ਪਟਿਆਲਾ (ਰਾਜੇਸ਼)-ਪੰਜਾਬੀ ਯੂਨੀਵਰਸਿਟੀ ਵਿਚ ਪਿਛਲੇ ਸਮੇਂ ਦੌਰਾਨ ਘਪਲਿਆਂ ਨੂੰ ਲੈ ਕੇ ਜਾਂਚ ਚੱਲ ਰਹੀ ਹੈ। ਇਸ ਵਿਚ ਇਕ ਨਵੀਂ ਗੜਬੜੀ ਕੈਂਪਸ ਲਈ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਖਰੀਦਦਾਰੀ ਵਿਚ ਸਾਹਮਣੇ ਆਈ ਹੈ। ਯੂਨੀਵਰਸਿਟੀ ਅਥਾਰਟੀ ਨਿਯਮਾਂ ਦੇ ਉਲਟ ਜਾ ਕੇ ਅੱਗ ਬੁਝਾਉਣ ਵਾਲੇ ਯੰਤਰ ਖਰੀਦੇ ਤੇ ਲੱਖਾਂ ਰੁਪਏ ਵਿਚ ਇਨ੍ਹਾਂ ਦੀ ਖਰੀਦਦਾਰੀ ਹੋਈ ਹੈ। ਨਾ ਤਾਂ ਈ-ਟੈਂਡਰਿੰਗ ਹੋਈ ਤੇ ਜਿਸ ਕੰਪਨੀ ਤੋਂ ਇਹ ਯੰਤਰ ਖਰੀਦੇ ਗਏ ਹਨ, ਉਸਦੀ ਜ਼ਮੀਨੀ ਪੱਧਰ 'ਤੇ ਕੋਈ ਹੋਂਦ ਹੀ ਨਹੀਂ ਹੈ। ਯਾਨੀ ਇਕ ਲੋਕਲ ਪੱਧਰ ਦੀ ਫਰਮ ਜੋ ਕਿ ਜਾਂਚ ਵਿਚ ਆਥੋਰਾਈਜ਼ਡ ਡੀਲਰ ਹੀ ਨਹੀਂ ਹੈ। ਇਹ ਸਾਰੀ ਜਾਣਕਾਰੀ ਉਦੋਂ ਮਿਲੀ ਜਦੋਂ ਜਾਂਚ ਕਮੇਟੀ ਮੈਂਬਰਾਂ ਨੇ ਕੋਟੇਸ਼ਨ ਵਿਚ ਦਿੱਤੇ ਪਤੇ 'ਤੇ ਜਾਂਚ ਕੀਤੀ। ਯੂਨੀਵਰਸਿਟੀ ਨੇ 3 ਸਾਲਾਂ ਦੌਰਾਨ ਇਹ ਯੰਤਰ 58.4 ਲੱਖ ਤੇ ਸਮੋਕ ਡਿਟੈਕਸ਼ਨ ਅਲਾਰਮ ਸਿਸਟਮ 21.4 ਲੱਖ ਰੁਪਏ ਵਿਚ ਖਰੀਦੇ।
ਵਰਨਣਯੋਗ ਹੈ ਕਿ ਇਕ ਪਾਸੇ ਤਾਂ ਯੂਨੀਵਰਸਿਟੀ ਕੋਲ ਸੈਲਰੀ ਤੇ ਪੈਨਸ਼ਨ ਦੇਣ ਲਈ ਫੰਡ ਨਹੀਂ ਹੈ। ਦੂਜੇ ਪਾਸੇ ਉਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਹੋ ਰਹੀ ਹੈ, ਜਿਨ੍ਹਾਂ ਦੀ ਲੋੜ ਵੀ ਨਹੀਂ ਸੀ। ਜਾਂਚ ਵਿਚ ਦੇਖਿਆ ਗਿਆ ਹੈ ਕਿ ਅੱਗ ਬੁਝਾਉਣ ਵਾਲੇ ਯੰਤਰ ਕਈ ਥਾਵਾਂ 'ਤੇ ਪਹਿਲਾਂ ਤੋਂ ਹੀ ਲੱਗੇ ਹਨ, ਫਿਰ ਨਵੇਂ ਕਿਉਂ ਖਰੀਦੇ ਗਏ। ਇਸ ਵਿਚ ਸਾਇੰਸ ਆਡੀਟੋਰੀਅਮ ਤੇ ਸੀਨੇਟ ਹਾਲ ਵਿਚ ਪਹਿਲਾਂ ਤੋਂ ਇਹ ਯੰਤਰ ਲੱਗੇ ਹੋਏ ਹਨ।
ਜਾਂਚ ਰਿਪੋਰਟ 'ਚ ਸਾਹਮਣੇ ਆਇਆ ਘਪਲਾ
ਅਪ੍ਰੈਲ 2014 ਤੋਂ ਅਕਤੂਬਰ 2016 ਦੌਰਾਨ ਇਕ ਜਾਂਚ ਰਿਪੋਰਟ ਵਿਚ ਸਾਹਮਣੇ ਆਇਆ ਕਿ ਇਹ ਘਪਲਾ 3 ਸਾਲ ਤੋਂ ਹੋ ਰਿਹਾ ਹੈ। ਇਹ ਜਾਂਚ ਇਕ ਸੀਨੀਅਰ ਪ੍ਰੋਫੈਸਰ ਪੁਸ਼ਪਿੰਦਰ ਸਿੰਘ ਗਿੱਲ ਦੀ ਸ਼ਿਕਾਇਤ 'ਤੇ ਉਦੋਂ ਦੇ ਆਫੀਸ਼ੀਏਟਿੰਗ ਵਾਈਸ ਚਾਂਸਲਰ ਅਨੁਰਾਗ ਵਰਮਾ ਦੇ ਨਿਰਦੇਸ਼ਾਂ 'ਤੇ ਹੋਈ। ਯੂਨੀਵਰਸਿਟੀ ਨੇ 550 ਯੰਤਰ ਖਰੀਦੇ ਜੋ ਕਿ ਅਲੱਗ-ਅਲੱਗ ਵਿਭਾਗਾਂ ਤੇ ਆਡੀਟੋਰੀਅਮ ਲਈ ਖਰੀਦੇ ਗਏ। ਜਾਂਚ ਕਮੇਟੀ ਨੇ ਪੰਜਾਬ ਕਾਮਨ ਸ਼ੈਡਿਊਲ ਦੀਆਂ ਕੀਮਤਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਹੈ, ਉਥੇ ਰਿਪੋਰਟ ਅਨੁਸਾਰ ਇਹ ਬਿੱਲ ਬਿਨਾਂ ਕਿਸੇ ਕਰਾਸ ਚੈਕਿੰਗ ਦੇ ਪਾਸ ਵੀ ਕਰ ਦਿੱਤੇ ਗਏ।
ਦੋ ਲੱਖ ਤੋਂ ਜ਼ਿਆਦਾ ਦੀ ਖਰੀਦ 'ਤੇ ਈ-ਟੈਂਡਰਿੰਗ ਜ਼ਰੂਰੀ
ਯੂਨੀਵਰਸਿਟੀ ਨੇ ਇਸ ਖਰੀਦਦਾਰੀ ਵਿਚ ਈ-ਟੈਂਡਰਿੰਗ ਪ੍ਰਕਿਰਿਆ ਨੂੰ ਵੀ ਫਾਲੋ ਨਹੀਂ ਕੀਤਾ ਜਦਕਿ ਸੂਬਾ ਸਰਕਾਰ ਦੇ ਨਿਯਮਾਂ ਅਨੁਸਾਰ ਜੇਕਰ 2 ਲੱਖ ਰੁਪਏ ਦੀ ਖਰੀਦਦਾਰੀ ਹੁੰਦੀ ਹੈ ਤਾਂ ਉਸ ਲਈ ਪ੍ਰਕਿਰਿਆ ਨੂੰ ਫਾਲੋ ਕੀਤਾ ਜਾਣਾ ਚਾਹੀਦਾ ਹੈ। ਇਥੇ ਤਾਂ 58.4 ਲੱਖ ਰੁਪਏ ਦੀ ਖਰੀਦਦਾਰੀ ਬਿਨਾਂ ਕਿਸੇ ਟੈਂਡਰ ਦੇ ਹੋਈ। ਉਦਾਹਰਨ ਵਜੋਂ 4 ਕਿਲੋ ਦਾ ਅੱਗ ਬੁਝਾਉਣ ਵਾਲਾ ਯੰਤਰ 8,229 ਰੁਪਏ ਵਿਚ ਖਰੀਦਿਆ ਗਿਆ ਹੈ, ਜਦਕਿ ਪੰਜਾਬ ਕਾਮਨ ਸ਼ੈਡਿਊਲ ਤਹਿਤ ਇਸ ਦੀ ਕੀਮਤ 2,415 ਰੁਪਏ ਹੈ। ਪ੍ਰਚੇਜ਼ ਕਮੇਟੀ ਵਿਚ ਫਾਇਰ ਇੰਚਾਰਜ, ਫਾਇਨਾਂਸ ਅਫਸਰ ਤੇ ਰਜਿਸਟਰਾਰ ਦੇ ਦਫ਼ਤਰ ਦਾ ਇਕ ਪ੍ਰਤੀਨਿਧ ਸ਼ਾਮਲ ਸੀ।
ਮੇਰੇ ਦਫ਼ਤਰ ਤੋਂ ਸੀਲ ਜਾਂਚ ਰਿਪੋਰਟ ਭੇਜ ਦਿੱਤੀ ਗਈ : ਰਜਿਸਟਰਾਰ
ਇਸ ਨੂੰ ਲੈ ਕੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ ਨੇ ਕਿਹਾ ਕਿ ਮੇਰੇ ਦਫ਼ਤਰ ਤੋਂ ਇਸ ਮਾਮਲੇ ਨੂੰ ਲੈ ਕੇ ਸੀਲ ਜਾਂਚ ਰਿਪੋਰਟ ਵਾਈਸ ਚਾਂਸਲਰ ਦਫ਼ਤਰ ਭਿਜਵਾ ਦਿੱਤੀ ਗਈ ਹੈ।
ਠੇਕਾ ਐਕਸ਼ਨ ਕਮੇਟੀ ਦੇ ਮੁਲਾਜ਼ਮਾਂ ਨੇ ਕੀਤੀ ਨਾਅਰੇਬਾਜ਼ੀ
NEXT STORY