ਸਰਕਾਰੀ ਨੋਟੀਫਿਕੇਸ਼ਨ ਸਿਰਫ ਹਿੰਦੀ ਤੇ ਅੰਗਰੇਜ਼ੀ 'ਚ
ਬਠਿੰਡਾ(ਬਲਵਿੰਦਰ)- ਅਜੇ ਸੜਕਾਂ 'ਤੇ ਲੱਗੇ ਸਾਈਨ ਬੋਰਡਾਂ 'ਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਤਿਕਾਰ ਨਾ ਮਿਲਣ ਦਾ ਵਿਵਾਦ ਖਤਮ ਨਹੀਂ ਹੋਇਆ ਕਿ ਇਕ ਹੋਰ ਵਿਵਾਦ ਮੂੰਹ ਪਾੜ ਕੇ ਖੜ੍ਹਾ ਹੈ। ਉਹ ਇਹ ਕਿ ਪੰਜਾਬ ਦੇ ਟੋਲ ਨਾਕਿਆਂ 'ਤੇ ਵੀ ਪੰਜਾਬੀ ਦਾ ਅਪਮਾਨ ਹੋ ਰਿਹਾ ਹੈ ਕਿਉਂਕਿ ਸਾਰੇ ਨੋਟੀਫਿਕੇਸ਼ਨ ਹਿੰਦੀ ਜਾਂ ਅੰਗਰੇਜ਼ੀ ਵਿਚ ਲੱਗੇ ਹੋਏ ਹਨ। ਪੰਜਾਬੀ ਨੂੰ ਟੋਲ ਨਾਕਿਆਂ 'ਤੇ ਨਹੀਂ ਮਿਲੀ ਥਾਂ : ਟੋਲ ਨਾਕਿਆਂ 'ਤੇ ਜ਼ਰੂਰੀ ਨੋਟੀਫਿਕੇਸ਼ਨ ਲਾਏ ਜਾਂਦੇ ਹਨ, ਜਿਨ੍ਹਾਂ 'ਚ ਨਿਯਮਾਂ ਦੀ ਜਾਣਕਾਰੀ, ਟੋਲ ਅਤੇ ਕਿਸ-ਕਿਸ ਵਿਅਕਤੀ ਵਿਸ਼ੇਸ਼ ਜਾਂ ਵਾਹਨ ਨੂੰ ਛੋਟ ਹੈ, ਆਦਿ ਬਾਰੇ ਦੱਸਿਆ ਹੁੰਦਾ ਹੈ। ਸੁਭਾਵਿਕ ਹੈ ਕਿ ਇਨ੍ਹਾਂ ਨੋਟੀਫਿਕੇਸ਼ਨਾਂ ਦਾ ਮੰਤਵ ਉੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਸਾਰੀ ਜਾਣਕਾਰੀ ਦੇਣਾ ਹੁੰਦਾ ਹੈ। ਇਸ ਲਈ ਇਹ ਨੋਟੀਫਿਕੇਸ਼ਨ ਖੇਤਰੀ ਭਾਸ਼ਾ 'ਚ ਹੀ ਲਿਖੇ ਜਾਂਦੇ ਹਨ। ਹੋਰ ਤਾਂ ਹੋਰ ਪਿਛਲੀ ਅਕਾਲੀ-ਭਾਜਪਾ ਸਰਕਾਰ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਚੁੱਕੀ ਹੈ ਕਿ ਸਾਰੇ ਸਰਕਾਰੀ ਵਿਭਾਗਾਂ, ਅਦਾਲਤਾਂ ਆਦਿ ਦੇ ਕਾਰਜਾਂ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਮਾਂ ਬੋਲੀ 'ਪੰਜਾਬੀ' ਨੂੰ ਬਣਦਾ ਮਾਣ-ਸਤਿਕਾਰ ਮਿਲ ਸਕੇ ਪਰ ਟੋਲ ਨਾਕਿਆਂ 'ਤੇ ਪੰਜਾਬੀ ਨੂੰ ਪੂਰੀ ਤਰ੍ਹਾਂ ਅਪਮਾਨਿਤ ਕਰਦੇ ਹੋਏ ਨੋਟੀਫਿਕੇਸ਼ਨ ਸਿਰਫ ਹਿੰਦੀ ਅਤੇ ਅੰਗਰੇਜ਼ੀ ਵਿਚ ਹੀ ਲਿਖੇ ਗਏ ਹਨ। ਸਾਈਨ ਬੋਰਡਾਂ 'ਤੇ ਪੰਜਾਬੀ ਨੂੰ ਤੀਸਰਾ ਸਥਾਨ ਦਿੱਤਾ ਗਿਆ ਹੈ ਪਰ ਇੱਥੇ ਤਾਂ ਪੰਜਾਬੀ ਨੂੰ ਥਾਂ ਹੀ ਨਹੀਂ ਦਿੱਤੀ ਗਈ।
ਜਿਵੇਂ ਕਿ ਬਾਜਾਖਾਨਾ ਰੋਡ 'ਤੇ ਪੈਂਦੇ ਟੋਲ ਨਾਕੇ 'ਤੇ ਕੁਝ ਬੋਰਡ ਸਿਰਫ ਹਿੰਦੀ 'ਚ ਹਨ, ਜਦਕਿ ਕੁਝ 'ਤੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਜਦਕਿ ਬਠਿੰਡਾ-ਚੰਡੀਗੜ੍ਹ ਰੋਡ ਦੇ ਰਾਮਪੁਰਾ ਨੇੜਲੇ ਟੋਲ ਨਾਕੇ 'ਤੇ ਲੱਗੇ ਸਾਈਨ ਬੋਰਡਾਂ 'ਚ ਸਿਰਫ ਅੰਗਰੇਜ਼ੀ ਦੀ ਵਰਤੋਂ ਕੀਤੀ ਗਈ ਹੈ। ਇਸੇ ਤਰ੍ਹਾਂ ਉਕਤ ਦੋਵਾਂ ਸੜਕਾਂ 'ਤੇ ਟੋਲ ਨਾਕਿਆਂ ਉਪਰ ਪੰਜਾਬੀ ਭਾਸ਼ਾ ਨੂੰ ਵਿਸਾਰਿਆ ਗਿਆ ਹੈ। ਕੰਪਨੀ ਨੂੰ ਬੋਰਡ ਬਦਲਣ ਲਈ ਕਿਹਾ ਗਿਆ ਹੈ : ਐਕਸੀਅਨ : ਸੜਕਾਂ ਬਣਾਉਣ ਨਾਲ ਸਬੰਧਤ ਵਿਭਾਗ ਸੀ. ਡਬਲਿਊ. ਡੀ. ਦੇ ਐਕਸੀਅਨ ਕੇ. ਐੱਸ. ਸੰਧੂ ਦਾ ਕਹਿਣਾ ਹੈ ਕਿ ਸਬੰਧਤ ਕੰਪਨੀ ਜੀ. ਆਰ. ਇਨਫਰਾ ਪ੍ਰਾਜੈਕਟ ਨੂੰ ਕਿਹਾ ਗਿਆ ਹੈ ਕਿ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਸਭ ਤੋਂ ਉਪਰ ਲਿਖਿਆ ਜਾਵੇ। ਟੋਲ ਨਾਕਿਆਂ ਦੇ ਬੋਰਡ ਵੀ ਕੰਪਨੀ ਵੱਲੋਂ ਛੇਤੀ ਹੀ ਬਦਲੇ ਜਾਣਗੇ, ਜਿਸ ਬਾਰੇ ਬਕਾਇਦਾ ਕਹਿ ਦਿੱਤਾ ਗਿਆ ਹੈ।
ਨਿਯਮਾਂ ਮੁਤਾਬਕ ਹੀ ਬੋਰਡ ਲੱਗੇ : ਕੰਪਨੀ ਅਧਿਕਾਰੀ : ਬਠਿੰਡਾ-ਅੰਮ੍ਰਿਤਸਰ ਰੋਡ ਦਾ ਕੰਮ ਕਰ ਰਹੀ ਕੰਪਨੀ ਜੀ. ਆਰ. ਇਨਫਰਾ ਪ੍ਰਾਜੈਕਟ ਦੇ ਵਾਈਸ ਪ੍ਰੈਜ਼ੀਡੈਂਟ ਸੁਨੀਲ ਅਗਰਵਾਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ 'ਤੇ ਨਿਯਮਾਂ ਅਨੁਸਾਰ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਾਲੇ ਨੋਟੀਫਿਕੇਸ਼ਨ ਟੋਲ ਨਾਕਿਆਂ 'ਤੇ ਲੱਗੇ ਹਨ। ਫਿਲਹਾਲ ਉਨ੍ਹਾਂ ਨੂੰ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਲਿਖਣ ਲਈ ਕਿਹਾ ਗਿਆ ਹੈ, ਜੇਕਰ ਪੰਜਾਬ ਸਰਕਾਰ ਹੁਕਮ ਜਾਰੀ ਕਰਦੀ ਹੈ ਕਿ ਸਾਈਨ ਬੋਰਡਾਂ ਦੇ ਨਾਲ-ਨਾਲ ਨੋਟੀਫਿਕੇਸ਼ਨ ਬੋਰਡ ਵੀ ਪੰਜਾਬੀ 'ਚ ਹੀ ਲਿਖੇ ਜਾਣ ਤਾਂ ਉਸ ਬਾਰੇ ਵਿਚਾਰਿਆ ਜਾ ਸਕਦਾ ਹੈ।
ਪੰਜਾਬੀ ਭਾਸ਼ਾ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਬਲਜਿੰਦਰ ਕੋਟਭਾਰਾ : ਮਾਂ ਬੋਲੀ ਸਤਿਕਾਰ ਐਕਸ਼ਨ ਕਮੇਟੀ ਦੇ ਮੁੱਖ ਬੁਲਾਰੇ ਬਲਜਿੰਦਰ ਸਿੰਘ ਬਾਗੀ ਕੋਟਭਾਰਾ ਨੇ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ਦਾ ਮੰਤਵ ਸਿਰਫ ਤੇ ਸਿਰਫ ਪੰਜਾਬੀ ਭਾਸ਼ਾ ਨੂੰ ਸਤਿਕਾਰ ਦਿਵਾਉਣਾ ਹੈ। ਇਸ ਲਈ ਮਾਂ ਬੋਲੀ 'ਪੰਜਾਬੀ' ਦਾ ਅਪਮਾਨ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਕਾਇਦਾ ਤੌਰ 'ਤੇ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਹੈ ਕਿ ਪੰਜਾਬੀ ਦੀ ਵਰਤੋਂ ਹਰ ਥਾਂ ਕੀਤੀ ਜਾਵੇ ਫਿਰ ਵੀ ਪੰਜਾਬੀ ਦਾ ਮਾਣ-ਸਤਿਕਾਰ ਨਾ ਮਿਲਣਾ, ਅਧਿਕਾਰੀਆਂ ਦੀ ਮਿਲੀਭੁਗਤ ਦਾ ਹੀ ਨਤੀਜਾ ਹੈ। ਕੰਪਨੀ ਜਾਂ ਵਿਭਾਗ ਦੇ ਅਧਿਕਾਰੀ ਪੰਜਾਬੀ ਦੀ ਵਰਤੋਂ 'ਚ ਟਾਲ-ਮਟੋਲ ਕਰ ਰਹੇ ਹਨ ਪਰ ਉਹ ਇਸ ਤਰ੍ਹਾਂ ਬਚ ਨਹੀਂ ਸਕਣਗੇ।
ਮਾਡਰਨ ਜ਼ਮਾਨੇ ਦੀ ਹੈ 105 ਸਾਲਾ ਬੇਬੇ ਜਲ ਕੌਰ
NEXT STORY