ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਪੈਂਦੇ ਸਰੀ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਮਗਰੋਂ ਜਾਂਚ ਏਜੰਸੀ ਇੰਟੀਗ੍ਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਕੇਸ ਦੀ ਅਗਲੇਰੀ ਜਾਂਚ ਲਈ ਮ੍ਰਿਤਕ ਦੀ ਪਛਾਣ ਜਾਰੀ ਕਰ ਦਿੱਤੀ ਹੈ, ਜੋ ਕਿ ਚਿਲੀਵੈਕ ਵਾਸੀ 26 ਸਾਲਾ ਜਸਕਰਨ ਸਿੰਘ ਬੜਿੰਗ ਹੈ।
ਪੁਲਸ ਨੂੰ ਰਾਤ ਕਰੀਬ 11:40 ਵਜੇ 152 ਸਟ੍ਰੀਟ 'ਤੇ 104 ਐਵੇਨਿਊ ਨੇੜੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਜਸਕਰਨ ਬੜਿੰਗ ਗੰਭੀਰ ਰੂਪ ਵਿੱਚ ਜ਼ਖਮੀ ਹਾਲਤ ਵਿੱਚ ਮਿਲਿਆ। ਮੌਕੇ 'ਤੇ ਐਮਰਜੈਂਸੀ ਮੈਡੀਕਲ ਸਹਾਇਤਾ ਦੇਣ ਦੇ ਬਾਵਜੂਦ, ਉਸ ਦੀ ਜਾਨ ਨਹੀਂ ਬਚਾਈ ਜਾ ਸਕੀ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ।
IHIT ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਇੰਝ ਜਾਪਦਾ ਹੈ ਕਿ ਇਹ ਵਾਰਦਾਤ ਨਿਸ਼ਾਨਾ ਮਿੱਥ ਕੇ ਕੀਤੀ ਗਈ ਸੀ ਅਤੇ ਇਸ ਦਾ ਸਬੰਧ ਖੇਤਰ ਵਿੱਚ ਸੰਗਠਿਤ ਅਪਰਾਧਿਕ ਗਤੀਵਿਧੀ ਨਾਲ ਵੀ ਹੋ ਸਕਦਾ ਹੈ। ਪੁਲਸ ਨੇ ਨੋਟ ਕੀਤਾ ਹੈ ਕਿ ਬੜਿੰਗ ਦਾ ਪਹਿਲਾਂ ਵੀ ਪੁਲਸ ਨਾਲ ਸੰਪਰਕ ਹੋ ਚੁੱਕਾ ਹੈ ਤੇ ਮੰਨਿਆ ਜਾਂਦਾ ਹੈ ਕਿ ਉਸ ਦੇ ਨਸ਼ਾ ਤਸਕਰੀ ਨਾਲ ਵੀ ਡੂੰਘੇ ਸਬੰਧ ਸਨ।
ਇਸ ਹਮਲੇ ਤੋਂ ਲਗਭਗ 15 ਮਿੰਟ ਬਾਅਦ ਪੁਲਸ ਨੂੰ 136 ਸਟ੍ਰੀਟ ਅਤੇ 115 ਐਵੇਨਿਊ ਦੇ ਨੇੜੇ ਇੱਕ ਸੜਦਾ ਹੋਇਆ ਡੌਜ ਰੈਮ ਪਿਕਅੱਪ ਟਰੱਕ ਮਿਲਿਆ, ਜਿਸ ਨੂੰ ਉਕਤ ਕਤਲ ਦੀ ਵਾਰਦਾਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਵਾਰਦਾਤ ਮਗਰੋਂ ਪੁਲਸ ਨੇ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮਾਂ ਦੀ ਭਾਲ ਲਈ ਵੀ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ।
ਪੰਜਾਬ ਦੇ ਪੈਨਸ਼ਨਧਾਰਕਾਂ ਲਈ ਬੇਹੱਦ ਜ਼ਰੂਰੀ ਖ਼ਬਰ, ਨਵੇਂ ਹੁਕਮ ਹੋ ਗਏ ਜਾਰੀ
NEXT STORY