ਨੂਰਪੁਰਬੇਦੀ (ਸੰਜੀਵ ਭੰਡਾਰੀ)- ਨੂਰਪੁਰਬੇਦੀ ਥਾਣੇ ਵਿਖੇ ਤਾਇਨਾਤ ਇਕ ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਪੁੱਤਰ ਦਰਸ਼ਨ ਸਿੰਘ ਨਿਵਾਸੀ ਅਵਾਨਕੋਟ, ਥਾਣਾ ਕੀਰਤਪੁਰ ਸਾਹਿਬ ਦੀ ਬੀਤੀ ਰਾਤ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਜਦਕਿ ਉਸ ਦਾ ਦੂਜਾ ਸਾਥੀ ਸੀਨੀਅਰ ਕਾਂਸਟੇਬਲ ਸੁਖਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਹ ਹਾਦਸਾ ਰਾਧਾ ਸੁਆਮੀ ਸਤਸੰਗ ਘਰ, ਨੂਰਪੁਰਬੇਦੀ ਨੇੜੇ ਵਾਪਰਿਆ।
ਪੁਲਸ ਵੱਲੋਂ ਦਰਜ ਕੀਤੀ ਐੱਫ਼.ਆਈ.ਆਰ. ਅਨੁਸਾਰ ਜ਼ਖ਼ਮੀ ਪੁਲਸ ਮੁਲਾਜ਼ਮ ਸੁਖਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹਜਾਰਾ ਨੇ ਬਿਆਨ ਦਿੱਤਾ ਕਿ 3 ਜਨਵਰੀ ਦੀ ਰਾਤ ਉਹ ਆਪਣੇ ਸਾਥੀ ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਦੇ ਨਾਲ ਰਾਤ ਕਰੀਬ 11.30 ਵਜੇ ਨਾਈਟ ਗਸ਼ਤ ਸਬੰਧੀ ਪ੍ਰਾਈਵੇਟ ਕਾਰ ਵਿਚ ਸਵਾਰ ਹੋ ਕੇ ਹਿਆਤਪੁਰ ਮਾਰਕੀਟ ਤੋਂ ਨੂਰਪੁਰਬੇਦੀ ਵਾਪਸ ਆ ਰਹੇ ਸਨ ਜਦੋਂ ਉਹ ਜੱਟਪੁਰ ਤੋਂ ਅੱਗੇ ਸਤਸੰਗ ਘਰ ਦੇ ਨੇੜੇ ਪਹੁੰਚੇ ਤਾਂ ਪਿੱਛੋਂ ਇਕ ਚਿੱਟੇ ਰੰਗ ਦੀ ਕਾਰ ਨੇ ਉਨ੍ਹਾਂ ਦੀ ਕਾਰ ਨਾਲ ਟੱਕਰ ਮਾਰ ਦਿੱਤੀ ਜਿਸ ਕਾਰਨ ਪੁਲਸ ਦੀ ਗੱਡੀ ਬੇਕਾਬੂ ਹੋ ਕੇ ਸੜਕ ਕੰਢੇ ਦਰੱਖਤ ਨਾਲ ਜਾ ਟਕਰਾਈ।
ਇਸ ਹਾਦਸੇ ਵਿਚ ਪੁਲਸ ਮੁਲਾਜ਼ਮ ਜਸਵੰਤ ਸਿੰਘ ਗੱਡੀ ’ਚ ਫਸ ਗਿਆ ਜਦਕਿ ਦੂਜਾ ਸਾਥੀ ਸੁਖਵਿੰਦਰ ਸਿੰਘ ਕਿਸੇ ਤਰ੍ਹਾਂ ਗੱਡੀ ਤੋਂ ਬਾਹਰ ਆ ਗਿਆ। ਘਟਨਾ ਤੋਂ ਬਾਅਦ ਆਲੇ-ਦੁਆਲੇ ਦੇ ਰਾਹਗੀਰ ਮੌਕੇ ’ਤੇ ਇਕੱਠੇ ਹੋ ਗਏ। ਜ਼ਖ਼ਮੀ ਪੁਲਸ ਮੁਲਾਜ਼ਮਾਂ ਨੂੰ ਤੁਰੰਤ ਇਲਾਜ ਲਈ ਗੁਰਦੇਵ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਸਵੰਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਸੁਖਵਿੰਦਰ ਸਿੰਘ ਨੂੰ ਇਲਾਜ ਲਈ ਦਾਖਲ ਕਰ ਲਿਆ ਗਿਆ।
ਜਸਵੰਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਿਜਾਇਆ ਗਿਆ ਹੈ। ਪੁਲਸ ਨੇ ਅਣਪਛਾਤੇ ਕਾਰ ਚਾਲਕ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਆਈ. ਓ. ਇੰਸਪੈਕਟਰ ਬਲਵੀਰ ਚੰਦ ਨੇ ਦੱਸਿਆ ਕਿ ਫਰਾਰ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵੱਡੀ ਖ਼ਬਰ: ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
NEXT STORY