ਪਟਿਆਲਾ (ਰਾਜੇਸ਼, ਜੋਸਨ) - ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈੱਡਰੇਸ਼ਨ ਦੇ ਸੱਦੇ 'ਤੇ ਫੈੱਡਰੇਸ਼ਨ ਨਾਲ ਸੰਬੰਧਿਤ ਸਰਕਾਰੀ ਅਤੇ ਅਰਧ-ਸਰਕਾਰੀ ਵਿਭਾਗਾਂ ਦੇ ਤੀਜਾ ਅਤੇ ਚੌਥਾ ਦਰਜਾ ਕਰਮਚਾਰੀਆਂ, ਜਿਸ ਵਿਚ ਕੰਟਰੈਕਟ ਦਿਹਾੜੀਦਾਰ ਅਤੇ ਪਾਰਟ-ਟਾਈਮ ਸਮੇਤ ਮਿੱਡ-ਡੇ-ਮੀਲ ਕਰਮਚਾਰੀ ਵੀ ਸ਼ਾਮਲ ਸਨ, ਨੇ ਕਾਂਗਰਸ ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਦਾ ਜ਼ੋਰਦਾਰ ਪਿੱਟ-ਸਿਆਪਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਵਿੱਤ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਅਗਸਤ ਮਹੀਨਿਆਂ ਦੀਆਂ ਰੋਕੀਆਂ ਤਨਖਾਹਾਂ ਅਤੇ ਹੋਰ ਅਦਾਇਗੀਆਂ ਵਿਰੁੱਧ ਜ਼ਿਲਾ ਖਜ਼ਾਨਾ ਦਫਤਰਾਂ ਅੱਗੇ ਵੀ ਰੈਲੀਆਂ ਕੀਤੀਆਂ ਗਈਆਂ।
ਸਵੇਰ ਤੋਂ ਹੀ ਵੱਖ-ਵੱਖ ਅਦਾਰਿਆਂ ਅਤੇ ਫੀਲਡ ਵਿੱਚੋਂ ਕਰਮਚਾਰੀ ਝੰਡਿਆਂ ਤੇ ਬੈਨਰਾਂ ਨਾਲ ਕੰਮਾਂ ਦਾ ਬਾਈਕਾਟ ਕਰ ਕੇ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਇਕੱਤਰ ਹੋਣ ਲੱਗੇ। ਦੁਪਹਿਰ ਤੱਕ ਵਿਸ਼ਾਲ ਇਕੱਠ ਵਿਚ ਵੱਡੀ ਗਿਣਤੀ 'ਚ ਔਰਤ ਮੁਲਾਜ਼ਮ ਵੀ ਸ਼ਾਮਲ ਸਨ। ਇਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਤ ਸਾਰੀਆਂ ਅਦਾਇਗੀਆਂ 5 ਹਜ਼ਾਰ ਕਰੋੜ ਰੁਪਏ ਬਣਦੀਆਂ ਹਨ, ਜੋ ਰੋਕੀਆਂ ਹੋਈਆਂ ਹਨ।ਪਟਿਆਲਾ ਦੇ ਵੱਖ-ਵੱਖ ਦਫਤਰਾਂ ਵਿਚਲੇ ਤੀਜਾ ਅਤੇ ਚੌਥਾ ਦਰਜਾ ਕਰਮਚਾਰੀਆਂ ਨੇ ਪਹਿਲਾਂ ਸਵੇਰੇ 'ਕੰਮਾਂ ਦਾ ਬਾਈਕਾਟ' ਕਰ ਕੇ ਗੇਟ ਰੈਲੀਆਂ ਕੀਤੀਆਂ। ਉਪਰੰਤ ਮਾਰਚ ਕਰਦੇ ਹੋਏ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜ ਕੇ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਖਜ਼ਾਨਾ ਦਫਤਰ ਅੱਗੇ ਸਰਕਾਰ ਦਾ ਪਿੱਟ-ਸਿਆਪਾ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿਚ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਇਸ ਵਾਰ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਕੇਂਦਰੀ ਜੀ. ਐੈੱਸ. ਟੀ. ਨਾਲ ਜੋੜ ਕੇ ਕੇਵਲ ਸਮਾਂ ਲੰਘਾ ਰਹੀ ਹੈ ਪਰ ਆਪਣੇ ਫਜ਼ੂਲ ਖਰਚੇ ਨਹੀਂ ਰੋਕ ਰਹੀ। ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਤ ਹੋਰ ਅਦਾਇਗੀਆਂ ਦਾ ਬਜਟ ਫਰਵਰੀ 2018 ਤੱਕ ਪਹਿਲਾਂ ਹੀ ਪਾਸ ਕੀਤਾ ਗਿਆ ਹੈ। ਮੁਲਾਜ਼ਮ ਆਗੂ ਮੋਹਨ ਸਿੰਘ ਨੇਗੀ, ਜਗਮੋਹਨ ਸਿੰਘ ਨੌ ਲੱਖਾ, ਨਾਰੰਗ ਸਿੰਘ ਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਖਜ਼ਾਨਾ ਦਫਤਰ ਕੇਵਲ ਸਿਫਾਰਸ਼ੀ ਤਨਖਾਹਾਂ ਪਾਸ ਕਰ ਰਹੇ ਹਨ। ਮੁਲਾਜ਼ਮ ਫੈੱਡਰੇਸ਼ਨ ਨੇ ਇੱਕ ਮੰਗ-ਪੱਤਰ ਕੇਵਲ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਤ ਪਿਛਲੇ 5 ਮਹੀਨਿਆਂ ਤੋਂ ਪਏ ਬਕਾਇਆਂ ਨੂੰ ਤੁਰੰਤ ਜਾਰੀ ਕਰਨ ਦਾ ਸਰਕਾਰ ਤੇ ਜ਼ਿਲਾ ਖਜ਼ਾਨਾ ਦਫਤਰ ਨੂੰ ਦਿੱਤਾ, ਜਿਸ ਵਿਚ ਮੰਗ ਕੀਤੀ ਗਈ ਕਿ ਜੇਕਰ ਤਨਖਾਹਾਂ ਸਮੇਤ ਸਾਰੀਆਂ ਅਦਾਇਗੀਆਂ ਤੁਰੰਤ ਨਾ ਕੀਤੀਆਂ ਗਈਆਂ ਤਾਂ ਮੁਲਾਜ਼ਮ ਅਗਲਾ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੇ। ਅੱਜ ਦੀ ਭਰਵੀਂ ਰੈਲੀ ਦੌਰਾਨ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਤੇ ਕਾਤਲਾਂ ਨੂੰ ਫਾਹੇ ਲਾਉਣ ਦੀ ਮੰਗ ਕੀਤੀ।
ਇਸ ਮੌਕੇ ਸਰਵਸ਼੍ਰੀ ਦੀਪ ਚੰਦ ਹੰਸ, ਰਾਮ ਲਾਲ ਰਾਮਾ, ਰਾਮ ਕਿਸ਼ਨ, ਕੇਸਰ ਸਿੰਘ ਸੈਣੀ, ਸੂਰਜਪਾਲ ਯਾਦਵ, ਜੋਗਾ ਸਿੰਘ, ਜਗਤਾਰ ਲਾਲ, ਦਰਸ਼ਨ ਸਿੰਘ ਘੱਗਾ ਆਦਿ ਹੋਰ ਵੀ ਮੈਂਬਰ ਹਾਜ਼ਰ ਸਨ।
75 ਹਜ਼ਾਰ ਰੁਪਏ ਦੇ ਨਸ਼ੀਲੇ ਟੀਕਿਆਂ ਸਮੇਤ ਤਿੰਨ ਨੌਜਵਾਨ ਚੜ੍ਹੇ ਪੁਲਸ ਅੜ੍ਹਿੱਕੇ
NEXT STORY