ਸਮਰਾਲਾ (ਵਿਪਨ/ਗਰਗ): ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਸੂਬੇ ਦੇ ਸਿਆਸੀ ਭਵਿੱਖ ਲਈ ਬੇਹੱਦ ਅਹਿਮ ਮੰਨੇ ਜਾ ਰਹੇ ਹਨ। ਇਨ੍ਹਾਂ ਚੋਣਾਂ ਰਾਹੀਂ ਭਾਰਤੀ ਜਨਤਾ ਪਾਰਟੀ ਨੇ ਪੇਂਡੂ ਸਿਆਸਤ ਵਿਚ ਕਦਮ ਰੱਖਦਿਆਂ ਪਹਿਲੀ ਵਾਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਉਮੀਦਵਾਰ ਉਤਾਰੇ ਹਨ। ਇਸ ਵਿਚ ਹੁਣ ਤਕ ਭਾਜਪਾ ਨੇ ਦੋ ਸੀਟਾਂ 'ਤੇ ਜਿੱਤ ਵੀ ਹਾਸਲ ਕਰ ਲਈ ਹੈ ਤੇ ਇਕ ਸੀਟ 'ਤੇ ਭਾਜਪਾ ਉਮੀਦਵਾਰ ਅੱਗੇ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਭਾਰਤੀ ਜਨਤਾ ਪਾਰਟੀ ਨੇ 2 ਬਲਾਕ ਸੰਮਤੀ ਸੀਟਾਂ 'ਚ ਜਿੱਤ ਹਾਸਲ ਕੀਤੀ ਹੈ। ਸਮਰਾਲਾ ਦੇ ਬਲਾਕ ਸੰਮਤੀ ਜ਼ੋਨ ਸਮਸਪੁਰ ਤੋਂ ਭਾਜਪਾ ਦੀ ਉਮੀਦਵਾਰ ਪਰਮਜੀਤ ਕੌਰ 47 ਵੋਟਾਂ ਨਾਲ ਜੇਤੂ ਰਹੀ ਹੈ। ਪਰਮਜੀਤ ਕੌਰ ਨੂੰ ਕੁੱਲ 904 ਵੋਟਾਂ ਪਈਆਂ ਸਨ। ਇਸੇ ਤਰ੍ਹਾਂ ਜੈਤੋਂ ਦੀ ਇਕ ਸੀਟ ਤੋਂ ਵੀ ਭਾਜਪਾ ਦਾ ਉਮੀਦਵਾਰ ਜੇਤੂ ਰਿਹਾ ਹੈ। ਸਿਆਸੀ ਪੰਡਤਾਂ ਮੁਤਾਬਕ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਪੇਂਡੂ ਸਿਆਸਤ ਵਿਚ ਐਂਟਰੀ ਹੋਣਾ ਬੇਹੱਦ ਅਹਿਮ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਪਿੰਡਾਂ ਵਿਚੋਂ ਹੁੰਗਾਰਾ ਮਿਲਣਾ ਸਿਆਸਤ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ।
ਸਮਰਾਲਾ ਬਲਾਕ ਦੇ ਹੁਣ ਤਕ ਦੇ ਨਤੀਜੇ
ਬਗਲੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਮਨਦੀਪ ਸਿੰਘ ਜੇਤੂ ਰਹੇ। ਉਨ੍ਹਾਂ ਨੂੰ ਕੁੱਲ 1132 ਵੋਟਾਂ ਪਈਆਂ ਤੇ 334 ਵੋਟਾਂ ਫ਼ਰਕ ਨਾਲ ਜੇਤੂ ਰਹੇ। ਇਸੇ ਤਰ੍ਹਾਂ ਨਾਗਰਾ ਜ਼ੋਨ ਵਿਚ ਅਕਾਲੀ ਦਲ ਦੇ ਲਖਬੀਰ ਸਿੰਘ ਨੂੰ 984 ਵੋਟਾਂ ਪਈਆਂ ਤੇ ਉਹ 248 ਵੋਟਾਂ 'ਤੇ ਜੇਤੂ ਰਹੇ। ਰੂਪਾਲੋ ਜ਼ੋਨ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੋਧ ਸਿੰਘ ਨੂੰ 873 ਵੋਟਾਂ ਪਈਆਂ ਅਤੇ 233 ਵੋਟਾਂ ਨਾਲ ਜੇਤੂ ਰਹੇ। ਸਲੋਦੀ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਸਤਵਿੰਦਰ ਕੌਰ ਨੂੰ 1108 ਵੋਟਾਂ ਪਈਆਂ ਤੇ ਉਹ 364 ਵੋਟਾਂ ਨਾਲ ਜੇਤੂ ਰਹੇ। ਉਟਾਲਾ ਜ਼ੋਨ ਤੋਂ ਆਮ ਆਦਮੀ ਤੋਂ ਇਲਾਵਾ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ ਪਹਿਲਾਂ ਹੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ ਹੈ। ਸਮਸਪੁਰ ਜ਼ੋਨ ਤੋਂ ਭਾਜਪਾ ਉਮੀਦਵਾਰ ਪਰਮਜੀਤ ਕੌਰ ਨੂੰ 904 ਵੋਟਾਂ ਪਈਆਂ ਤੇ ਉਹ 47 ਨਾਲ ਜੇਤੂ ਰਹੇ। ਸੇਹ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਕਬਾਲ ਸਿੰਘ ਨੂੰ 1005 ਵੋਟਾਂ ਪਈਆਂ ਤੇ ਉਹ 237 ਵੋਟਾਂ ਨਾਲ ਜੇਤੂ ਰਹੇ।
ਟਾਂਡਾ 'ਚ ਬਲਾਕ ਸੰਮਤੀ ਚੋਣਾਂ 'ਚ 'ਆਪ' ਨੇ ਖੋਲ੍ਹਿਆ ਖਾਤਾ, ਜ਼ੋਨ ਭੂਲਪੁਰ ਤੋਂ ਉਮੀਦਵਾਰ ਵਰਿੰਦਰ ਸਿੰਘ ਜੇਤੂ
NEXT STORY