਰ ਸ਼ਰਨਦੀਪ ਦਾ ਕਹਿਣਾ ਸੀ ਕਿ ਉਹ ਕਈ ਵਾਰ ਵਿਭਾਗ ਨੂੰ ਪੱਤਰ ਲਿਖ ਚੁੱਕਾ ਹੈ ਕਿਉਂਕਿ ਉਸ ਦਾ ਟੈਂਡਰ ਇਸ ਸਾਲ ਅਕਤੂਬਰ ਮਹੀਨੇ ਵਿਚ ਖ਼ਤਮ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਤਪਾ ਮੰਡੀ ਵਿਖੇ ਅਕਾਲੀ-ਬਸਪਾ ਗਠਜੋੜ ਦੀ ਰੈਲੀ 'ਚ ਪੁੱਜੇ ਸੁਖਬੀਰ ਬਾਦਲ, ਕੀਤੇ ਵੱਡੇ ਐਲਾਨ
ਉਸ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਨਾ ਤਾਂ ਖ਼ੁਰਾਕ ਵਿਚ ਕੋਈ ਵਾਧਾ ਕੀਤਾ ਗਿਆ ਹੈ ਅਤੇ ਨਾ ਹੀ ਖਾਣੇ ਦੇ ਭਾਅ ਵਿੱਚ। ਉਸ ਦਾ ਕਹਿਣਾ ਸੀ ਕਿ ਇਸ ਦੌਰਾਨ ਮਹਿੰਗਾਈ ਬਹੁਤ ਜ਼ਿਆਦਾ ਵਧ ਗਈ ਹੈ ਤੇ ਗੈਸ ਦੇ ਰੇਟਾਂ ਵਿੱਚ ਵੀ ਭਾਰੀ ਵਾਧਾ ਹੋ ਚੁੱਕਾ ਹੈ। ਉਸ ਨੇ ਦੱਸਿਆ ਕਿ 170 ਰੁਪਏ ਵਿਚ ਪੂਰੇ ਦਿਨ ਲਈ ਇਕ ਬੱਚੇ ਨੂੰ ਖ਼ੁਰਾਕ ਦੇਣੀ ਹੁੰਦੀ ਹੈ, ਜੋ ਕਿ ਉਸਦੇ ਲਈ ਸੰਭਵ ਨਹੀਂ ਹੈ। ਉਸ ਨੇ ਕਿਹਾ ਕਿ ਫਿਰ ਵੀ ਉਹ ਬੱਚਿਆਂ ਦੇ ਕਾਰਨ ਇੱਥੇ ਅਜੇ ਵੀ ਖਾਣਾ ਬਣਾ ਕੇ ਬੱਚਿਆਂ ਨੂੰ ਦੇ ਰਿਹਾ ਹੈ। ਪਤਾ ਲੱਗਾ ਹੈ ਕਿ ਪ੍ਰਸ਼ਾਸਨ ਅਤੇ ਟ੍ਰੇਨਿੰਗ ਦੋਵੇਂ ਵਿਭਾਗਾਂ ਦੀ ਆਪਸੀ ਖਟਪਟ ਦਾ ਖਮਿਆਜ਼ਾ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ।
ਇਸ ਸਬੰਧ ਵਿਚ ਪ੍ਰਸ਼ਾਸਨ ਵਿਭਾਗ ਦੇ ਡਾਇਰੈਕਟਰ ਕੈਪਟਨ ਅਮਰਦੀਪ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਪਣਾ ਫੋਨ ਹੀ ਨਹੀਂ ਚੁੱਕਿਆ। ਵਿਭਾਗ ਦਾ ਹੋਰ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ। ਹਾਲਾਤ ਇਹ ਹਨ ਕਿ ਇਸ ਇਮਾਰਤ ਦੇ ਬਾਹਰ ਲੱਗੀਆਂ ਸਜਾਵਟੀ ਟਾਇਲਾਂ ਇਕ-ਇਕ ਕਰਕੇ ਡਿੱਗ ਰਹੀਆਂ ਹਨ। ਬੱਚਿਆਂ ਦਾ ਕਹਿਣਾ ਸੀ ਕਿ ਉਹ ਇਸ ਬਿਲਡਿੰਗ ਤੋਂ ਦੂਰ ਦੀ ਹੋ ਕੇ ਲੰਘਦੇ ਹਨ ਕਿਉਂਕਿ ਇਹ ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਕੋਈ ਟਾਈਲ ਉੱਪਰੋਂ ਉੱਖੜ ਕੇ ਉਨ੍ਹਾਂ 'ਤੇ ਆ ਡਿੱਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ
NEXT STORY