ਚੰਡੀਗੜ੍ਹ (ਭੁੱਲਰ) : ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਸੋਮਵਾਰ ਨੂੰ ਬਜਟ ਪੇਸ਼ ਕਰਨ ਸਮੇਂ ਜਿਸ ਤਰ੍ਹਾਂ ਦਾ ਹੰਗਾਮਾ ਹੋਇਆ, ਇਸ ਤਰ੍ਹਾਂ ਦਾ ਸ਼ਾਇਦ ਬਜਟ ਸਮੇਂ ਪਹਿਲਾਂ ਕਦੇ ਨਹੀਂ ਹੋਇਆ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪੁਲਵਾਮਾ ਹਮਲੇ ਸਬੰਧੀ ਕੀਤੀ ਗਈ ਟਿੱਪਣੀ ਨੂੰ ਲੈ ਕੇ ਅਕਾਲੀ-ਭਾਜਪਾ ਮੈਂਬਰਾਂ ਵਲੋਂ ਕੀਤੇ ਜਾ ਰਹੇ ਹੰਗਾਮੇ ਦੇ ਦਰਮਿਆਨ ਕਾਂਗਰਸੀ ਤੇ ਅਕਾਲੀ ਵਿਧਾਇਕਾਂ ਵਿਚਾਲੇ ਸਥਿਤੀ ਹੱਥੋਪਾਈ ਤੱਕ ਪਹੁੰਚ ਗਈ ਪਰ ਸਪੀਕਰ ਨੇ ਆਖਰੀ ਮੌਕੇ ਸਥਿਤੀ ਨੂੰ ਭਾਂਪਦਿਆਂ ਦਖਲ ਦੇ ਕੇ ਟਕਰਾਅ ਟਾਲਿਆ ਅਤੇ ਬਜਟ ਦੌਰਾਨ ਹੀ ਸਭਾ ਦੀ ਕਾਰਵਾਈ ਵਿਚ ਹੀ ਮੁਲਤਵੀ ਕਰ ਦਿੱਤੀ।
ਸਿੱਧੂ ਨੇ ਸੈਸ਼ਨ ਦੌਰਾਨ ਪਿਛਲੇ ਦਿਨਾਂ ਦੀ ਕਾਰਵਾਈ ਸਮੇਂ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਸੀ, ਜਿਸ ਤੋਂ ਸਭ ਹੈਰਾਨ ਸਨ ਕਿ ਇਸ ਵਾਰ ਉਹ ਕਿਉਂ ਸ਼ਾਂਤ ਬੈਠੇ ਹਨ ਪਰ ਅੱਜ ਸਿੱਧੂ ਫਿਰ ਆਪਣੇ ਪੁਰਾਣੇ ਰੌਅ ਵਿਚ ਆ ਗਏ ਅਤੇ ਮਜੀਠੀਆ ਅਤੇ ਹੋਰ ਅਕਾਲੀ ਮੈਂਬਰਾਂ ਵਲੋਂ ਪੁਲਵਾਮਾ ਦੇ ਮੁੱਦੇ 'ਤੇ ਉਨ੍ਹਾਂ ਖਿਲਾਫ਼ ਕੀਤੀ ਜਾ ਰਹੀ ਨਾਅਰੇਬਾਜ਼ੀ ਤੇ ਸ਼ੋਰ ਸ਼ਰਾਬੇ ਕਾਰਨ ਇਕਦਮ ਭੜਕ ਉਠੇ। ਉਨ੍ਹਾਂ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਤਿੱਖੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ।
ਆਪਣੇ ਸਾਥੀ ਮੰਤਰੀਆਂ 'ਤੇ ਵੀ ਵਰ੍ਹੇ ਸਿੱਧੂ
ਸਿੱਧੂ ਇੰਨੇ ਗੁੱਸੇ 'ਚ ਸਨ ਕਿ ਆਪਣੇ ਸਾਥੀ ਮੰਤਰੀਆਂ ਤੱਕ ਨੂੰ ਵੀ ਸਿੱਧੇ ਤੌਰ 'ਤੇ ਹੀ ਵਰ੍ਹ ਗਏ। ਸਿੱਧੂ ਦੇ ਰੁਖ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਵੀ ਦਖਲ ਦੇਣਾ ਵਾਜਿਬ ਨਹੀਂ ਸਮਝਿਆ ਅਤੇ ਚੁੱਪ-ਚਾਪ ਸਭ ਕੁੱਝ ਦੇਖਦੇ ਤੇ ਸੁਣਦੇ ਰਹੇ ਪਰ ਸਪੀਕਰ ਦੀਆਂ ਅਪੀਲਾਂ ਦਾ ਸਿੱਧੂ 'ਤੇ ਕੋਈ ਵੀ ਅਸਰ ਦਿਖਾਈ ਨਹੀਂ ਸੀ ਦੇ ਰਿਹਾ। ਸਿੱਧੂ ਨੂੰ ਉਸ ਦੇ ਸਾਥੀ ਮੰਤਰੀ ਓ.ਪੀ. ਸੋਨੀ ਨੇ ਦੋ ਵਾਰ ਸ਼ਾਂਤ ਕਰਨ ਅਤੇ ਸੀਟ 'ਤੇ ਬੈਠਣ ਦੀ ਅਪੀਲ ਕੀਤੀ ਅਤੇ ਇਸੇ ਤਰ੍ਹਾਂ ਤ੍ਰਿਪਤ ਬਾਜਵਾ ਤੇ ਕੁੱਝ ਹੋਰ ਮੈਂਬਰਾਂ ਨੇ ਵੀ ਯਤਨ ਕੀਤਾ ਪਰ ਸਿੱਧੂ ਨੇ ਉਨ੍ਹਾਂ 'ਤੇ ਵੀ ਦੋਸ਼ ਮੜ੍ਹਦਿਆਂ ਸਦਨ 'ਚ ਕਿਹਾ ਕਿ ਤੁਸੀਂ ਵੀ ਇਨ੍ਹਾਂ (ਅਕਾਲੀਆਂ) ਨਾਲ ਮਿਲੇ ਹੋਏ ਹੋ।
ਕੈਬਨਿਟ ਮੰਤਰੀ ਬਲਵੀਰ ਸਿੱਧੂ, ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ ਨੇ ਵੀ ਨਵਜੋਤ ਸਿੱਧੂ ਦਾ ਸਾਥ ਦਿੱਤਾ ਅਤੇ ਕੁਲਜੀਤ ਨਾਗਰਾ, ਗੁਰਪ੍ਰੀਤ ਜੀਪੀ, ਰਾਜਾ ਵੜਿੰਗ ਤੇ ਕਈ ਹੋਰ ਵਿਧਾਇਕ ਵੀ ਸਿੱਧੂ ਦੀ ਹਿਮਾਇਤ 'ਚ ਉਠ ਕੇ ਖੜ੍ਹੇ ਹੋ ਗਏ। ਅਕਾਲੀ ਤੇ ਕਾਂਗਰਸੀ ਮੈਂਬਰਾਂ ਵਿਚਕਾਰ ਕੁੱਝ ਹੀ ਕਦਮਾਂ ਦਾ ਫਾਸਲਾ ਸੀ ਤੇ ਇਕ ਦੂਜੇ ਦਾ ਗਲਾ ਫੜ੍ਹਨ ਵਾਲੀ ਸਥਿਤੀ ਬਣ ਚੁੱਕੀ ਸੀ। ਸੁਖਜਿੰਦਰ ਰੰਧਾਵਾ ਵੀ ਬਾਹਾਂ ਉਲਾਰ ਉਲਾਰ ਕੇ ਮਜੀਠੀਆ ਨੂੰ ਅੱਗੇ ਆਉਣ ਦੀ ਚੁਣੌਤੀ ਦੇ ਰਹੇ ਸਨ। ਉਨ੍ਹਾਂ ਨੇ ਵੀ ਆਪਣੀ ਸਰਕਾਰ 'ਤੇ ਹੀ ਸਵਾਲ ਉਠਾਉਂਦਿਆਂ ਗੁੱਸੇ ਵਿਚ ਕਹਿ ਦਿੱਤਾ ਕਿ ਸਾਡੀ ਸਰਕਾਰ ਹੀ ਨਿਕੰਮੀ ਹੈ, ਨਹੀਂ ਤਾਂ ਮਜੀਠੀਆ ਵਰਗਿਆਂ ਦੀ ਹਿੰਮਤ ਨਹੀਂ ਸੀ ਪੈਣੀ ਇਸ ਤਰ੍ਹਾਂ ਬੋਲਣ ਦੀ।
ਬੈਂਸ ਭਰਾਵਾਂ ਤੇ 'ਆਪ' ਨੇ ਵੀ ਸਿੱਧੂ ਨੂੰ ਦਿੱਤੀ ਹੱਲਾਸ਼ੇਰੀ
ਇਹ ਗੱਲ ਵੀ ਜ਼ਿਕਰਯੋਗ ਹੈ ਕਿ ਸਿੱਧੂ ਤੇ ਹੋਰ ਕਾਂਗਰਸੀ ਮੈਂਬਰ ਜਦੋਂ ਮਜੀਠੀਆ ਤੇ ਹੋਰ ਅਕਾਲੀ ਮੈਂਬਰਾਂ 'ਤੇ ਹਮਲਾਵਰ ਹੋ ਰਹੇ ਸਨ ਤਾਂ ਲੋਕ ਇਨਸਾਫ਼ ਪਾਰਟੀ ਦੇ ਮੈਂਬਰਾਂ ਸਿਮਰਜੀਤ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਵੀ ਇਨ੍ਹਾਂ ਕਾਂਗਰਸੀ ਮੈਂਬਰਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਆਮ ਆਦਮੀ ਪਾਰਟੀ ਦੇ ਕਈ ਮੈਂਬਰ ਵੀ ਸਿੱਧੂ ਦੇ ਸਮਰਥਨ 'ਚ ਖੜ੍ਹੇ ਹੋ ਗਏ ਸਨ। ਸ਼ੋਰ ਸ਼ਰਾਬੇ ਦੌਰਾਨ ਕੁੱਝ ਮੈਂਬਰ ਤਾਂ ਮਜੀਠੀਆ ਨੂੰ ਲੰਬਾ ਪਾਉਣ ਦੀਆਂ ਗੱਲਾਂ ਕਰ ਰਹੇ ਸਨ। ਜਦੋਂ ਸਪੀਕਰ ਦੇ ਵਾਰ-ਵਾਰ ਦਖਲ ਦੇਣ 'ਤੇ ਅਕਾਲੀ ਮੈਂਬਰ ਸਦਨ 'ਚ ਸ਼ੋਰ ਸ਼ਰਾਬਾ ਤੇ ਹੰਗਾਮਾ ਕਰਨ ਤੋਂ ਨਾ ਹਟੇ ਤਾਂ ਉਨ੍ਹਾਂ ਕਿਹਾ ਕਿ ਬਜਟ ਵਿਚ ਵਿਘਨ ਪਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਉਨ੍ਹਾਂ ਸਦਨ 'ਚ ਮੌਜੂਦ ਅਕਾਲੀ-ਭਾਜਪਾ ਮੈਂਬਰਾਂ ਨੂੰ ਪੂਰੇ ਦਿਨ ਲਈ ਸਦਨ 'ਚੋਂ ਬਾਹਰ ਕਰਨ ਦਾ ਐਲਾਨ ਕਰਦਿਆਂ ਮਾਰਸ਼ਲਾਂ ਨੂੰ ਕਾਰਵਾਈ ਦੇ ਹੁਕਮ ਦਿੱਤੇ। ਮਾਰਸ਼ਲਾਂ ਨੇ ਪੁਜ਼ਿਸ਼ਨਾਂ ਹੀ ਲਈਆਂ ਸਨ ਕਿ ਜ਼ਬਰਦਸਤੀ ਬਾਹਰ ਸੁੱਟੇ ਜਾਣ ਦੀ ਸਥਿਤੀ ਨੂੰ ਭਾਂਪਦਿਆਂ ਮਜੀਠੀਆ ਤੇ ਅਕਾਲੀ ਭਾਜਪਾ ਮੈਂਬਰ ਖੁਦ ਵੀ ਬਾਹਰ ਵੱਲ ਚਾਲੇ ਪਾ ਗਏ ਤੇ ਇਸੇ ਦੌਰਾਨ ਹੀ ਸਪੀਕਰ ਨੇ ਕੁੱਝ ਸਮੇਂ ਲਈ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਜਿਸ ਨਾਲ ਇਕ ਦੂਜੇ ਦੀਆਂ ਪੱਗਾਂ ਉਛਾਲਣ ਤੇ ਕੁੱਟਮਾਰ ਦੀ ਸਥਿਤੀ ਪੈਦਾ ਹੋਣੋ ਬਚ ਗਈ।
ਸਾਨੂੰ ਸ਼ਰਮ ਆਉਂਦੀ ਹੈ ਮਜੀਠੀਆ ਖੁੱਲ੍ਹਾ ਤੁਰਿਆ ਫਿਰਦੈ : ਰੰਧਾਵਾ
NEXT STORY