ਸ਼ਾਹਕੋਟ, (ਅਰੁਣ)-ਮੇਰਾ ਘਰਵਾਲਾ ਪੰਜਾਬੀ ਹੈ, ਕਹਿ ਕੇ ਬਠਿੰਡਾ ਵਿਚ ਆਪਣੀ ਚੋਣ ਰੈਲੀ ਦੀ ਸ਼ੁਰੂਆਤ ਕਰਨ ਵਾਲੀ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਆਪਣੀ ਛਾਪ ਬਠਿੰਡਾ ਵਾਸੀਆਂ ਉਤੇ ਬਹੁਤੀ ਨਹੀਂ ਪਾ ਸਕੀ, ਜਿਸ ਕਾਰਨ ਬਠਿੰਡਾ ਸੀਟ ਤੋਂ ਯੂਥ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਥੋਂ ਚੋਣ ਹਾਰ ਗਏ। ਬਠਿੰਡਾ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ 21772 ਵੋਟਾਂ ਰਾਜਾ ਵੜਿੰਗ ਤੋਂ ਵੱਧ ਲੈ ਕੇ ਚੋਣ ਜਿੱਤ ਗਏ। ਰਹੀ ਗੱਲ ਪ੍ਰਿਅੰਕਾ ਗਾਂਧੀ ਦੀ ਤਾਂ ਇਹ ਦੱਸ ਦਇਏ ਕਿ ਸਿਆਸਤ ਵਿਚ ਦਾਖਲੇ ਤੋਂ ਬਾਅਦ ਪੰਜਾਬ ਵਿਚ ਪ੍ਰਿਅੰਕਾ ਦੀ ਇਹ ਪਹਿਲੀ ਸਿਆਸੀ ਫੇਰੀ ਤੇ ਰੈਲੀ ਸੀ। ਜਿਸ ਨੂੰ ਸੰਬੋਧਨ ਕਰਦੇ ਹੋਏ ਉਸਨੂੰ ਆਪਣੇ ਆਪ ਨੂੰ ਪੰਜਾਬੀਆਂ ਦੀ ਨੂੰਹ ਦੱਸਦੇ ਹੋਏ, ਪੰਜਾਬ ਦੇ ਖੂਬ ਗੁਣਗਾਣ ਕੀਤੇ ਸਨ। ਪ੍ਰਿਅੰਕਾ ਨੇ ਬਠਿੰਡਾ ਦੇ ਮੰਚ ਤੋਂ ਪੰਜਾਬੀਆਂ ਨੂੰ ਕਾਂਗਰਸ ਵੱਲ ਲੁਭਾਉਣ ਦੇ ਬੇਹੱਦ ਯਤਨ ਕੀਤੇ ਪਰ ਇਹ ਸਭ ਬਠਿੰਡਾ ਵਿਚ ਫੇਲ ਸਾਬਤ ਹੋਏ। ਇਸ ਤੋਂ ਇਲਾਵਾ ਪ੍ਰਿਅੰਕਾ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਹੱਕ ਵਿਚ ਪਠਾਨਕੋਟ ਵਿਚ ਇਕ ਰੋਡ ਸ਼ੋਅ ਵੀ ਕੀਤਾ ਸੀ। ਜਿਸ ਦੌਰਾਨ ਪ੍ਰਿਅੰਕਾ ਨੇ ਉਥੇ ਵੀ ਆਪਣੀ ਪੂਰੀ ਵਾਅ ਲਗਾ ਦਿੱਤੀ। ਵੀਰਵਾਰ ਨੂੰ ਆਏ ਚੋਣ ਨਤੀਜਿਆਂ ਵਿਚ ਸੰਨੀ ਦਿਓਲ ਦਾ ਉਥੇ ਦੇ ਲੋਕਾਂ ਉਤੇ ਜਾਦੂ ਸਿਰ ਚੜ੍ਹ ਬੋਲਿਆ, ਜਿਸ ਕਾਰਨ ਸੁਨੀਲ ਜਾਖੜ ਇਥੋਂ ਚੋਣ ਮੈਦਾਨ ਵਿਚ ਚਿੱਤ ਹੋ ਗਏ। ਗੁਰਦਾਸਪੁਰ ਦੇ 558719 ਵੋਟਰਾਂ ਨੇ ਜਿੱਥੇ ਸੰਨੀ ਦਿਓਲ ਦੇ ਹੱਕ ਵਿਚ ਪੋਲਿੰਗ ਕੀਤੀ ਉਥੇ ਹੀ ਸੁਨੀਲ ਜਾਖੜ ਦੇ ਹੱਕ ਵਿਚ ਸਿਰਫ 476260 ਵੋਟਰ ਹੀ ਭੁਗਤੇ। ਜਿਸ ਕਾਰਨ ਸੁਨੀਲ ਜਾਖੜ ਨੂੰ ਹੁਣ ਪਾਰਟੀ ਦੀ ਪੰਜਾਬ ਪ੍ਰਧਾਨਗੀ ਨਾਲ ਹੀ ਸਬਰ ਕਰਨਾ ਪਵੇਗਾ।
ਇਥੇ ਜੇਕਰ ਗੱਲ ਕਰੀਏ ਪੰਜਾਬ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਤਾਂ ਸਭ ਤੋਂ ਪਹਿਲਾਂ ਦੱਸ ਦੇਈਏ ਕਿ ਪੰਜਾਬ ਵਿਚ ਪ੍ਰਿਅੰਕਾ ਗਾਂਧੀ ਨੇ ਇਕਲੀ ਨੇ ਹੀ 2 ਰੈਲੀਆਂ ਨੂੰ ਸੰਬੋਧਨ ਨਹੀਂ ਕੀਤਾ ਸੀ, ਸਗੋਂ ਉਨ੍ਹਾਂ ਨਾਲ ਸਿੱਧੂ ਵੀ ਸਨ। ਪੰਜਾਬ ਫੇਰੀ ਦੌਰਾਨ ਸਿੱਧੂ ਹਰ ਸਮੇਂ ਪ੍ਰਿਅੰਕਾ ਦੇ ਨਾਲ ਰਹੇ। ਪੂਰੇ ਪੰਜਾਬ ਵਿਚੋਂ ਸਿਰਫ 2 ਸੀਟਾਂ ਹੀ ਅਜਿਹੀਆਂ ਸਨ ਜਿਨ੍ਹਾਂ ਉਤੇ ਸਿੱਧੂ ਨੇ ਪ੍ਰਚਾਰ ਕੀਤਾ ਸੀ ਤੇ ਉਹ ਸਨ ਬਠਿੰਡਾ ਤੇ ਗੁਰਦਾਸਪੁਰ, ਜਿਥੇ ਕਾਂਗਰਸ ਹਾਰੀ।
ਹਾਰ ਤੋਂ ਬਾਅਦ ਖਹਿਰਾ ਵਲੋਂ ਅਸਤੀਫੇ ਦੀ ਪੇਸ਼ਕਸ਼, ਸਿੱਧੂ ਨੂੰ ਸੱਦਾ
NEXT STORY