ਲੁਧਿਆਣਾ (ਅਨਿਲ, ਸ਼ਿਵਮ)- ਪਾਕਿਸਤਾਨ ’ਚ ਬੈਠੇ ਸਾਈਬਰ ਠੱਗਾਂ ਵੱਲੋਂ ਲੋਕਾਂ ਨੂੰ ਠੱਗਣ ਲਈ ਲੁਧਿਆਣਾ ਦੇ ਥਾਣਾ ਪੀ. ਏ. ਯੂ. ਦੇ ਮੁਖੀ ਇੰਸਪੈਕਟਰ ਵਿਜੇ ਕੁਮਾਰ ਬੈਂਸ ਦੀ ਵ੍ਹਟਸਐਪ ’ਤੇ ਤਸਵੀਰ ਲਗਾ ਕੇ ਲੋਕਾਂ ਨੂੰ ਡਰਾ ਕੇ ਪੈਸੇ ਠੱਗਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਪਾਕਿਸਤਾਨ ਦੇ ਨੰਬਰ ਤੋਂ ਸਾਈਬਰ ਠੱਗ ਇਕ ਵਿਅਕਤੀ ਨੂੰ ਇੰਸਪੈਕਟਰ ਵਿਜੇ ਕੁਮਾਰ ਬੈਂਸ ਦੀ ਵ੍ਹਟਸਐਪ ’ਤੇ ਤਸਵੀਰ ਲਗਾ ਕੇ ਫੋਨ ’ਤੇ ਧਮਕਾਉਣ ਦੀ ਗੱਲ ਸਾਹਮਣੇ ਆਈ ਹੈ।
ਉਕਤ ਵੀਡੀਓ ਵਿਚ ਪਾਕਿਸਤਾਨ ਦੇ ਨੰਬਰ ਤੋਂ ਸਾਈਬਰ ਠੱਗ ਉਕਤ ਵਿਅਕਤੀ ਨੂੰ ਉਸ ਦੇ ਬੇਟੇ ’ਤੇ ਜਬਰ-ਜ਼ਨਾਹ ਦਾ ਕੇਸ ਪਾਉਣ ਦੀ ਧਮਕੀ ਦਿੰਦਾ ਹੈ। ਫਿਰ ਬਾਅਦ ਵਿਚ ਉਸ ਦੇ ਲੜਕੇ ਨੂੰ ਛੱਡਣ ਬਦਲੇ 70 ਹਜ਼ਾਰ ਰੁਪਏ ਦੀ ਮੰਗ ਕਰਦਾ ਦੇਖਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਸਾਈਬਰ ਠੱਗ ਉਕਤ ਵਿਅਕਤੀ ਦੇ ਬੇਟੇ ਨੂੰ ਗੂਗਲ-ਪੇ ’ਤੇ ਆਪਣਾ ਨੰਬਰ ਲਿਖਵਾਉਂਦਾ ਹੈ, ਤਾਂ ਕਿ ਉਕਤ ਵਿਅਕਤੀ ਉਸ ਗੂਗਲ-ਪੇ ਵਿਚ ਪੈਸੇ ਪਵਾ ਦੇਵੇ, ਜਿਸ ਤੋਂ ਬਾਅਦ ਸਾਈਬਰ ਠੱਗ ਉਸ ਦੇ ਲੜਕੇ ਨੂੰ ਛੱਡ ਦੇਣਗੇ ਪਰ ਉਕਤ ਵਿਅਕਤੀ ਪਹਿਲਾਂ ਤੋਂ ਹੀ ਸਾਈਬਰ ਠੱਗਾਂ ਦੀ ਇਸ ਚਾਲ ਨੂੰ ਚੰਗੀ ਤਰ੍ਹਾਂ ਜਾਣ ਲੈਂਦਾ ਹੈ ਅਤੇ ਸਾਈਬਰ ਠੱਗਾਂ ਦੇ ਨਾਲ ਇਕ ਅਣਜਾਣ ਵਿਅਕਤੀ ਬਣ ਕੇ ਗੱਲ ਕਰਦਾ ਰਹਿੰਦਾ ਹੈ।
ਥਾਣਾ ਮੁਖੀ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ
ਥਾਣਾ ਪੀ. ਏ. ਯੂ. ਦੇ ਮੁਖੀ ਇੰਸਪੈਕਟਰ ਵਿਜੇ ਕੁਮਾਰ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਨੂੰ ਕਿਸੇ ਵਿਅਕਤੀ ਵੱਲੋਂ ਇਕ ਵੀਡੀਓ ਭੇਜੀ ਗਈ, ਜਿਸ ਵਿਚ ਉਨ੍ਹਾਂ ਦੀ ਵਰਦੀ ਵਾਲੀ ਤਸਵੀਰ ਨੂੰ ਕਿਸੇ ਸਾਈਬਰ ਠੱਗ ਵੱਲੋਂ ਵ੍ਹਟਸਐਪ ਨੰਬਰ ’ਤੇ ਲਾਇਆ ਹੋਇਆ ਸੀ, ਜਿਸ ਤੋਂ ਬਾਅਦ ਇੰਸਪੈਕਟਰ ਵਿਜੇ ਕੁਮਾਰ ਵਲੋਂ ਉਕਤ ਮਾਮਲੇ ਬਾਰੇ ਸਾਈਬਰ ਟੀਮ ਨੂੰ ਸੂਚਿਤ ਕੀਤਾ ਗਿਆ।
ਥਾਣਾ ਮੁਖੀ ਵਲੋਂ ਦੱਸਿਆ ਗਿਆ ਕਿ ਅੱਜ ਸਾਈਬਰ ਠੱਗ ਪੁਲਸ ਵਿਭਾਗ ’ਚ ਤਾਇਲਾਤ ਪੁਲਸ ਮੁਲਾਜ਼ਮਾਂ ਦੀ ਫੋਟੋ ਲਗਾ ਕੇ ਉਸ ਦੀ ਗਲਤ ਵਰਤੋਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਕੋਈ ਵੀ ਵਿਅਕਤੀ ਅਜਿਹੀ ਕਿਸੇ ਵੀ ਫੋਟੋ ’ਤੇ ਧਿਆਨ ਨਾ ਦੇਵੇ। ਜੇਕਰ ਕੋਈ ਵਿਅਕਤੀ ਉਨ੍ਹਾਂ ਨੂੰ ਪੁਲਸ ਦੀ ਵਰਦੀ ’ਚ ਫੋਟੋ ਲਗਾ ਕੇ ਕਾਲ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਸਾਈਬਰ ਬ੍ਰਾਂਚ ਨੂੰ ਦਿੱਤੀ ਜਾਵੇ, ਤਾਂ ਕਿ ਕੋਈ ਵੀ ਵਿਅਕਤੀ ਇਨ੍ਹਾਂ ਸਾਈਬਰ ਠੱਗਾਂ ਦੀ ਠੱਗੀ ਦਾ ਸ਼ਿਕਾਰ ਨਾ ਹੋ ਸਕੇ।
ਇਹ ਮੁਫ਼ਤ ਬੱਸ ਸੇਵਾ ਅਗਲੇ ਹੁਕਮਾਂ ਤੱਕ ਬੰਦ, PGI ਜਾਣ ਵਾਲੇ ਵੀ ਦੇਣ ਧਿਆਨ
NEXT STORY