ਮਾਛੀਵਾੜਾ ਸਾਹਿਬ (ਟੱਕਰ) : ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ ਨੂੰ ਮਾਛੀਵਾੜਾ ਦੇ ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਸਿਕੰਦਰਪੁਰ ਵਿਖੇ ਕਿਸਾਨ ਗਮਦੂਰ ਸਿੰਘ ਦੇ ਨੌਕਰ ਜਸਵੀਰ ਸਿੰਘ ਬੱਬੂ (35) ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਮਾਛੀਵਾੜਾ ਪੁਲਸ ਨੇ ਕੁੱਝ ਹੀ ਦਿਨਾਂ 'ਚ ਸੁਲਝਾ ਦਿੱਤੀ ਹੈ ਅਤੇ ਇਸ ਪੰਜਾਬੀ ਨੌਕਰ ਨੂੰ ਮਾਰਨ ਵਾਲਾ ਬਿਹਾਰੀ ਮਜ਼ਦੂਰ ਹੀ ਨਿਕਲਿਆ।
ਪੁਲਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ ਧਰੁਵ ਦਹੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਕ ਜਨਵਰੀ ਨੂੰ ਕਿਸਾਨ ਗਮਦੂਰ ਸਿੰਘ ਦੇ ਨੌਕਰ ਜਸਵੀਰ ਸਿੰਘ ਬੱਬੂ ਦੀ ਲਾਸ਼ ਪਿੰਡ ਸਿਕੰਦਰਪੁਰ ਵਿਖੇ ਖੇਤਾਂ 'ਚ ਸੜਕ ਕਿਨਾਰੇ ਬਣੇ ਪਾਣੀ ਵਾਲੇ ਚੁਬੱਚੇ 'ਚ ਪਈ ਮਿਲੀ। ਮਾਛੀਵਾੜਾ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ। ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਪੁਲਸ ਜਿਲ੍ਹਾ ਖੰਨਾ ਦੇ ਐਸ. ਪੀ. ਡੀ ਜਸਵੀਰ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਗਠਿਤ ਕੀਤੀ ਗਈ, ਜਿਸ 'ਚ ਡੀ. ਐਸ. ਪੀ ਸਮਰਾਲਾ ਹਰਸਿਮਰਤ ਸਿੰਘ ਛੇਤਰਾ, ਡੀ. ਐਸ. ਪੀ ਜਗਵਿੰਦਰ ਸਿੰਘ ਚੀਮਾ, ਇੰਸਪੈਕਟਰ ਬਲਜਿੰਦਰ ਸਿੰਘ ਤੇ ਇੰਸਪੈਕਟਰ ਹਰਵਿੰਦਰ ਸਿੰਘ ਨੇ ਸਖ਼ਤ ਮਿਹਨਤ ਕਰਦਿਆਂ ਇਸ ਮਾਮਲੇ ਨੂੰ ਸੁਲਝਾਉਂਦਿਆਂ ਸੁਮਨ ਸ਼ਾਹ ਵਾਸੀ ਪਿੰਡ ਪੱਪਰਾਂ ਜਿਲ੍ਹਾ ਸੀਤਾਮੜੀ (ਬਿਹਾਰ) ਹਾਲ ਵਾਸੀ ਰਾਜੇਵਾਲ-ਰਾਜਪੂਤਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਮ੍ਰਿਤਕ ਜਸਵੀਰ ਸਿੰਘ ਆਪਣੇ ਮਾਲਕ ਕਿਸਾਨ ਗਮਦੂਰ ਸਿੰਘ ਦੇ ਫਾਰਮ ਹਾਊਸ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਦੇਖ-ਰੇਖ ਕਰਦਾ ਸੀ ਅਤੇ ਸੁਮਨ ਸ਼ਾਹ ਵੀ ਖੇਤਾਂ 'ਚ ਕਦੇ-ਕਦੇ ਦਿਹਾੜੀ 'ਤੇ ਕੰਮ ਕਰਨ ਆ ਜਾਂਦਾ ਸੀ। 31 ਦਸੰਬਰ 2018 ਨੂੰ ਵੀ ਪ੍ਰਵਾਸੀ ਮਜ਼ਦੂਰ ਸੁਮਨ ਸ਼ਾਹ ਖੇਤਾਂ 'ਚ ਲੱਗੇ ਮਟਰ ਤੋੜਨ ਲਈ ਮਜ਼ਦੂਰੀ ਕਰਨ ਆਇਆ ਸੀ ਅਤੇ ਉਸੇ ਦਿਨ ਸ਼ਾਮ ਨੂੰ ਉਹ ਘਰ ਵਾਪਿਸ ਚਲਾ ਗਿਆ। ਦੇਰ ਸ਼ਾਮ ਮ੍ਰਿਤਕ ਜਸਵੀਰ ਸਿੰਘ ਆਪਣੇ ਮੋਟਰਸਾਈਕਲ ਰਾਹੀਂ ਸੁਮਨ ਸ਼ਾਹ ਦੇ ਘਰ ਚਲਾ ਗਿਆ ਅਤੇ ਉਥੇ ਦੋਵਾਂ ਨੇ ਬੈਠ ਕੇ ਸ਼ਰਾਬ ਪੀਤੀ। ਜਸਵੀਰ ਸਿੰਘ ਕਾਫ਼ੀ ਸ਼ਰਾਬੀ ਹਾਲਤ 'ਚ ਹੋ ਗਿਆ ਜਿਸ 'ਤੇ ਪ੍ਰਵਾਸੀ ਮਜ਼ਦੂਰ ਸੁਮਨ ਸ਼ਾਹ ਰਾਤ ਨੂੰ ਕਰੀਬ 10.30 ਵਜੇ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਸਿਕੰਦਰਪੁਰ ਫਾਰਮ ਹਾਊਸ 'ਤੇ ਛੱਡਣ ਲਈ ਆ ਗਿਆ। ਇੱਥੇ ਦੋਵਾਂ ਵਿਚ ਫਿਰ ਤਕਰਾਰਬਾਜ਼ੀ ਹੋਈ ਅਤੇ ਜਸਵੀਰ ਸਿੰਘ ਨੇ ਪ੍ਰਵਾਸੀ ਮਜ਼ਦੂਰ ਸੁਮਨ ਸ਼ਾਹ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸ਼ਰਾਬੀ ਹਾਲਤ 'ਚ ਜਸਵੀਰ ਸਿੰਘ ਤੋਂ ਖਹਿੜਾ ਛੁਡਾਉਣ ਲਈ ਸੁਮਨ ਸ਼ਾਹ ਸੜਕ 'ਤੇ ਪੈਦਲ ਹੀ ਰਾਤ ਨੂੰ ਆਪਣੇ ਘਰ ਵੱਲ ਜਾਣ ਲੱਗਾ ਤਾਂ ਫਿਰ ਪਿੱਛੋਂ ਮੋਟਰਸਾਈਕਲ 'ਤੇ ਆ ਕੇ ਉਸ ਨਾਲ ਜਸਵੀਰ ਸਿੰਘ ਨੇ ਹੱਥੋਪਾਈ ਕੀਤੀ ਅਤੇ ਉਸਦੇ ਚਪੇੜਾਂ ਵੀ ਮਾਰੀਆਂ। ਇਹ ਦੋਵੇਂ ਲੜਦੇ ਹੋਏ ਸੜਕ ਕਿਨਾਰੇ ਬਣੇ ਹਾਦਸੇ ਵਾਲੀ ਥਾਂ ਪਾਣੀ ਵਾਲੇ ਚੁਬੱਚੇ ਕੋਲ ਪਹੁੰਚ ਗਏ ਜਿੱਥੇ ਸੁਮਨ ਸ਼ਾਹ ਨੇ ਜਸਵੀਰ ਸਿੰਘ ਨੂੰ ਸ਼ਰਾਬੀ ਹਾਲਤ 'ਚ ਧੱਕਾ ਮਾਰ ਦਿੱਤਾ ਜਿਸ ਕਾਰਨ ਉਸਦਾ ਸਿਰ ਚੁਬੱਚੇ ਦੀ ਕੰਧ 'ਚ ਵੱਜਿਆ ਅਤੇ ਉਸਦੇ ਸਿਰ 'ਚ ਸੱਟ ਲੱਗੀ ਤੇ ਖੂਨ ਵਗਣ ਲੱਗ ਪਿਆ। ਕਥਿਤ ਕਾਤਲ ਸੁਮਨ ਸ਼ਾਹ ਨੇ ਜਸਵੀਰ ਸਿੰਘ ਨੂੰ ਜਖ਼ਮੀ ਹਾਲਤ 'ਚ ਪਾਣੀ ਵਾਲੇ ਚੁਬੱਚੇ 'ਚ ਸੁੱਟ ਦਿੱਤਾ ਅਤੇ ਸ਼ਰਾਬੀ ਹਾਲਤ ਵਿਚ ਉਹ ਬਾਹਰ ਨਾ ਨਿਕਲ ਸਕਿਆ ਤੇ ਉਸਦੀ ਮੌਤ ਹੋ ਗਈ।
ਕਥਿਤ ਦੋਸ਼ੀ ਕਿਵੇਂ ਆਇਆ ਪੁਲਿਸ ਦੀ ਗ੍ਰਿਫ਼ਤ 'ਚ
ਕਿਸਾਨ ਦੇ ਪੰਜਾਬੀ ਨੌਕਰ ਜਸਵੀਰ ਸਿੰਘ ਨੂੰ ਕਤਲ ਕਰਨ ਵਾਲਾ ਕਥਿਤ ਦੋਸ਼ੀ ਬਿਹਾਰੀ ਮਜ਼ਦੂਰ ਸੁਮਨ ਸ਼ਾਹ ਬੜੀ ਮੁਸ਼ਕਿਲ ਨਾਲ ਪੁਲਿਸ ਹੱਥੇ ਚੜਿਆ। ਜਦੋਂ ਪੁਲਿਸ ਜਾਂਚ ਕਰ ਰਹੀ ਸੀ ਕਿ ਜਸਵੀਰ ਸਿੰਘ ਦੇ ਕਤਲ ਵਾਲੀ ਰਾਤ ਉਸ ਨੂੰ ਕੌਣ-ਕੌਣ ਮਿਲਿਆ ਤਾਂ ਬਿਹਾਰੀ ਮਜ਼ਦੂਰ ਸੁਮਨ ਸ਼ਾਹ ਦਾ ਨਾਮ ਸਾਹਮਣੇ ਆਇਆ। ਸ਼ੱਕ ਦੇ ਅਧਾਰ 'ਤੇ ਪੁਲਿਸ ਨੇ ਇਸ ਨੂੰ ਜਾਂਚ ਲਈ ਹਿਰਾਸਤ 'ਚ ਲਿਆ। ਪਹਿਲਾਂ ਤਾਂ ਇਹ ਕਤਲ ਤੋਂ ਆਨਾਕਾਨੀ ਕਰਦਾ ਰਿਹਾ ਅਤੇ ਜਦੋਂ ਪੁਲਿਸ ਨੇ ਹੋਰ ਸਬੂਤ ਤੇ ਸਖਤੀ ਵਰਤੀ ਤਾਂ ਉਸਨੇ ਦੱਸਿਆ ਕਿ ਜਸਵੀਰ ਸਿੰਘ ਨੂੰ ਕਤਲ ਕਰਨ ਦਾ ਉਸਦਾ ਕੋਈ ਇਰਾਦਾ ਨਹੀਂ ਸੀ ਉਹ ਦੋਵੇਂ ਹੀ ਸ਼ਰਾਬੀ ਹਾਲਤ ਵਿਚ ਸਨ ਅਤੇ ਜਸਵੀਰ ਸਿੰਘ ਉਸਦੀ ਵਾਰ-ਵਾਰ ਕੁੱਟਮਾਰ ਕਰ ਜਲੀਲ ਕਰ ਰਿਹਾ ਸੀ ਅਤੇ ਜ਼ੋਰ ਨਾਲ ਵੱਜੇ ਧੱਕੇ ਨਾਲ ਉਸਦਾ ਸਿਰ ਚੁਬੱਚੇ ਦੀ ਕੰਧ ਨਾਲ ਜਾ ਵੱਜਾ ਤੇ ਉਸਨੇ ਘਬਰਾ ਕੇ ਜਸਵੀਰ ਸਿੰਘ ਨੂੰ ਚੁਬੱਚੇ ਵਿਚ ਸੁੱਟ ਦਿੱਤਾ ਅਤੇ ਉਹ ਮਰ ਗਿਆ।
ਭਗਵੰਤ ਨੂੰ ਖਹਿਰਾ ਦਾ ਜਵਾਬ, ਕੇਜਰੀਵਾਲ ਕਰਕੇ ਨਹੀਂ ਮੇਰੇ ਕੰਮ ਕਰਕੇ ਮੈਨੂੰ ਪਈਆਂ ਵੋਟਾਂ
NEXT STORY