ਜਲੰਧਰ (ਵੈੱਬ ਡੈਸਕ) — ਖ਼ੇਤੀ ਬਿੱਲਾਂ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਨੂੰ ਵੱਡੇ ਪੱਧਰ 'ਤੇ ਪੰਜਾਬੀ ਕਲਾਕਾਰ ਭਾਈਚਾਰੇ ਵਲੋਂ ਸਮਰਥਨ ਮਿਲ ਰਿਹਾ ਹੈ। ਪੰਜਾਬ 'ਚ ਰਹਿੰਦੇ ਅਨੇਕਾਂ ਹੀ ਕਲਾਕਾਰ ਵੱਡੇ ਪੱਧਰ 'ਤੇ ਦਿੱਲੀ ਪਹੁੰਚ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ। ਉਥੇ ਹੀ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਗਾਇਕ-ਅਦਾਕਾਰ ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਹੋ ਕੇ ਬੁੱਧੀ ਜੀਵੀਆਂ ਤੇ ਕਿਸਾਨ ਨਾਲ ਜੁੜੇ ਹਰ ਵਿਅਕਤੀ ਨੂੰ ਸਲੂਟ ਕੀਤਾ। ਉਨ੍ਹਾਂ ਨੇ ਲਾਈਵ ਹੋ ਕੇ ਕਿਹਾ 'ਮੇਰੀ ਕੋਈ ਸਿਆਸੀ ਪਾਰਟੀ ਨਹੀਂ ਅਤੇ ਨਾ ਹੀ ਕੋਈ ਜੱਥੇਬੰਦੀ ਹੈ। ਮੈਂ ਹਮੇਸ਼ਾ ਹੀ ਹੱਕ ਤੇ ਸੱਚ ਲਿਖਦਾ ਆਇਆ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਬੇਸ਼ੱਕ ਮੈਨੂੰ ਗਾਲ੍ਹਾਂ ਕੱਢ ਲਵੋ ਬਸ ਮੇਰੇ ਕੋਲੋਂ ਮੇਰੇ ਪੰਜਾਬੀ ਹੋਣ ਦਾ ਮਾਨ ਨਾਲ ਖੋਹਵੋ। ਇਹੀ ਮੇਰੀ ਸਾਰੀ ਉਮਰ ਦੀ ਕਮਾਈ ਹੈ।
ਭਾਸ਼ਾ ਵਿਵਾਦ ਬਾਰੇ ਆਖੀ ਇਹ ਗੱਲ
ਗੁਰਦਾਸ ਮਾਨ ਨੇ ਕਿਹਾ ਕਿ ਇਕ ਇੰਟਰਵਿਊ ਦੌਰਾਨ ਮੇਰੇ ਤੋਂ ਰਾਸ਼ਟਰ ਭਾਸ਼ਾ ਨਾਲ ਜੁੜਿਆ ਇਕ ਸਵਾਲ ਪੁੱਛਿਆ ਸੀ, ਜਿਸ ਦਾ ਜਵਾਬ ਮੈਂ ਸਹਿਜ 'ਚ ਦਿੰਦਿਆ ਕਿਹਾ 'ਇਕ ਦੇਸ਼ ਦੀ ਇਕ ਭਾਸ਼ਾ ਤਾਂ ਹੋਣੀ ਹੀ ਚਾਹੀਦੀ ਹੈ ਤਾਂ ਕਿ ਉਸ ਦੇਸ਼ ਦਾ ਹਰ ਵਿਅਕਤੀ ਆਸਾਨੀ ਨਾਲ ਆਪਣੇ ਦਿਲ ਦੀ ਗੱਲ ਬੇਫ਼ਿਕਰੀ ਨਾਲ ਸਾਂਝੀ ਕਰ ਸਕੇ, ਕਿਸੇ ਨੂੰ ਸਮਝਾ ਸਕੇ ਤੇ ਖ਼ੁਦ ਵੀ ਸਮਝ ਸਕੇ। ਇਸੇ ਨੂੰ ਰਾਸ਼ਟਰ ਭਾਸ਼ਾ ਕਹਿੰਦੇ ਹਨ।
ਬਚਪਨ ਤੋਂ ਜੁੜਿਆ ਹਾਂ ਪੰਜਾਬ ਨਾਲ
'ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ' ਗੀਤ ਲਿਖਣ ਤੇ ਗਾਉਣ ਵਾਲਾ ਆਪਣੀ ਰਾਸ਼ਟਰ ਭਾਸ਼ਾ ਲਈ ਗਲ਼ਤ ਬੋਲ ਸਕਦਾ? ਇਕ ਗੀਤ ਮੈਂ ਉਦੋਂ ਲਿਖਿਆ ਸੀ, ਜਦੋਂ ਪੰਜਾਬ 'ਚ ਟਿੱਢੀ ਦਲ ਆਇਆ ਸੀ। ਇਸ ਘਟਨਾ ਤੋਂ ਪ੍ਰੇਰਿਤ ਹੋ ਕੇ ਮੈਂ ਗੀਤ ਲਿਖਿਆ ਸੀ 'ਪੀਪਾ ਚੁੱਕ ਕੇ ਤੁਰੀ ਕਿਸਾਨਾਂ, ਨਰਮੇ ਨੂੰ ਖਾ ਗਈ ਆਣ ਵੇ'। ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਕਿੱਥੇ ਭੁਲਿਆ। ਅੱਜ ਮੇਰੇ ਨਾਲ ਕਿਸਾਨਾਂ ਨਾਲ ਜੁੜੇ ਹੋਣ ਦੇ ਬਾਵਜੂਦ ਮੇਰੇ 'ਤੇ ਸ਼ੱਕ ਕੀਤਾ ਜਾ ਰਿਹਾ ਹੈ। ਮੇਰੇ ਨਾਂ ਨੂੰ ਲੈ ਕੇ ਹਾਲੇ ਤੱਕ ਵੀ ਹਾਏ ਤੌਬਾ ਮਚੀ ਹੋਈ ਹੈ।
ਮੈਂ ਦਿਲੋਂ ਕਿਸਾਨਾਂ ਨਾਲ ਜੁੜਿਆ ਹੋਇਆ ਹਾਂ
ਬੇਸ਼ੱਕ ਮੈਂ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਰਗਰਮ ਨਹੀਂ ਹਾਂ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਕਿਸਾਨਾਂ ਨਾਲ ਨਹੀਂ ਜੁੜਿਆ ਹਾਂ। ਸਾਰੀਆਂ ਦੁਨੀਆਂ ਨੂੰ ਅੰਨ ਦੇਣ ਵਾਲਾ ਅੰਨਦਾਤਾ ਅੱਜ ਦਿਨ-ਰਾਤ ਬਗਾਨੀਆਂ ਜੂਹਾਂ 'ਚੋਂ ਲੰਘਦਾ ਹੋਇਆ, ਧੱਕੇ ਖਾ ਕੇ ਦਿੱਲੀ ਦੇ ਜੰਤਰ-ਮੰਤਰ 'ਚ ਪਹੁੰਚੇ ਤਾਂਕਿ ਆਪਣੀ ਗੱਲ ਕੇਂਦਰ ਸਰਕਾਰ ਤੱਕ ਪਹੁੰਚਾ ਸਕੇ।
ਕੇਂਦਰ ਸਰਕਾਰ ਨੂੰ ਕੀਤੀ ਖ਼ਾਸ ਅਪੀਲ
ਗੁਰਦਾਸ ਮਾਨ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ, 'ਜਿਹੜੇ ਕਿਸਾਨ ਆਪਣੇ ਘਰ-ਬਾਰ ਨੂੰ ਛੱਡ, ਪਰਿਵਾਰ ਅਤੇ ਬੱਚਿਆਂ ਵਾਂਗੂ ਪਾਲੀਆਂ ਫ਼ਸਲਾਂ ਨੂੰ ਛੱਡ ਕੇ ਦਿੱਲੀ ਦੀਆਂ ਸੜਕਾਂ 'ਤੇ ਪਹੁੰਚੇ ਕਿਸਾਨਾਂ ਦੇ ਮੁੱਦਿਆਂ 'ਤੇ ਗੌਰ ਕੀਤਾ ਜਾਵੇ। ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ 'ਜੇਕਰ ਕਿਸਾਨ ਹੈ ਤਾਂ ਹਿੰਦੁਸਤਾਨ ਹੈ, ਜੇਕਰ ਜਵਾਨ ਹੈ ਤਾਂ ਭਾਰਤ ਮਹਾਨ ਹੈ। ਜੈ ਹਿੰਦ।'
ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ 'ਤੇ ਲਾਈਵ ਹੋਏ ਸਨ, ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ 'ਦੁੱਖ ਦੀ ਗੱਲ ਇਹ ਹੈ ਕਿ ਹਾਲ ਦੀ ਘੜੀ ਦੇਸ਼ ਦੇ ਅੰਨਦਾਤਾ ਯਾਨੀ ਕਿ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਲੜਾਈ ਲੜਨੀ ਪੈ ਰਹੀ ਹੈ। ਪੰਜਾਬ ਦੇ ਕਿਸਾਨ ਦਿੱਲੀ ਵਿਖੇ ਪੱਕਾ ਧਰਨਾ ਲਗਾ ਕੇ ਬੈਠੇ ਹਨ ਤੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ। ਅਜਿਹੇ ’ਚ ਕਈ ਕਲਾਕਾਰਾਂ ਨੇ ਕਿਸਾਨ ਧਰਨਿਆਂ ਦਾ ਸਮਰਥਨ ਕੀਤਾ ਤੇ ਖ਼ੁਦ ਧਰਨਿਆਂ ’ਚ ਸ਼ਮੂਲੀਅਤ ਕਰਕੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ।
ਵੱਡੀ ਖ਼ਬਰ: ਕਿਸਾਨਾਂ ਦੇ ਹੱਕ 'ਚ ਪ੍ਰਕਾਸ਼ ਸਿੰਘ ਬਾਦਲ ਨੇ 'ਪਦਮ ਵਿਭੂਸ਼ਣ' ਵਾਪਸ ਕਰਨ ਦਾ ਕੀਤਾ ਐਲਾਨ
NEXT STORY