ਫਿਰੋਜ਼ਪੁਰ/ਮੱਖੂ (ਕੁਮਾਰ, ਪਰਮਜੀਤ, ਗੁਰਮੇਲ ਸੇਖਵਾਂ)– ਥਾਣਾ ਮੱਖੂ ਦੀ ਪੁਲਸ ਨੇ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ’ਚ ਮੋਟਰਸਾਈਕਲ ’ਤੇ ਜਾਂਦੇ 2 ਸਮੱਗਲਰਾਂ ਨੂੰ ਹੈਰੋਇਨ ਦੀ ਵੱਡੀ ਖੇਪ ਸਮੇਤ ਗ੍ਰਿਫਤਾਰ ਕੀਤਾ ਹੈ।
ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਥਾਣਾ ਮੱਖੂ ਦੀ ਪੁਲਸ ਐੱਸ. ਐੱਚ. ਓ. ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ’ਚ ਗਸ਼ਤ ਕਰ ਰਹੀ ਸੀ ਤਾਂ ਗੁਪਤ ਸੂਚਨਾ ਮਿਲੀ ਕਿ ਜਸਨੂਰ ਸਿੰਘ ਉਰਫ ਜੱਸਾ ਪੁੱਤਰ ਬਲਵੀਰ ਸਿੰਘ ਅਤੇ ਵਿਸ਼ਾਲ ਉਰਫ ਸ਼ਾਲੂ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਮਨਸੂਰ ਦੇਵਾ ਹੈਰੋਇਨ ਦੀ ਸਮੱਗਲਿੰਗ ਕਰਦੇ ਹਨ, ਜੋ ਭਾਰੀ ਮਾਤਰਾ ’ਚ ਹੈਰੋਇਨ ਸਪਲਾਈ ਕਰਨ ਲਈ ਮੱਖੂ ਬਸਤੀ ਵਸਾਵਾ ਲਿੰਕ ਰੋਡ ਵੱਲ ਮੋਟਰਸਾਈਕਲ ’ਤੇ ਜਾ ਰਹੇ ਹਨ।
ਇਸ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਡੀ. ਐੱਸ. ਪੀ. ਜ਼ੀਰਾ ਦੀ ਮੌਜੂਦਗੀ ’ਚ ਪੰਜਾਬ ਨੰਬਰ ਦੇ ਮੋਟਰਸਾਈਕਲ ’ਤੇ ਜਾ ਰਹੇ ਦੋਵੇਂ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਕੋਲੋਂ ਤਲਾਸ਼ੀ ਲੈਣ ’ਤੇ 3 ਕਿੱਲੋ 633 ਗ੍ਰਾਮ ਹੈਰੋਇਨ, ਇਕ ਆਈਫੋਨ ਅਤੇ ਇਕ ਓਪੋ ਫੋਨ ਬਰਾਮਦ ਹੋਇਆ। ਫੜੇ ਗਏ ਸਮੱਗਲਰਾਂ ਖਿਲਾਫ ਥਾਣਾ ਮੱਖੂ ’ਚ ਮਾਮਲਾ ਦਰਜ ਕੀਤਾ ਗਿਆ ਹੈ। ਉੱਥੇ ਹੀ ਇਸ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ’ਚ ਲਗਭਗ ਸਾਢੇ 17 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।
ਐਕਟਿਵਾ 'ਤੇ ਆਇਆ ਨਕਾਬਪੋਸ਼ ਚੋਰ ਕਰ ਗਿਆ ਵੱਡਾ ਕਾਂਡ, CCTV 'ਚ ਕੈਦ ਹਰਕਤਾਂ
NEXT STORY