ਮੋਗਾ, (ਪਵਨ ਗਰੋਵਰ/ਗੋਪੀ ਰਾਊਕੇ)- ਦਲਿਤ ਵਿਦਿਆਰਥੀਆਂ ਦੇ ਦਾਖਲੇ ਰੋਕਣ ਵਾਲੀ ਇਕ ਕਾਲਜ ਦੀ ਪ੍ਰਿੰਸੀਪਲ ਖਿਲਾਫ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪਿੰਡ ਡਾਲਾ 'ਚ ਪ੍ਰਦਰਸ਼ਨ ਕਰਨ ਉਪਰੰਤ ਪ੍ਰਿੰਸੀਪਲ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲਾ ਕਨਵੀਨਰ ਮੋਹਨ ਸਿੰਘ ਔਲਖ ਨੇ ਕਿਹਾ ਕਿ ਪ੍ਰਿੰਸੀਪਲ ਦੇ ਅੜੀਅਲ ਰਵੱਈਏ ਤੋਂ ਵਿਦਿਆਰਥੀ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਦਲਿਤ ਵਿਦਿਆਰਥੀ ਜਿਨ੍ਹਾਂ 'ਚ 90 ਫੀਸਦੀ ਲੜਕੀਆਂ ਸ਼ਾਮਲ ਹਨ, ਦੇ ਦਾਖਲ ਰੋਕ ਕੇ ਪ੍ਰਿੰਸੀਪਲ ਨੇ ਵੱਡੀ ਭੁੱਲ ਕੀਤੀ ਹੈ।
ਉਨ੍ਹਾਂ ਮੰਗ ਕੀਤੀ ਕਿ ਪ੍ਰਿੰਸੀਪਲ ਖਿਲਾਫ ਐੱਸ. ਸੀ./ਐੱਸ. ਟੀ. ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 27 ਜੁਲਾਈ ਨੂੰ ਡੀ. ਸੀ. ਦਫਤਰ, ਮੋਗਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਸਮੇਂ ਸੁਮਨਦੀਪ ਕੌਰ, ਦਲਜੀਤ ਕੌਰ, ਲਵਪ੍ਰੀਤ ਕੌਰ, ਸਿਮਰਜੀਤ ਕੌਰ, ਜਸਪ੍ਰੀਤ ਕੌਰ, ਗੁਰਭੇਜ ਸਿੰਘ, ਨਿਸ਼ਾਨ ਸਿੰਘ ਆਦਿ ਮੌਜੂਦ ਸਨ।
ਧਰਮਕੋਟ, (ਸਤੀਸ਼)-ਸਥਾਨਕ ਸ਼ਹਿਰ 'ਚ ਦਲਿਤ ਵਿਦਿਆਰਥੀਆਂ ਦੇ ਦਾਖਲੇ ਰੋਕਣ ਵਾਲੀ ਮੋਗਾ ਦੇ ਕਾਲਜ ਦੀ ਪ੍ਰਿੰਸੀਪਲ ਦਾ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਪੁਤਲਾ ਫੂਕਿਆ ਗਿਆ। ਉਕਤ ਪ੍ਰਿੰਸੀਪਲ ਵੱਲੋਂ ਜਿਹੜੇ ਦਲਿਤ ਵਿਦਿਆਰਥੀਆਂ ਦੇ ਦਾਖਲੇ ਰੋਕੇ ਗਏ ਹਨ, ਉਨ੍ਹਾਂ ਵੱਲੋਂ ਆਪਣੇ-ਆਪਣੇ ਪਿੰਡ 'ਚ ਉਕਤ ਪ੍ਰਿੰਸੀਪਲ ਦੇ ਪੁਤਲੇ ਫੂਕੇ ਗਏ। ਇਸ ਮੌਕੇ ਪੀ. ਐੱਸ. ਯੂ. ਦੇ ਸੂਬਾ ਵਿੱਤ ਸਕੱਤਰ ਕਰਮਜੀਤ ਕੋਟਕਪੂਰਾ ਨੇ ਕਿਹਾ ਕਿ ਮੋਗੇ ਦਾ ਉਕਤ ਕਾਲਜ, ਜੋ ਕਿ ਗੁਰੂ ਸਾਹਿਬਾਨ ਦੇ ਵਾਕ 'ਸੋ ਕਿਉ ਮੰਦਾ ਆਖੀਏ, ਜਿਤ ਜੰਮੇ ਰਾਜਾਨ' ਨੂੰ ਹੀ ਉਕਤ ਪ੍ਰਿੰਸੀਪਲ ਅੱਖੋਂ-ਪਰੋਖੇ ਕਰ ਰਹੀ ਹੈ ਕਿਉਂਕਿ ਜਿਨ੍ਹਾਂ ਵਿਦਿਆਰਥੀਆਂ ਦਾ ਦਾਖਲਾ ਰੋਕਿਆ ਗਿਆ ਹੈ, ਉਨ੍ਹਾਂ 'ਚ 90 ਫੀਸਦੀ ਲੜਕੀਆਂ ਹਨ। ਪੀ. ਐੱਸ. ਯੂ. ਦੇ ਜ਼ਿਲਾ ਆਗੂ ਜਗਵੀਰ ਕੌਰ ਨੇ ਕਿਹਾ ਕਿ ਇਹ ਵਿਦਿਆਰਥੀ ਦਲਿਤ ਹਨ ਅਤੇ ਦੂਸਰਾ ਲੜਕੀਆਂ ਹਨ। ਇਹ ਦੋਵੇਂ ਵਰਗ ਹੀ ਸਮਾਜ 'ਚ ਲਤਾੜੇ ਹੋਏ ਹਨ, ਜਿਸ ਕਾਰਨ ਉਕਤ ਕਾਲਜ ਦੀ ਹੰਕਾਰੀ ਪ੍ਰਿੰਸੀਪਲ ਇਨ੍ਹਾਂ ਨੂੰ ਤੜਫਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਦਾਆਵਾ ਕਰ ਰਹੀ ਹੈ ਕਿ ਉਹ ਯੂਨੀਵਰਸਿਟੀ ਅਤੇ ਸਰਕਾਰ ਦੇ ਨਿਯਮਾਂ ਮੁਤਾਬਕ ਕਾਰਵਾਈ ਕਰ ਰਹੀ ਹੈ, ਜਦਕਿ ਦਾਖਲੇ ਸਮੇਂ ਫੀਸ ਮੁਆਫੀ ਸਕਾਲਰਸ਼ਿਪ ਮਿਲਣ ਦਾ ਦਾਅਵਾ ਪ੍ਰਿੰਸੀਪਲ ਨੇ ਕੀਤਾ ਸੀ ਅਤੇ 1 ਸਾਲ ਬਾਕੀ ਰਹਿਣ ਕਰ ਕੇ ਹੀ ਸਮੱਸਿਆ ਖੜ੍ਹੀ ਕੀਤੀ ਗਈ ਹੈ। ਉਨ੍ਹਾਂ ਸਮੂਹ ਇਨਸਾਫ ਪਸੰਦ ਲੋਕਾਂ, ਵਿਦਿਆਰਥੀਆਂ, ਨੌਜਵਾਨਾਂ ਨੂੰ 27 ਜੁਲਾਈ ਨੂੰ ਡੀ. ਸੀ. ਦਫਤਰ, ਮੋਗਾ ਦੇ ਬਾਹਰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਕੇਸ ਦਰਜ
NEXT STORY