ਪਟਿਆਲਾ (ਜੋਸਨ) - ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਲਈ ਗਰਮੀ ਸ਼ੁਰੂ ਹੁੰਦਿਆਂ ਹੀ ਵੱਡੇ ਸੰਕਟ ਦੀ ਘੜੀ ਆ ਗਈ ਹੈ। ਸੂਬੇ ਵਿਚ ਵਧੀ ਗਰਮੀ ਤੇ ਹੁੰਮਸ ਕਾਰਨ ਬਿਜਲੀ ਦੀ ਡਿਮਾਂਡ ਅੱਜ 1810 ਲੱਖ ਯੂਨਿਟ ਦੇ ਪਾਸ ਪਹੁੰਚ ਗਈ ਹੈ। ਅੱਜ ਪਟਿਆਲਾ ਵਿਖੇ ਪਾਵਰਕਾਮ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿਚ ਇਸ ਮੁੱਦੇ 'ਤੇ ਵਿਚਾਰ ਕੀਤੇ ਗਏ। ਸਮੁੱਚੇ ਚੀਫ ਇੰਜੀਨੀਅਰਜ਼ ਨੂੰ ਆਦੇਸ਼ ਦਿੱਤੇ ਗਏ ਕਿ ਉਹ 20 ਜੂਨ ਤੋਂ ਪੈਡੀ ਸੀਜ਼ਨ ਲਈ ਤਿਆਰੀਆਂ ਮੁਕੰਮਲ ਕਰ ਲੈਣ। ਇਸ ਮੀਟਿੰਗ ਵਿਚ ਕੋਲੇ ਬਾਰੇ ਵੀ ਚਰਚਾ ਕੀਤੀ ਹੈ। ਪੰਜਾਬ ਰਾਜ ਬਿਜਲੀ ਨਿਗਮ ਦੇ ਅੰਕੜੇ ਸਪੱਸ਼ਟ ਕਰ ਰਹੇ ਹਨ ਕਿ ਇਹ ਡਿਮਾਂਡ 1 ਜੂਨ ਤੋਂ ਲਗਾਤਾਰ ਵਧ ਰਹੀ ਹੈ। ਜੇਕਰ ਗਰਮੀ ਜਾਰੀ ਰਹੀ ਤਾਂ ਇਹ ਅੰਕੜੇ ਹੋਰ ਉਚਾਈ 'ਤੇ ਜਾਣਗੇ। ਬਿਜਲੀ ਨਿਗਮ ਲੋਕਾਂ ਨੂੰ ਕੱਟਾਂ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ ਕਰ ਰਿਹਾ ਹੈ। 20 ਜੂਨ ਤੋਂ ਪੈਡੀ ਸੀਜ਼ਨ ਦੇ ਸ਼ੁਰੂ ਹੁੰਦਿਆਂ ਹੀ ਬਿਜਲੀ ਦੀ ਡਿਮਾਂਡ ਦਿਨਾਂ ਵਿਚ ਹੀ 2700 ਲੱਖ ਯੂਨਿਟ ਤੇ ਪਾਰ ਚਲੀ ਜਾਂਦੀ ਹੈ।
ਕਿੱਥੋਂ-ਕਿੱਥੋਂ ਆ ਰਹੀ ਹੈ ਬਿਜਲੀ?
ਪਾਵਰਕਾਮ ਨੂੰ ਅੱਜ ਆਪਣੇ ਥਰਮਲ ਪਲਾਂਟਾਂ ਤੋਂ 169 ਲੱਖ ਯੂਨਿਟ ਬਿਜਲੀ ਹੀ ਮਿਲ ਸਕੀ ਹੈ। ਐੈੱਨ. ਆਰ. ਐੈੱਸ. ਈ. ਤੋਂ 97 ਲੱਖ ਯੂਨਿਟ, ਬੀ. ਬੀ. ਐੱਮ. ਬੀ. ਤੋਂ 113 ਲੱਖ ਯੂਨਿਟ, ਓਪਨ ਐਸਸ ਤੋਂ 2 ਲੱਖ ਯੂਨਿਟ ਤੇ ਬੈਂਕਿੰਗ ਤੋਂ 5 ਲੱਖ ਯੂਨਿਟ ਮਿਲੀ ਹੈ। ਇਸੇ ਕਾਰਨ ਪਾਵਰਕਾਮ ਨੇ ਅੱਜ ਤੱਕ ਕੋਈ ਬਿਜਲੀ ਕੱਟ ਨਹੀਂ ਲਾਇਆ। ਸਾਰੀਆਂ ਕੈਟਾਗਰੀਆਂ ਨੂੰ ਕੱਟਾਂ ਤੋਂ ਰਾਹਤ ਦਿੱਤੀ ਗਈ ਹੈ। ਇੱਥੋਂ ਤੱਕ ਕਿ ਇੰਡਸਟਰੀ 'ਤੇ ਵੀ ਕੋਈ ਕੱਟ ਨਹੀਂ ਹੈ।
ਕਿਸਾਨਾਂ ਨੂੰ ਮਿਲ ਰਹੀ ਹੈ ਅਜੇ 4 ਘੰਟੇ ਹੀ ਬਿਜਲੀ
ਪਾਵਰਕਾਮ ਵੱਲੋਂ ਭਾਵੇਂ 20 ਜੂਨ ਤੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਦਾ ਐਲਾਨ ਕੀਤਾ ਗਿਆ ਹੈ ਪਰ ਅਜੇ ਕਿਸਾਨਾਂ ਨੂੰ ਸਿਰਫ 4 ਘੰਟੇ ਦੇ ਲਗਭਗ ਹੀ ਬਿਜਲੀ ਦਿੱਤੀ ਜਾ ਰਹੀ ਹੈ। ਪਾਵਰਕਾਮ ਏ. ਪੀ. ਜਨਰਲ ਗਰੁੱਪ ਨੂੰ 4 ਘੰਟੇ, ਏ. ਪੀ. ਵੈਜੀਟਰੇਇਨ ਗਰੁੱਪ ਨੂੰ 4.30 ਘੰਟੇ ਤੇ ਬਾਰਡਰ ਏਰੀਏ ਨੂੰ 3.45 ਘੰਟੇ ਬਿਜਲੀ ਦੇ ਰਿਹਾ ਹੈ।
ਨਿਗਮ ਹਰ ਰੋਜ਼ ਖਰੀਦ ਰਿਹੈ 4500 ਲੱਖ ਰੁਪਏ ਦੀ ਬਿਜਲੀ
ਲੋਕਾਂ ਨੂੰ ਬਿਜਲੀ ਕੱਟਾਂ ਤੋਂ ਰਾਹਤ ਦੇਣ ਲਈ ਪਾਵਰਕਾਮ ਹਰ ਰੋਜ਼ ਲਗਭਗ 4500 ਲੱਖ ਰੁਪਏ ਦੀ ਬਿਜਲੀ ਖਰੀਦ ਰਿਹਾ ਹੈ। ਅੰਕੜਿਆਂ ਅਨੁਸਾਰ ਪਾਵਰਕਾਮ ਨੇ ਅੱਜ ਵੀ 1269 ਲੱਖ ਬਿਜਲੀ ਦੀ ਖਰੀਦ ਸੈਂਟਰਲ ਸੈਕਟਰ, ਬੈਂਕਿੰਗ ਟਰੇਡਰਜ਼, ਪੰਜਾਬ ਆਈ ਪੀ. ਪੀ. ਪੀ. ਥਰਮਲ ਯੂਨਿਟ ਤੇ ਹੋਰ ਵਸੀਲਿਆਂ ਤੋਂ ਖਰੀਦੀ ਹੈ, ਜਿਸ ਨਾਲ ਬਿਜਲੀ ਨਿਗਮ ਤੇ ਵਿੱਤੀ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ।
ਚੱਲ ਪਿਆ ਗੋਇੰਦਵਾਲ ਸਾਹਿਬ ਪਲਾਂਟ, ਰਾਜਪੁਰਾ ਪਲਾਂਟ 'ਚ 2 ਰੈਕ ਕੋਲਾ ਪੁੱਜਾ
ਪੰਜਾਬ ਵਿਚ ਪ੍ਰਾਈਵੇਟ ਖੇਤਰ ਦਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਈਂਧਣ ਦੇ ਤਕਨੀਕੀ ਨੁਕਸ ਕਾਰਨ ਬੰਦ ਹੋਣ ਮਗਰੋਂ ਦੇਰ ਸ਼ਾਮ ਚਾਲੂ ਹੋ ਗਿਆ। ਪਾਵਰਕਾਮ ਦੀ ਰਿਪੋਰਟ ਮੁਤਾਬਕ ਇਹ ਪਲਾਂਟ ਤਕਰੀਬਨ 4 ਘੰਟੇ ਸ਼ਾਮ 4 ਵਜੇ ਤੋਂ ਰਾਤ 8 ਵਜੇ ਤੱਕ ਬੰਦ ਰਿਹਾ ਜਿਸ ਮਗਰੋਂ ਇਸ ਦਾ ਨੰਬਰ ਯੂਨਿਟ ਫਿਰ ਤੋਂ ਚਾਲੂ ਹੋ ਗਿਆ ਹੈ। ਇਸ ਦੌਰਾਨ ਹੀ ਗੰਭੀਰ ਕੋਲਾ ਸੰਕਟ ਦਾ ਸਾਹਮਣਾ ਕਰ ਰਹੇ ਰਾਜਪੁਰਾ ਥਰਮਲ ਪਲਾਂਟ ਨੂੰ ਅੱਜ ਕੁਝ ਰਾਹਤ ਮਿਲੀ ਹੈ, ਜਿਸ ਵਿਚ 2 ਰੈਕ ਕੋਲਾ ਅੱਜ ਪੁੱਜਾ ਹੈ। ਪਲਾਂਟ ਦੇ ਬੁਲਾਰੇ ਮੁਤਾਬਕ ਦੇਰ ਸ਼ਾਮ ਤੱਕ 2 ਜਾਂ 3 ਰੈਕ ਹੋਰ ਆਉਣ ਦੀ ਸੰਭਾਵਨਾ ਹੈ।
ਇਕ ਵੱਡੀ ਚੁਣੌਤੀ ਬਣ ਚੁੱਕਿਐ ਪਲਾਸਟਿਕ ਦਾ ਪ੍ਰਦੂਸ਼ਣ
NEXT STORY