ਪਟਿਆਲਾ (ਜੋਸਨ)-ਪੰਜਾਬੀ ਯੂਨੀਵਰਸਿਟੀ 'ਤੇ ਛਾਇਆ ਵਿੱਤੀ ਸੰਕਟ ਆਪਣਾ ਪਰਛਾਵਾਂ ਨਹੀਂ ਛੱਡ ਰਿਹਾ, ਜਿਸ ਕਾਰਨ ਕਰਮਚਾਰੀਆਂ ਦੇ ਚੁੱਲ੍ਹੇ ਠੰਡੇ ਹੁੰਦੇ ਦਿਖਾਈ ਦੇ ਰਹੇ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ ਅਜੇ ਤੱਕ ਆਪਣੇ ਕਰਮਚਾਰੀਆਂ ਦੀ ਫਰਵਰੀ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਗਈ। ਇਸ ਪਿੱਛੇ ਪੰਜਾਬ ਸਰਕਾਰ ਤੋਂ ਗ੍ਰਾਂਟ ਜਾਰੀ ਨਾ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਤਨਖਾਹਾਂ ਲਈ ਮਹੀਨਾਵਾਰ ਕਿਸ਼ਤ 7.34 ਕਰੋੜ ਮਿਲਦੀ ਹੈ, ਜੋ ਅਜੇ ਤੱਕ ਨਹੀਂ ਜਾਰੀ ਹੋਈ। ਇਸ ਕਾਰਨ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਦੀ ਐੈੱਸ. ਸੀ./ਬੀ. ਸੀ. ਕਰਮਚਾਰੀ ਫੈੱਡਰੇਸ਼ਨ ਦੀ ਇਕ ਹੰਗਾਮੀ ਮੀਟਿੰਗ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਹੇਠ ਹੋਈ। ਫੈੱਡਰੇਸ਼ਨ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੰਜਾਬੀ ਯੂਨੀਵਰਸਿਟੀ ਨੂੰ ਮਿਲਦੀ ਗ੍ਰਾਂਟ ਨੂੰ ਫੌਰੀ ਰਿਲੀਜ਼ ਕਰਨ ਦੀ ਮੰਗ ਰੱਖੀ ਗਈ ਹੈ। ਡਾ. ਮੱਟੂ ਨੇ ਕਿਹਾ ਕਿ ਵਿੱਤੀ ਸੰਕਟ ਖਤਮ ਕਰਨ ਲਈ ਮੁੱਖ ਮੰਤਰੀ ਨੂੰ ਤਰਜੀਹ ਦੇਣੀ ਬਣਦੀ ਹੈ ਕਿਉਂਕਿ ਇਹ ਪੰਜਾਬੀ ਯੂਨੀਵਰਸਿਟੀ ਉਨ੍ਹਾਂ ਦੇ ਆਪਣੇ ਸ਼ਹਿਰ ਪਟਿਆਲਾ ਵਿਚ ਹੈ, ਜਿੱਥੇ ਪੰਜਾਬ ਦੇ ਵੱਡੀ ਗਿਣਤੀ ਵਿਚ ਵਿਦਿਆਰਥੀ ਉੱਚ ਵਿੱਦਿਆ ਹਾਸਲ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਪਹਿਲਾਂ ਤਨਖਾਹਾਂ ਬਿਲਕੁੱਲ ਸਮੇਂ 'ਤੇ ਮਿਲ ਜਾਂਦੀਆਂ ਸਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਤਨਖਾਹ ਮਹੀਨੇ ਦੇ ਪਹਿਲੇ ਹਫਤੇ ਮਿਲਣ ਦੀ ਬਜਾਏ ਅੱਗੇ ਤੋਂ ਅੱਗੇ ਹੁੰਦੀ ਜਾ ਰਹੀ ਹੈ। ਅੱਜ ਹਰ ਕਰਮਚਾਰੀ ਦੇ ਪਰਿਵਾਰ ਦੇ ਖਰਚੇ ਫਿਕਸ ਹਨ, ਤਨਖਾਹ ਨਾ ਮਿਲਣ ਕਾਰਨ ਕਰਮਚਾਰੀਆਂ ਨੂੰ ਕਿਸੇ ਨੇ ਰਾਸ਼ਨ ਤੱਕ ਨਹੀਂ ਦੇਣਾ, ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ ਸਹੀ ਸਮੇਂ 'ਤੇ ਨਹੀਂ ਭਰੀਆਂ ਜਾਣੀਆਂ, ਜਿਸ ਕਾਰਨ ਕਰਮਚਾਰੀ ਸਮਾਜਕ ਦੁਰਦਸ਼ਾ ਦੇ ਨਾਲ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋਣਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਨਾਂ ਦੇਰੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਚੋਂ ਕੱਢਿਆ ਜਾਵੇ ਅਤੇ ਬਣਦੀ ਗ੍ਰਾਂਟ ਰਿਲੀਜ਼ ਕੀਤੀ ਜਾਵੇ ਤਾਂ ਜੋ ਕਰਮਚਾਰੀਆਂ ਨੂੰ ਜਲਦ ਤੋਂ ਜਲਦ ਤਨਖਾਹਾਂ ਮਿਲ ਸਕਣ।
ਇਸ ਮੌਕੇ ਡਿਪਟੀ ਰਜਿਸਟਰਾਰ ਕੇਸਰ ਸਿੰਘ ਗਿੱਲ, ਡਿਪਟੀ ਲਾਇਬ੍ਰੇਰੀਅਨ ਡਾ. ਗਿਆਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ।
'ਪੋਲ ਖੋਲ੍ਹੋ' ਰੈਲੀ 'ਚ ਆਈ. ਜੀ. ਛੀਨਾ 'ਤੇ ਖੂਬ ਵਰ੍ਹੇ ਸੁਖਬੀਰ ਬਾਦਲ
NEXT STORY