ਇੰਟਰਨੈਸ਼ਨਲ ਡੈਸਕ- ਸਰਕਾਰ ਵਿਰੋਧੀ ਪ੍ਰਦਰਸ਼ਨਾਂ ਕਾਰਨ ਕੇ.ਪੀ. ਸ਼ਰਮਾ ਓਲੀ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਕ ਦਿਨ ਬਾਅਦ ਨੇਪਾਲ ਦੀ ਫੌਜ ਨੇ ਬੁੱਧਵਾਰ ਨੂੰ ਰੋਸ-ਪ੍ਰਦਰਸ਼ਨਾਂ ਦੀ ਆੜ ’ਚ ਸੰਭਾਵਿਤ ਹਿੰਸਾ ਨੂੰ ਰੋਕਣ ਲਈ ਦੇਸ਼ਵਿਆਪੀ ਮਨਾਹੀ ਦੇ ਹੁਕਮ ਜਾਰੀ ਕਰਨ ਦੇ ਨਾਲ ਹੀ ਕਰਫਿਊ ਲਗਾ ਦਿੱਤਾ ਹੈ।
ਦੇਸ਼ ਭਰ ਵਿਚ ਅੱਗਜ਼ਨੀ ਅਤੇ ਭੰਨਤੋੜ ਦੀਆਂ ਘਟਨਾਵਾਂ ਤੋਂ ਬਾਅਦ ਮੰਗਲਵਾਰ ਰਾਤ ਤੋਂ ਸੁਰੱਖਿਆ ਕਾਰਵਾਈਆਂ ਦੀ ਕਮਾਨ ਸੰਭਾਲਣ ਵਾਲੀ ਫੌਜ ਨੇ ਕਿਹਾ ਕਿ ਦੇਸ਼ ਭਰ ਵਿਚ ਕਰਫਿਊ ਲਾਗੂ ਰਹੇਗਾ। ਫੌਜ ਨੇ ਸੜਕਾਂ ’ਤੇ ਪਹਿਰਾ ਦਿੱਤਾ ਅਤੇ ਲੋਕਾਂ ਨੂੰ ਘਰ ਰਹਿਣ ਦਾ ਹੁਕਮ ਦਿੱਤਾ, ਜਿਸ ਕਾਰਨ ਰਾਜਧਾਨੀ ਕਾਠਮੰਡੂ ਵਿਚ ਸੰਨਾਟਾ ਛਾ ਗਿਆ।
ਇਕ ਦਿਨ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ, ਰਾਸ਼ਟਰਪਤੀ ਦਫ਼ਤਰ, ਪ੍ਰਧਾਨ ਮੰਤਰੀ ਨਿਵਾਸ, ਸਰਕਾਰੀ ਇਮਾਰਤਾਂ, ਸੁਪਰੀਮ ਕੋਰਟ, ਸਿਆਸੀ ਪਾਰਟੀਆਂ ਦੇ ਦਫ਼ਤਰਾਂ ਅਤੇ ਸੀਨੀਅਰ ਨੇਤਾਵਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਸੀ। ਫੌਜ ਨੇ ਕਿਹਾ ਕਿ ਇਹ ਕਦਮ ‘ਪ੍ਰਦਰਸ਼ਨਾਂ ਦੀ ਆੜ ਵਿਚ’ ਲੁੱਟ-ਖੋਹ, ਅੱਗਜ਼ਨੀ ਅਤੇ ਹੋਰ ਵਿਨਾਸ਼ਕਾਰੀ ਗਤੀਵਿਧੀਆਂ ਦੀਆਂ ਸੰਭਾਵਿਤ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਹਨ।
ਇਹ ਵੀ ਪੜ੍ਹੋ- ਦੰਗਿਆਂ ਵਿਚਾਲੇ ਨੇਪਾਲ 'ਚ ਫਸ ਗਈ ਭਾਰਤੀ ਖਿਡਾਰਨ ! ਰੋ-ਰੋ ਦੱਸੀ ਹੱਡਬੀਤੀ, ਮੰਜ਼ਰ ਦੇਖ ਤੁਹਾਡੀ ਵੀ ਕੰਬ ਜਾਏਗੀ ਰੂਹ
ਇਸ ਦੌਰਾਨ ਨੇਪਾਲ ’ਚ ਅੰਤ੍ਰਿਮ ਸਰਕਾਰ ਬਣਾਉਣ ਦੀ ਚਰਚਾ ਤੇਜ਼ ਹੋ ਗਈ ਹੈ। ਕਾਠਮੰਡੂ ਦੇ ਮੇਅਰ ਬਾਲੇਨ ਸ਼ਾਹ ਅਤੇ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਅਗਲਾ ਪ੍ਰਧਾਨ ਮੰਤਰੀ ਬਣਨ ਦੀ ਦੌੜ ’ਚ ਸ਼ਾਮਲ ਹਨ। ਹਾਲਾਂਕਿ ਸੁਸ਼ੀਲਾ ਨੂੰ ਲੋਕਾਂ ਦਾ ਸਮਰਥਨ ਮਿਲਿਆ ਹੈ। ਉਥੇ ਹੀ ਜੈਨ-ਜ਼ੈੱਡ. ਨੇ ਅੱਜ ਦੇਸ਼ ਵਿਚ ਇਕ ਆਨਲਾਈਨ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਨੇ ਨੇਪਾਲ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਮੰਗ ਕੀਤੀ।
ਇਸ ਦੇ ਨਾਲ ਹੀ ਪੱਛਮੀ ਨੇਪਾਲ ਦੀ ਇਕ ਜੇਲ ਵਿਚ ਸੁਰੱਖਿਆ ਕਰਮਚਾਰੀਆਂ ਨਾਲ ਝੜਪ ਵਿਚ ਘੱਟੋ-ਘੱਟ 5 ਨਾਬਾਲਗ ਕੈਦੀਆਂ ਦੀ ਮੌਤ ਹੋ ਗਈ, ਜਦੋਂ ਕਿ ਹਿੰਸਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਦੇਸ਼ ਭਰ ਦੀਆਂ ਵੱਖ-ਵੱਖ ਜੇਲਾਂ ’ਚੋਂ 13,500 ਤੋਂ ਵੱਧ ਕੈਦੀ ਫਰਾਰ ਹੋ ਗਏ।
ਨੇਪਾਲ ਦੇ ਸਿਹਤ ਮੰਤਰਾਲੇ ਅਨੁਸਾਰ ਦੇਸ਼ ਭਰ ਵਿਚ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1033 ਲੋਕ ਜ਼ਖਮੀ ਹੋਏ ਹਨ। ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ‘ਪ੍ਰਚੰਡ’ ਦੀ ਧੀ ਗੰਗਾ ਦਹਲ ਦੇ ਸੜੇ ਹੋਏ ਘਰ ਵਿਚੋਂ ਇਕ ਲਾਸ਼ ਬਰਾਮਦ ਹੋਈ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਨਟੋਨੀਓ ਗੁਤਾਰੇਸ ਨੇ ਨੇਪਾਲ ’ਚ ਜਾਰੀ ਇਸ ਘਟਨਾਕ੍ਰਮ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਹਿੰਸਾ ’ਚ ਲੋਕਾਂ ਦੇ ਮਾਰੇ ਜਾਣ ਕਾਰਨ ਬਹੁਤ ਦੁਖੀ ਹਨ। ਭਾਰਤ ਵਿਚ ਵੀ ਨੇਪਾਲ ਨਾਲ ਲੱਗਦੀਆਂ ਸਰਹੱਦਾਂ ’ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਲੀਫੋਰਨੀਆ 'ਚ ਰਹਿਣ ਵਾਲੇ ਪੰਜਾਬੀ ਨੇ ਡਰੱਗ ਤਸਕਰੀ ਦੇ ਦੋਸ਼ ਕੀਤੇ ਕਬੂਲ
NEXT STORY