ਲੁਧਿਆਣਾ (ਰਾਜ): ਮਹਾਨਗਰ ਦੇ ਸ਼ਿਮਲਾਪੁਰੀ ਇਲਾਕੇ ਵਿਚ ਹੋਏ ਦਿਲ-ਦਹਿਲਾ ਦੇਣ ਵਾਲੇ ਦੋਹਰੇ ਕਤਲ (ਡਬਲ ਮਰਡਰ) ਦੀ ਗੁੱਥੀ ਨੂੰ ਲੁਧਿਆਣਾ ਪੁਲਸ ਨੇ ਮਹਿਜ਼ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ ਅਤੇ ਮੁੱਖ ਮੁਲਜ਼ਮ ਨੂੰ ਬੇਨਕਾਬ ਕਰ ਦਿੱਤਾ ਹੈ। ਪੁਲਸ ਨੇ ਇਸ ਅੰਨ੍ਹੇ ਕਤਲ ਦੀਆਂ ਕੜੀਆਂ ਨੂੰ ਜੋੜਦਿਆਂ ਮੁੱਖ ਮੁਲਜ਼ਮ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ। ਬਜ਼ੁਰਗ ਜੋੜੇ ਦੇ ਸਿਰ 'ਤੇ ਵਾਰ ਕਰਕੇ ਉਨ੍ਹਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਵਾਲਾ ਕੋਈ ਹੋਰ ਨਹੀਂ, ਸਗੋਂ ਉਨ੍ਹਾਂ ਦਾ ਹੀ ਭਤੀਜਾ ਨਿਕਲਿਆ। ਇਸ ਕਲਯੁਗੀ ਭਤੀਜੇ ਨੇ ਮਹਿਜ਼ ਕੁਝ ਰੁਪਿਆਂ ਦੇ ਲਾਲਚ ਵਿਚ ਆਪਣੇ ਹੀ ਤਾਇਆ-ਤਾਈ ਦੇ ਰਿਸ਼ਤੇ ਦਾ ਕਤਲ ਕਰ ਦਿੱਤਾ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਅੱਜ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਇਸ ਖ਼ੂਨੀ ਖੇਡ ਦਾ ਅਧਿਕਾਰਤ ਖੁਲਾਸਾ ਕੀਤਾ।
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਭਤੀਜਾ ਪਿਛਲੇ ਕਾਫੀ ਸਮੇਂ ਤੋਂ ਭਾਰੀ ਆਰਥਿਕ ਤੰਗੀ ਵਿਚੋਂ ਗੁਜ਼ਰ ਰਿਹਾ ਸੀ ਅਤੇ ਉਸ ਸਿਰ ਕਾਫੀ ਕਰਜ਼ਾ ਸੀ। ਕਰਜ਼ਦਾਰਾਂ ਦੇ ਦਬਾਅ ਅਤੇ ਪੈਸੇ ਦੀ ਤੰਗੀ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਆਪਣੇ ਬੇਬਸ ਤਾਇਆ-ਤਾਈ ਨੂੰ ਨਿਸ਼ਾਨਾ ਬਣਾਉਣ ਦੀ ਖੌਫਨਾਕ ਸਾਜ਼ਿਸ਼ ਰਚੀ। ਮੁਲਜ਼ਮ ਪਰਿਵਾਰ ਦਾ ਬਹੁਤ ਨਜ਼ਦੀਕੀ ਹੋਣ ਕਰਕੇ ਉਸ ਨੂੰ ਘਰ ਦੇ ਕੋਨੇ-ਕੋਨੇ ਅਤੇ ਉੱਥੇ ਮੌਜੂਦ ਨਕਦੀ ਤੇ ਕੀਮਤੀ ਸਾਮਾਨ ਦੀ ਪੂਰੀ ਜਾਣਕਾਰੀ ਸੀ। ਇਸ ਦਾ ਫਾਇਦਾ ਉਠਾ ਕੇ ਉਹ ਘਰ ਵਿਚ ਦਾਖਲ ਹੋਇਆ ਅਤੇ ਪੈਸਿਆਂ ਦੇ ਲਾਲਚ ਵਿਚ ਉਸ ਨੇ ਬਜ਼ੁਰਗ ਜੋੜੇ ਦੇ ਸਿਰ 'ਤੇ ਭਾਰੀ ਚੀਜ਼ ਨਾਲ ਕਈ ਵਾਰ ਕੀਤੇ। ਪੁਲਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਉਸ ਦਾ ਸਾਥ ਦੇਣ ਵਾਲੇ ਹੋਰ ਮੁਲਜ਼ਮਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।
ਧੀ ਦੇ ਫੋਨ ਤੋਂ ਹੋਇਆ ਖੁਲਾਸਾ
ਇਸ ਖੌਫਨਾਕ ਵਾਰਦਾਤ ਦਾ ਪਤਾ ਉਦੋਂ ਲੱਗਿਆ ਜਦੋਂ ਸ਼ਨੀਵਾਰ ਸਵੇਰੇ ਕਰੀਬ 10:40 ਵਜੇ ਬਜ਼ੁਰਗ ਜੋੜੇ ਦੀ ਧੀ ਦਾ ਫੋਨ ਆਇਆ। ਵਾਰ-ਵਾਰ ਘੰਟੀ ਵੱਜਣ ਦੇ ਬਾਵਜੂਦ ਜਦੋਂ ਮਾਤਾ-ਪਿਤਾ ਨੇ ਫੋਨ ਨਹੀਂ ਚੁੱਕਿਆ, ਤਾਂ ਘਬਰਾ ਕੇ ਉਸ ਨੇ ਹੋਰ ਰਿਸ਼ਤੇਦਾਰਾਂ ਨੂੰ ਘਰ ਜਾ ਕੇ ਦੇਖਣ ਲਈ ਕਿਹਾ। ਜਦੋਂ ਰਿਸ਼ਤੇਦਾਰ ਮੌਕੇ 'ਤੇ ਪਹੁੰਚੇ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ; ਦੋਵਾਂ ਬਜ਼ੁਰਗਾਂ ਦੀਆਂ ਖ਼ੂਨ ਨਾਲ ਲੱਥਪੱਥ ਲਾਸ਼ਾਂ ਬੈੱਡ ਕੋਲ ਪਈਆਂ ਸਨ।
ਪੁਲਸ ਕਮਿਸ਼ਨਰ ਦੇ ਸਖ਼ਤ ਨਿਰਦੇਸ਼ਾਂ 'ਤੇ ਕੰਮ ਕਰ ਰਹੀਆਂ ਟੀਮਾਂ ਨੇ ਇਸ ਕੇਸ ਨੂੰ ਸੁਲਝਾਉਣ ਲਈ ਦਿਨ-ਰਾਤ ਇਕ ਕਰ ਦਿੱਤਾ। ਇਲਾਕੇ ਵਿਚ ਲੱਗੇ CCTV ਕੈਮਰਿਆਂ ਦੀ ਫੁਟੇਜ ਅਤੇ ਹਿਊਮਨ ਇੰਟੈਲੀਜੈਂਸ ਨੇ ਅਹਿਮ ਭੂਮਿਕਾ ਨਿਭਾਈ। ਸੀ.ਸੀ.ਟੀ.ਵੀ. ਵਿਚ ਮੁਲਜ਼ਮ ਦੀ ਸ਼ੱਕੀ ਹਰਕਤ ਕੈਦ ਹੋਣ ਤੋਂ ਬਾਅਦ ਪੁਲਸ ਨੇ ਘੇਰਾਬੰਦੀ ਕਰਕੇ ਭਤੀਜੇ ਨੂੰ ਦਬੋਚ ਲਿਆ। ਫਿਲਹਾਲ ਪੁਲਸ ਮੁਲਜ਼ਮ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਕਤਲ ਵਿਚ ਵਰਤਿਆ ਹਥਿਆਰ ਅਤੇ ਲੁੱਟੀ ਗਈ ਰਕਮ ਬਰਾਮਦ ਕੀਤੀ ਜਾ ਸਕੇ।
ਸੁਖਬੀਰ ਬਾਦਲ ਦੀ ਚੰਡੀਗੜ੍ਹ ਅਦਾਲਤ 'ਚ ਪੇਸ਼ੀ, ਬੇਅਦਬੀ ਮਾਮਲੇ ਨੂੰ ਲੈ ਕੇ ਹੋਈ ਸੁਣਵਾਈ
NEXT STORY