ਜਲੰਧਰ— ਪੰਜਾਬ 'ਚ ਝੋਨੇ ਦੀ ਲਵਾਈ ਇਸ ਸੀਜ਼ਨ 'ਚ ਪਹਿਲਾਂ ਦੀ ਨਿਰਧਾਰਤ ਤਰੀਕ ਤੋਂ 7 ਦਿਨ ਪਹਿਲਾਂ ਯਾਨੀ 13 ਜੂਨ ਨੂੰ ਸ਼ੁਰੂ ਹੋਣ ਜਾ ਰਹੀ ਹੈ। ਪਾਵਰਕਾਮ ਨੇ ਝੋਨਾ ਲਾਉਣ ਦੀ ਤਰੀਕ ਤੋਂ 8 ਘੰਟੇ ਰੋਜ਼ ਦਿਨ-ਰਾਤ ਦੇ ਵੱਖ-ਵੱਖ ਤਿੰਨ ਗਰੁੱਪਾਂ 'ਚ ਬਿਜਲੀ ਸਪਲਾਈ ਕਰਨ ਦਾ ਪ੍ਰੋਗਰਾਮ ਨਿਰਧਾਰਤ ਕੀਤਾ ਹੈ। ਕਿਸਾਨ 13 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰ ਸਕਦੇ ਹਨ, ਜਦੋਂ ਕਿ ਪਹਿਲਾਂ ਇਸ ਲਈ 20 ਜੂਨ ਦੀ ਤਰੀਕ ਨਿਰਧਾਰਤ ਕੀਤੀ ਗਈ ਸੀ।
ਕਿਸਾਨਾਂ ਦਾ ਕਹਿਣਾ ਸੀ ਕਿ ਪਛੇਤੀ ਲਵਾਈ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਝੋਨਾ ਲਾਉਣ ਦੀ ਇਜਾਜ਼ਤ ਪਹਿਲਾਂ ਕਰ ਦਿੱਤੀ ਜਾਵੇ। ਕਿਸਾਨਾਂ ਦੀ ਮੰਗ 'ਤੇ ਪਾਵਰਕਾਮ ਨੇ ਪੰਜਾਬ ਸਰਕਾਰ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਪਹਿਲਾਂ ਦੀ ਨਿਰਧਾਰਤ ਤਰੀਕ ਤੋਂ ਹਫਤਾ ਪਹਿਲਾਂ ਖੇਤੀ ਸਪਲਾਈ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ 'ਚ ਹਰ ਸਾਲ ਇੰਨਾ ਘੱਟ ਰਿਹੈ ਪਾਣੀ-
ਪਿਛਲੀ ਵਾਰ ਝੋਨੇ ਦੀ ਬੀਜਾਈ 'ਚ ਦੇਰੀ ਹੋਣ ਨਾਲ ਇਸ ਦੀ ਕਟਾਈ ਵੀ ਕਾਫੀ ਦੇਰ ਨਾਲ ਸ਼ੁਰੂ ਹੋਈ ਸੀ ਤੇ ਇਸ 'ਚ ਨਮੀ ਦੀ ਮਾਤਰਾ ਨੂੰ ਲੈ ਕੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ 'ਚ ਪਾਣੀ ਵੱਡੇ ਪੱਧਰ 'ਤੇ ਘੱਟ ਹੋ ਰਿਹਾ ਹੈ। ਪੰਜਾਬ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਤਕਰੀਬਨ 2.5 ਫੁੱਟ ਹੇਠਾਂ ਜਾ ਰਿਹਾ ਹੈ। ਇਸ ਕਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਲਾਹ ਨਾਲ ਸਰਕਾਰ ਨੇ ਪਹਿਲਾਂ ਝੋਨੇ ਦੀ ਲਵਾਈ ਪਿਛਲੇ ਸਾਲਾਂ ਦੇ ਮੁਕਾਬਲੇ ਪੰਜ ਦਿਨ ਹੋਰ ਪਛੇਤੀ ਯਾਨੀ 20 ਜੂਨ ਤੋਂ ਸ਼ੁਰੂ ਕਰਨ ਲਈ ਨਿਰਦੇਸ਼ ਜਾਰੀ ਕੀਤੇ ਸਨ ਪਰ ਇਹ ਯੋਜਨਾ ਸਫਲ ਨਹੀਂ ਹੋ ਸਕੀ। ਸਰਕਾਰ ਦਾ ਮਕਸਦ ਸੀ ਕਿ ਇਨ੍ਹਾਂ ਦਿਨਾਂ ਦੌਰਾਨ ਪਾਣੀ ਦੀ ਕਾਫੀ ਬਚਤ ਹੋ ਸਕਦੀ ਹੈ।ਹਾਲਾਂਕਿ ਸਰਕਾਰ ਨੇ 13 ਜੂਨ ਤੋਂ ਝੋਨਾ ਲਾਉਣ ਦੀ ਮਨਜ਼ੂਰੀ ਦੇਣ ਲਈ ਹੁਣ ਤਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ।
ਹੁਸ਼ਿਆਰਪੁਰ : ਜੰਮੂ ਜਾ ਰਹੀ ਟੂਰਿਸਟ ਬੱਸ ਹਾਦਸੇ ਦਾ ਸ਼ਿਕਾਰ, 35 ਜ਼ਖਮੀਂ
NEXT STORY