ਮਾਲੇਰਕੋਟਲਾ/ਅਮਰਗੜ੍ਹ (ਸ਼ਹਾਬੂਦੀਨ, ਜ਼ਹੂਰ, ਭੁਪੇਸ਼, ਸ਼ੇਰਗਿੱਲ)- ਸਥਾਨਕ ਧੂਰੀ ਰੋਡ ’ਤੇ ਪਿੰਡ ਸੰਗਾਲਾ ਨੇੜੇ ਕੁਝ ਲੁਟੇਰਿਆਂ ਵੱਲੋਂ ਇਕ ਟਰੱਕ ਡਰਾਈਵਰ ਨੂੰ ਲੁੱਟਣ ਦੀ ਨੀਯਤ ਨਾਲ ਕਥਿਤ ਅਗਵਾ ਕਰਨ ਦੀ ਕੀਤੀ ਗਈ ਅਸਫਲ ਕੋਸ਼ਿਸ਼ ਤੋਂ ਬਾਅਦ ਟਰੱਕ ਡਰਾਈਵਰ ਦੀ ਇਕ ਹੋਰ ਕਥਿਤ ਅਣਪਛਾਤੇ ਵਾਹਨ ਦੇ ਲਪੇਟ ’ਚ ਆ ਕੇ ਹੋਈ ਮੌਤ ਦੇ ਬਹੁ-ਚਰਚਿਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ. ਐੱਸ. ਪੀ. ਗਗਨ ਅਜੀਤ ਸਿੰਘ ਵੱਲੋਂ ਗਠਿਤ ਕੀਤੀਆਂ ਗਈਆਂ ਪੁਲਸ ਟੀਮਾਂ ਨੇ ਜੱਦੋ-ਜਹਿਦ ਨਾਲ ਤਫਤੀਸ਼ ਕਰ ਕੇ ਮਾਮਲੇ ਨੂੰ ਸੁਲਝਾਉਂਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਤਫਤੀਸ਼ ਦੌਰਾਨ ਮਾਮਲਾ ਉਸ ਸਮੇਂ ਹੋਰ ਵੀ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ’ਚੋਂ ਇਕ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਪਾਸੋਂ ਵਾਰਦਾਤ ’ਚ ਵਰਤੇ ਗਏ ਹਥਿਆਰ ਦੀ ਬਰਾਮਦਗੀ ਕਰਵਾਉਣ ਲਈ ਗਈ ਪੁਲਸ ’ਤੇ ਮੁਲਜ਼ਮ ਗੁਰਪ੍ਰੀਤ ਸਿੰਘ ਕਾਲਾ ਨੇ ਗੋਲੀ ਚਲਾ ਦਿੱਤੀ। ਜਿਸ ਦੌਰਾਨ ਪੁਲਸ ਵੱਲੋਂ ਆਪਣੀ ਆਤਮ ਰੱਖਿਆ ਲਈ ਚਲਾਈ ਗਈ ਜਵਾਬੀ ਗੋਲੀ ਲੱਗਣ ਨਾਲ ਉਕਤ ਗੁਰਪ੍ਰੀਤ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਵੱਲੋਂ ਅੱਜ ਬਾਅਦ ਦੁਪਹਿਰ ਜ਼ਿਲਾ ਪੁਲਸ ਹੈੱਡ ਕੁਆਰਟਰ ਵਿਖੇ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ 17 ਦਸੰਬਰ ਦੀ ਰਾਤ ਨੂੰ ਸਾਢੇ 10 ਵਜੇ ਦੇ ਕਰੀਬ ਅਮਰਗੜ੍ਹ ਥਾਣੇ ਦੀ ਪੁਲਸ ਨੂੰ ਸੂਚਨਾ ਮਿਲੀ ਕਿ ਸਥਾਨਕ ਧੂਰੀ ਰੋਡ ’ਤੇ ਪਿੰਡ ਸੰਗਾਲਾ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਜਿਸ ਉਪਰੰਤ ਮੌਕੇ ’ਤੇ ਪੁੱਜੀ ਪੁਲਸ ਨੂੰ ਲਾਸ਼ ਦੇ ਨੇੜੇ ਹੀ ਇਕ ਟਰੱਕ ਖੜ੍ਹਾ ਮਿਲਿਆ। ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਮ੍ਰਿਤਕ ਦੀ ਸ਼ਨਾਖਤ ਉਕਤ ਟਰੱਕ ਦੇ ਡਰਾਈਵਰ ਅਮਰੀਕ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਜੇਅੰਤ ਇਨਕਲੇਵ ਨੇੜੇ ਪੀ.ਏ.ਸੀ. ਸਹਾਰਨਪੁਰ ਬਰੇਲੀ ਉੱਤਰ ਪ੍ਰਦੇਸ਼ ਵਜੋਂ ਹੋਈ, ਜੋ ਕਿ ਕਰੀਬ ਛੇ ਮਹੀਨਿਆਂ ਤੋਂ ਨਿਰਮਲ ਸਿੰਘ ਵਾਸੀ ਫਿਲੋਰ ਜ਼ਿਲਾ ਜਲੰਧਰ ਦੇ ਟਰੱਕ ’ਤੇ ਡਰਾਈਵਰੀ ਕਰਦਾ ਸੀ। ਘਟਨਾ ਵਾਲੀ ਰਾਤ 17 ਦਸੰਬਰ ਨੂੰ ਜਦੋਂ ਉਹ ਬਿਸਕੁੱਟ ਵਗੈਰਾ ਨਾਲ ਭਰਿਆ ਟਰੱਕ ਲੈ ਕੇ ਸੰਗਰੂਰ ਸਾਈਡ ਨੂੰ ਜਾ ਰਿਹਾ ਸੀ।
ਰਸਤੇ ’ਚ ਕੁਝ ਨਾਮਾਲੂਮ ਵਿਅਕਤੀ ਜਿਨ੍ਹਾਂ ਦੇ ਨਾਲ ਇਕ ਔਰਤ ਵੀ ਸੀ ਨੇ ਲੁੱਟਣ ਦੀ ਨੀਯਤ ਨਾਲ ਲਿਫਟ ਲੈਣ ਦੇ ਬਹਾਨੇ ਟਰੱਕ ਰੁਕਵਾਉਣ ਉਪਰੰਤ ਡਰਾਈਵਰ ਅਮਰੀਕ ਸਿੰਘ ਦੀਆਂ ਲੱਤਾਂ-ਬਾਹਾਂ ਬੰਨ੍ਹ ਕੇ ਪਹਿਲਾਂ ਕੁੱਟਮਾਰ ਕੀਤੀ ਅਤੇ ਫਿਰ ਡਰਾਈਵਰ ਨੂੰ ਕਡੰਕਟਰ ਟਾਕੀ ਵਾਲੀ ਸਾਈਡ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ, ਜਿਸ ਤੋਂ ਬਾਅਦ ਟਰੱਕ ਡਰਾਈਵਰ ਦੀ ਕਿਸੇ ਹੋਰ ਵਾਹਨ ਦੇ ਕਥਿਤ ਲਪੇਟ ’ਚ ਆ ਕੇ ਮੌਤ ਹੋ ਗਈ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਮਾਮਲੇ ’ਚ ਮ੍ਰਿਤਕ ਟਰੱਕ ਡਰਾਈਵਰ ਅਮਰੀਕ ਸਿੰਘ ਦੇ ਭਰਾ ਕੁਲਵੰਤ ਸਿੰਘ ਵਾਸੀ ਸਗਨ ਬਿਹਾਰ ਹੀਰਾ ਬਾਗ ਸਬਜ਼ੀ ਮੰਡੀ ਸਨੌਰ ਪਟਿਆਲਾ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰਨ ਉਪਰੰਤ ਐੱਸ. ਪੀ. ਇਨਵੈਸਟੀਗੇਸ਼ਨ ਸੱਤਪਾਲ ਸ਼ਰਮਾ ਦੀ ਨਿਗਰਾਨੀ ਹੇਠ ਡੀ. ਐੱਸ. ਪੀ. ਇਨਵੈਸਟੀਗੇਸ਼ਨ ਸਤੀਸ਼ ਕੁਮਾਰ, ਡੀ.ਐੱਸ.ਪੀ. ਸਬ ਡਵੀਜ਼ਨ ਅਮਰਗੜ੍ਹ ਸੰਜੀਵ ਕਪੂਰ, ਸੀ.ਆਈ.ਏ. ਮਾਹੋਰਾਣਾ ਦੇ ਇੰਚਾਰਜ਼ ਇੰਸਪੈਕਟਰ ਹਰਜਿੰਦਰ ਸਿੰਘ, ਐੱਸ.ਐਚ.ਓ. ਅਮਰਗੜ੍ਹ ਦਲਜੀਤ ਸਿੰਘ ਗਿੱਲ ਅਤੇ ਮੁੱਖ ਅਫਸਰ ਥਾਣਾ ਸਾਈਬਰ ਕਰਾਈਮ ਦੀ ਅਗਵਾਈ ਹੇਠ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕਰ ਕੇ ਮਾਮਲੇ ਦੀ ਜੰਗੀ ਪੱਧਰ ’ਤੇ ਜਾਂਚ ਅਰੰਭ ਕੀਤੀ ਗਈ ਸੀ।
ਉਕਤ ਗਠਿਤ ਟੀਮਾਂ ਨੇ ਸੀ.ਸੀ.ਟੀ.ਵੀ. ਫੁਟੇਜ਼ ਖੰਗਾਲਦਿਆਂ ਟੈਕਨੀਕਲ ਤਰੀਕੇ ਨਾਲ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੀ ਸ਼ਨਾਖਤ ਗੁਰਪ੍ਰੀਤ ਸਿੰਘ ਉਰਫ ਕਾਲਾ ਪੁੱਤਰ ਗੁਰਮੇਲ ਸਿੰਘ, ਪ੍ਰਿਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ, ਬੂਟਾ ਸਿੰਘ ਸਾਬਕਾ ਸਰਪੰਚ ਪੁੱਤਰ ਜਗਸੀਰ ਸਿੰਘ ਵਾਸੀਆਨ ਪਿੰਡ ਚੰਨਣਵਾਲ ਜ਼ਿਲਾ ਬਰਨਾਲਾ ਅਤੇ ਪ੍ਰਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਚੜਿੱਕ ਜ਼ਿਲਾ ਮੋਗਾ ਹਾਲ ਵਾਸੀ ਪਿੰਡ ਚੰਨਣਵਾਲ ਬਰਨਾਲਾ ਵਜੋਂ ਹੋਈ। ਇਨ੍ਹਾਂ ਦੇ ਨਾਲ ਇਕ ਔਰਤ ਅਮਨ ਪੁੱਤਰੀ ਸੁਖਦੇਵ ਸਿੰਘ ਵਾਸੀ ਫਤਹਿਗੜ੍ਹ ਛੰਨਾ ਵੀ ਸ਼ਾਮਲ ਹੈ, ਜੋ ਹਾਲੇ ਫਰਾਰ ਹੈ।
ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਚਾਰੇ ਮੁਲਜ਼ਮ ਆਪਣੀ ਸਾਥਣ ਸਹਿਤ ਮੁਲਜ਼ਮ ਔਰਤ ਅਮਨ ਦੀ ਮਦਦ ਨਾਲ ਰਾਹ ਜਾਂਦੇ ਗੱਡੀਆਂ ਵਾਲਿਆਂ ਨੂੰ ਝਾਂਸੇ ’ਚ ਲੈ ਕੇ ਲੁੱਟਾਂ-ਖੋਹਾਂ ਕਰਦੇ ਸਨ। ਮ੍ਰਿਤਕ ਟਰੱਕ ਡਰਾਈਵਰ ਅਮਰੀਕ ਸਿੰਘ ਨੂੰ ਵੀ ਲੁੱਟਣ ਦੀ ਨੀਯਤ ਨਾਲ ਇਨ੍ਹਾਂ ਨੇ ਇਸੇ ਤਰ੍ਹਾਂ ਉਕਤ ਘਟਨਾ ਨੂੰ ਅੰਜ਼ਾਮ ਦਿੱਤਾ ਸੀ।
ਐੱਸ.ਐੱਸ.ਪੀ. ਨੇ ਦੱਸਿਆ ਕਿ ਇਨ੍ਹਾਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ’ਚੋਂ ਇਕ ਹਰਿਆਣਾ ਨੰਬਰੀ ਸਵਿਫਟ ਕਾਰ ਤੋਂ ਇਲਾਵਾ ਇਕ ਦੇਸੀ ਪਿਸਤੌਲ 315 ਬੋਰ ਸਮੇਤ ਇਕ ਜਿੰਦਾ ਕਾਰਤੂਸ ਅਤੇ ਇਕ ਖਾਲੀ ਖੋਲ ਕਾਰਤੂਸ ਬਰਾਮਦ ਹੋਇਆ ਹੈ।ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ ਉਕਤ ਹਥਿਆਰ ਬਰਾਮਦ ਕਰਵਾਉਣ ਲਈ ਥਾਣਾ ਅਮਰਗੜ੍ਹ ਦੇ ਐੱਸ.ਐੱਚ.ਓ. ਦਲਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਅੱਜ ਸਵੇਰੇ ਜਦੋਂ ਇਕ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਕਾਲਾ ਨੂੰ ਡਰੇਨ ਪੁਲ ਪਿੰਡ ਮੁਹੰਮਦਗੜ੍ਹ ਵਿਖੇ ਦੱਸੀ ਗਈ ਜਗ੍ਹਾ ’ਤੇ ਲੈ ਕੇ ਗਈ ਤਾਂ ਮੁਲਜ਼ਮ ਗੁਰਪ੍ਰੀਤ ਕਾਲਾ ਨੇ ਆਪਣਾ ਉਕਤ ਛੁਪਾਇਆ ਹੋਇਆ 315 ਬੋਰ ਪਿਸਤੌਲ ਕੱਢ ਕੇ ਮਾਰ ਦੇਣ ਦੀ ਨੀਯਤ ਨਾਲ ਪੁਲਸ ਪਾਰਟੀ ’ਤੇ ਫਾਇਰ ਕਰ ਦਿੱਤਾ।
ਥਾਣਾ ਮੁਖੀ ਇੰਸਪੈਕਟਰ ਦਲਜੀਤ ਸਿੰਘ ਆਪਣਾ ਬਚਾਅ ਕਰਦੇ ਹੋਏ ਫੁਰਤੀ ਨਾਲ ਹੇਠਾਂ ਬੈਠ ਗਏ, ਜਿਸ ਕਾਰਨ ਗੋਲੀ ਸਰਕਾਰੀ ਗੱਡੀ ਦੇ ਬੋਨਟ ’ਤੇ ਜਾ ਲੱਗੀ। ਇਸ ਦੌਰਾਨ ਇੰਸਪੈਕਟਰ ਦਲਜੀਤ ਸਿੰਘ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਆਤਮ ਰੱਖਿਆ ਲਈ ਆਪਣੇ ਸਰਕਾਰੀ ਅਸਲੇ ਨਾਲ ਫਾਇਰ ਕੀਤਾ, ਜੋ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਕਾਲਾ ਦੇ ਪੈਰ ’ਤੇ ਜਾ ਵੱਜਿਆ। ਇਸ ਮਾਮਲੇ ’ਚ ਥਾਣਾ ਮੁਖੀ ਇੰਸਪੈਕਟਰ ਦਲਜੀਤ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਕਾਲਾ ਦੇ ਖਿਲਾਫ ਇਕ ਹੋਰ ਵੱਖਰਾ ਇਰਾਦਾ ਕਤਲ ਦਾ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ।
CTU ਬੱਸ ਦੀ ਟੱਕਰ ਨਾਲ ਵਿਅਕਤੀ ਦੀ ਮੌਤ, ਡਰਾਈਵਰ ਫ਼ਰਾਰ
NEXT STORY