ਓਟਾਵਾ(ਏਜੰਸੀ)— ਪੰਜਾਬ 'ਚ 18 ਸਾਲ ਪਹਿਲਾਂ ਅਣਖ ਦੀ ਖਾਤਰ ਇਕ ਪਰਿਵਾਰ ਨੇ ਕੈਨੇਡਾ 'ਚ ਜੰਮੀ ਆਪਣੀ ਧੀ ਜਸਵਿੰਦਰ ਸਿੱਧੂ (ਜੱਸੀ) ਦਾ ਕਤਲ ਕਰਵਾ ਦਿੱਤਾ ਸੀ ਕਿਉਂਕਿ ਉਸ ਨੇ ਆਪਣੇ ਪਰਿਵਾਰ ਦੀ ਮਰਜ਼ੀ ਖਿਲਾਫ ਸੁਖਵਿੰਦਰ ਸਿੰਘ ਸਿੱਧੂ (ਮਿੱਠੂ) ਨਾਂ ਦੇ ਨੌਜਵਾਨ ਨਾਲ ਵਿਆਹ ਕਰਵਾ ਲਿਆ ਸੀ। ਜੱਸੀ ਦੀ ਮਾਂ ਮਲਕੀਅਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ 'ਤੇ ਕਤਲ ਦੇ ਦੋਸ਼ ਲੱਗੇ ਹਨ ਅਤੇ ਕੈਨੇਡੀਅਨ ਨਾਗਰਿਕ ਹੋਣ ਕਾਰਨ ਉਹ ਉੱਥੇ ਹੀ ਹਨ। ਹੁਣ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਇਸ ਮਾਮਲੇ 'ਚ ਪੰਜਾਬ ਪੁਲਸ ਕੈਨੇਡਾ ਜਾ ਰਹੀ ਹੈ। ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਦੱਸਿਆ ਕਿ ਉਹ ਇਕ ਟੀਮ ਤਿਆਰ ਕਰ ਰਹੇ ਹਨ। ਜੱਸੀ ਦੇ ਪਤੀ ਮਿੱਠੂ ਨੇ ਦੋਸ਼ ਲਗਾਇਆ ਕਿ ਜੱਸੀ ਦਾ ਪਰਿਵਾਰ ਉਨ੍ਹਾਂ ਦੇ ਵਿਆਹ ਦੇ ਖਿਲਾਫ ਸੀ ਕਿਉਂਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਮਈ 2000 'ਚ ਵਿਆਹ ਕਰਵਾ ਲਿਆ ਸੀ ਅਤੇ ਇਸ ਖਬਰ ਦੀ ਭਣਕ ਲੱਗਦਿਆਂ ਹੀ ਜੱਸੀ ਦੇ ਮਾਮੇ ਨੇ ਅਤੇ ਮਾਂ ਨੇ ਕੁੱਝ ਗੁੰਡਿਆਂ ਨੂੰ ਪੈਸੇ ਦੇ ਕੇ ਜੱਸੀ ਨੂੰ ਮਰਵਾ ਦਿੱਤਾ ਸੀ। ਉਸ ਸਮੇਂ ਉਹ ਸਿਰਫ 25 ਸਾਲ ਦੀ ਸੀ। ਗੁੰਡਿਆਂ ਵਲੋਂ ਕੀਤੇ ਗਏ ਹਮਲੇ 'ਚ ਮਿੱਠੂ ਬਚ ਗਿਆ ਸੀ, ਜਿਸ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਦੇਖਣ ਲਈ ਉਡੀਕ ਕਰ ਰਿਹਾ ਹੈ।
ਕੀ ਹੈ ਪੂਰਾ ਮਾਮਲਾ—
ਮਿੱਠੂ ਇੱਕ ਡਰਾਈਵਰ ਹੈ ਅਤੇ ਉਸ ਨੇ ਦੱਸਿਆ ਕਿ ਕੈਨੇਡਾ ਰਹਿ ਰਹੀ ਜੱਸੀ 1994 ਵਿਚ ਜਦ ਭਾਰਤ ਆਈ ਅਤੇ ਮਿੱਠੂ ਨਾਲ ਉਸ ਨੂੰ ਪਿਆਰ ਹੋ ਗਿਆ। ਉਸ ਸਮੇਂ ਉਹ ਆਟੋ ਚਲਾਉਂਦਾ ਸੀ। ਕੈਨੇਡਾ ਵਾਪਸ ਜਾ ਕੇ ਵੀ ਉਹ ਮਿੱਠੂ ਦੇ ਸੰਪਰਕ ਵਿਚ ਰਹੀ । ਉਸ ਦੇ ਮਾਪੇ ਉਸ ਨੂੰ ਪੰਜਾਬ ਲੈ ਕੇ ਆਏ ਅਤੇ ਕਿਸੇ ਹੋਰ ਥਾਂ ਵਿਆਹ ਦੀ ਸਕੀਮ ਬਣਾਈ ਸੀ ਪਰ ਮਿੱਠੂ ਅਤੇ ਜੱਸੀ ਨੇ ਚੋਰੀ-ਛਿਪੇ ਵਿਆਹ ਕਰਵਾ ਲਿਆ ਜੋ ਕਿ ਮਾਪਿਆਂ ਨੂੰ ਮਨਜ਼ੂਰ ਨਹੀਂ ਸੀ। ਉਹ ਜੱਸੀ ਨੂੰ ਭਰਮਾ ਕੇ ਕੈਨੇਡਾ ਲੈ ਗਏ ਅਤੇ ਕਿਹਾ ਕਿ ਉਹ ਉੱਥੋਂ ਪੇਪਰ ਭੇਜ ਕੇ ਮਿੱਠੂ ਨੂੰ ਆਪਣੇ ਕੋਲ ਸੱਦ ਲਵੇ ਪਰ ਉੱਥੇ ਉਸ ਦੇ ਮਾਪਿਆਂ ਨੇ ਉਸ ਨੂੰ ਘਰ ਵਿਚ ਕੈਦ ਕਰ ਦਿੱਤਾ ਅਤੇ ਜ਼ਬਰਦਸਤੀ ਤਲਾਕ ਕਰਾਉਣ ਲੱਗੇ। ਇਸ ਕਾਰਨ ਉਹ ਘਰੋਂ ਭੱਜ ਕੇ ਕੈਨੇਡਾ ਪੁਲਸ ਦੀ ਮਦਦ ਨਾਲ ਮੁੜ ਭਾਰਤ ਆ ਗਈ। ਉਹ ਅਤੇ ਮਿੱਠੂ ਪਤੀ-ਪਤਨੀ ਬਣ ਕੇ ਰਹਿਣ ਲੱਗ ਗਏ। ਇਸ ਤੋਂ ਬਾਅਦ 8 ਜੂਨ, 2000 ਨੂੰ ਜੱਸੀ ਨੂੰ ਅਗਵਾ ਕਰ ਕੇ ਕਤਲ ਕਰ ਦਿੱਤਾ ਗਿਆ। ਮਿੱਠੂ ਕਈ ਵਾਰ ਅਦਾਲਤ 'ਚ ਜੱਸੀ ਦੇ ਪਰਿਵਾਰ ਖਿਲਾਫ ਗਵਾਹੀ ਦੇ ਚੁੱਕਾ ਹੈ ਅਤੇ ਉਸ ਨੂੰ ਉਮੀਦ ਹੈ ਕਿ ਉਹ ਜੱਸੀ ਦੇ ਕਾਤਲਾਂ ਨੂੰ ਸਜ਼ਾ ਜ਼ਰੂਰ ਦਿਵਾਏਗਾ।
ਪਹਿਲਾਂ ਹੋ ਚੁੱਕੀ ਹੈ ਇਕ ਕਾਰਵਾਈ—
ਅਕਤੂਬਰ 2005 'ਚ ਪੰਜਾਬ ਪੁਲਸ ਨੇ 7 ਵਿਅਕਤੀਆਂ 'ਤੇ ਦੋਸ਼ ਲਗਾਇਆ ਸੀ ਕਿ ਜੱਸੀ ਦੀ ਮਾਂ ਅਤੇ ਮਾਮੇ ਨੇ ਉਨ੍ਹਾਂ ਨੂੰ ਪੈਸੇ ਦੇ ਕੇ ਕਤਲ ਕਰਨ ਲਈ ਆਖਿਆ ਸੀ।
ਫਰਵਰੀ 2008 'ਚ ਅਦਾਲਤ ਨੇ 3 ਨੂੰ ਬਰੀ ਕਰ ਦਿੱਤਾ ਸੀ ਜਦ ਕਿ 4 ਨੂੰ ਦੋਸ਼ੀ ਠਹਿਰਾਇਆ ਸੀ।
ਜਨਵਰੀ 2012 'ਚ ਮਲਕੀਅਤ ਕੌਰ ਅਤੇ ਸੁਰਜੀਤ ਸਿੰਘ ਨੂੰ ਹਿਰਾਸਤ 'ਚ ਲਿਆ ਗਿਆ ਸੀ।
ਮਈ 2014 'ਚ ਬ੍ਰਿਟਿਸ਼ ਕੋਲੰਬੀਆ ਦੇ ਜੱਜ ਨੇ ਮਲਕੀਅਤ ਅਤੇ ਸੁਰਜੀਤ ਨੂੰ ਭਾਰਤ ਹਵਾਲੇ ਕਰਨ ਦਾ ਹੁਕਮ ਦਿੱਤਾ ਸੀ।
ਰਾਫੇਲ ਹਵਾਈ ਜਹਾਜ਼ ਦਾ 'ਡੁਪਲੀਕੇਟ' ਲੈ ਕੇ ਸੰਸਦ ਭਵਨ 'ਚ ਪਹੁੰਚੇ ਜਾਖੜ
NEXT STORY